DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Special Intensive Revision: ਬਿਨਾਂ ਸਹਿਮਤੀ ਵਾਲੇ ਫ਼ੈਸਲੇ ਰੱਦ ਕਰਾਂਗੇ: ਸੁਪਰੀਮ ਕੋਰਟ

ਚੋਣ ਕਮਿਸ਼ਨ ਤੇ ਕੇਂਦਰ ਨੂੰ ਨੋਟਿਸ ਜਾਰੀ; ਮੁੱਖ ਚੋਣ ਕਮਿਸ਼ਨਰ ਨੂੰ ਅਗਲੇ ਫ਼ੈਸਲੇ ਲੈਣ ਤੋਂ ਰੋਕਣ ਲਈ ਅੰਤਰਿਮ ਹੁਕਮ ਪਾਸ ਕਰਨ ਤੋਂ ਨਾਂਹ; ਸੀ ਈ ਸੀ ਨੂੰ ਕਾਨੂੰਨ ‘ਛੋਟ’ ਦੀ ਪੜਚੋਲ ਲਈ ਹਾਮੀ ਭਰੀ; ਚੋਣ ਕਮਿਸ਼ਨ ਨੂੰ ਫਾਰਮ 6 ’ਚ ਫੇਰਬਦਲ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ

  • fb
  • twitter
  • whatsapp
  • whatsapp
featured-img featured-img
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਵੀਂ ਦਿੱਲੀ ਵਿੱਚ ਪ੍ਰਦਰਸ਼ਨ ਕਰਦੇ ਹੋਏ ਐੱਨ ਐੱਸ ਯੂ ਆਈ ਦੇ ਸਮਰਥਕ। -ਫੋਟੋ: ਏਐੱਨਆਈ
Advertisement
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦੋ ਚੋਣ ਕਮਿਸ਼ਨਰਾਂ (ਈ ਸੀ’ਜ਼) ਦੀ ਸਹਿਮਤੀ ਤੋਂ ਬਗੈਰ ਚੋਣ ਕਮਿਸ਼ਨ ਵੱਲੋਂ ਕਥਿਤ ਕਈ ਫੈਸਲੇ ਲੈਣ ਦਾ ਦਾਅਵਾ ਕਰਦੀਆਂ ਪਟੀਸ਼ਨਾਂ ’ਤੇ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ। ਸਿਖਰਲੀ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਉਹ ਕਾਨੂੰਨ ਤੋਂ ਬਾਹਰ ਜਾ ਕੇ ਜਾਂ ਸਹਿਮਤੀ ਤੋਂ ਬਗ਼ੈਰ ਲਏ ਫੈਸਲਿਆਂ ਨੂੰ ਰੱਦ ਕਰੇਗੀ। ਕੋਰਟ ਨੇ ਹਾਲਾਂਕਿ ਪਟੀਸ਼ਨ ਦੇ ਨਿਬੇੜੇ ਤੱਕ ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਨੂੰ ਕੋਈ ਵੀ ਫੈਸਲਾ ਲੈਣ ਤੋਂ ਰੋਕਣ ਸਬੰਧੀ ਅੰਤਰਿਮ ਹੁਕਮ ਪਾਸ ਕਰਨ ਤੋਂ ਨਾਂਹ ਕਰ ਦਿੱਤੀ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਏਮਾਲਿਆ ਬਾਗਚੀ ਤੇ ਜਸਟਿਸ ਵੀ ਮੋਹਨਾ ਉੱਤੇ ਆਧਾਰਿਤ ਬੈਂਚ ਨੇ ਕਿਹਾ ਕਿ ਉਹ ਕਾਨੂੰਨ ਵਿੱਚ ਮੌਜੂਦ ਉਸ ‘ਛੋਟ’ ਵਾਲੀ ਧਾਰਾ ਦੀ ਪੜਚੋਲ ਕਰ ਸਕਦੀ ਹੈ, ਜੋ ਮੁੱਖ ਚੋਣ ਕਮਿਸ਼ਨਰ ਨੂੰ ਅਹੁਦਾ ਛੱਡਣ ਤੋਂ ਬਾਅਦ ਵੀ ਸੁਰੱਖਿਆ ਪ੍ਰਦਾਨ ਕਰਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੇ ਵੱਖ ਵੱਖ ਰਾਜਾਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦੌਰਾਨ ਚੋਣ ਕਮਿਸ਼ਨ ਵੱਲੋਂ ਵਰਤੇ ਜਾਂਦੇ ਫਾਰਮ 6 ਵਿੱਚ ਕਿਸੇ ਵੀ ਤਰ੍ਹਾਂ ਦੇ ਫੇਰਬਦਲ ਦੀ ਮਨਜ਼ੂਰੀ ਨਹੀਂ ਦਿੱਤੀ।

ਬੈਂਚ ਨੇ ਕਿਹਾ, ‘‘ਅਸੀਂ ਸਾਰੇ ਫੈਸਲਿਆਂ ਦੀ ਘੋਖ ਕਰਾਂਗੇ। ਜੇ ਕੋਈ ਫੈਸਲਾ ਕਾਨੂੰਨ ਮੁਤਾਬਕ ਨਾ ਹੋਇਆ, ਤਾਂ ਅਸੀਂ ਇਸ ਨੂੰ ਰੱਦ ਕਰਾਂਗੇ। ਤੁਸੀਂ ਅਦਾਲਤ ਦੀ ਤਾਕਤ ਨੂੰ ਜਾਣਦੇ ਹੋ।’’ ਬੈਂਚ ਨੇ ਕਿਹਾ ਕਿ ਸੀ ਈ ਸੀ ਨੂੰ ਮਿਲੀ ਛੋਟ ਤਾਂ ਜੱਜਾਂ ਕੋਲ ਵੀ ਨਹੀਂ ਹੈ। ਪਟੀਸ਼ਨਰ ਰਾਕੇਸ਼ ਕੁਮਾਰ ਸਿੰਘ ਵੱਲੋਂ ਪੇਸ਼ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕੁਮਾਰ ਨੂੰ ਕੋਈ ਅਗਲਾ ਫੈਸਲਾ ਲੈਣ ਤੋਂ ਰੋਕਣ ਲਈ ਅੰਤਰਿਮ ਹੁਕਮਾਂ ਦੀ ਮੰਗ ਕੀਤੀ। ਸਿੰਘ ਨੇ ਇਹ ਕਹਿੰਦਿਆਂ ਸੀ ਈ ਸੀ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਕਿ ਦੇਸ਼ ਦਾ ਹਰੇਕ ਨਾਗਰਿਕ ਵੋਟਿੰਗ ਅਧਿਕਾਰਾਂ ਦੇ ਹਵਾਲੇ ਨਾਲ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਬੈਂਚ ਨੇ ਐਡਵੋਕੇਟ ਸ਼ੈਲੇਂਦਰ ਮਨੀ ਤ੍ਰਿਪਾਠੀ ਵੱਲੋਂ ਦਾਇਰ ਸਬੰਧਤ ਪਟੀਸ਼ਨ ਉੱਤੇ ਵੀ ਨੋਟਿਸ ਜਾਰੀ ਕੀਤਾ ਤੇ ਇਸ ਨੂੰ ਸਿੰਘ ਦੀ ਪਟੀਸ਼ਨ ਨਾਲ ਜੋੜ ਦਿੱਤਾ।

Advertisement

ਬੈਂਚ ਨੇ ਕਿਹਾ ਕਿ ਜੇ ਸੀ ਈ ਸੀ ਨੂੰ ਮੁਅੱਤਲ ਕੀਤਾ ਤਾਂ ਚੋਣ ਕਮਿਸ਼ਨ ਦਾ ਕੰਮਕਾਰ ਰੁਕ ਜਾਵੇਗਾ। ਬੈਂਚ ਨੇ ਕਿਹਾ, ‘‘ਚੋਣਾਂ ਕੌਣ ਕਰਵਾਏਗਾ?’’ ਉਂਝ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸੰਵਿਧਾਨਕ ਹੁਕਮਾਂ ਮੁਤਾਬਕ ਕੰਮ ਕਰਨਾ ਪੈਂਦਾ ਹੈ। ਸਿੰਘ ਨੇ ਜਦੋਂ ਦਲੀਲ ਦਿੱਤੀ ਕਿ ਦੋ ਚੋਣ ਕਮਿਸ਼ਨਰ ਕੰਮਕਾਰ ਚਲਾ ਸਕਦੇ ਹਨ ਤਾਂ ਬੈਂਚ ਨੇ ਕਿਹਾ ਕਿ ਕੋਈ ਵੀ ਹੁਕਮ ਪਾਸ ਕਰਨ ਤੋਂ ਪਹਿਲਾਂ ਉਸ ਨੂੰ ਸਬੰਧਤ ਵਿਅਕਤੀਆਂ ਦਾ ਪੱਖ ਜਾਣਨਾ ਹੋਵੇਗਾ।

Advertisement

ਸਿੰਘ ਨੇ ਬੇਨਤੀ ਕੀਤੀ ਕਿ ਅਦਾਲਤ ਨੂੰ ਇਹ ਹੁਕਮ ਦੇਣਾ ਚਾਹੀਦਾ ਹੈ ਕਿ ਚੋਣ ਕਮਿਸ਼ਨ ਸਿਰਫ਼ ਸਰਬਸੰਮਤੀ ਨਾਲ ਜਾਂ ਬਹੁਮਤ ਨਾਲ ਹੀ ਫੈਸਲੇ ਲਵੇ। ਇਸ ਉੱਤੇ ਸੀ ਜੇ ਆਈ ਨੇ ਕਿਹਾ, ‘‘ਇਸ ਲਈ ਲਾਜ਼ਮੀ ਕਾਨੂੰਨ ਮੌਜੂਦ ਹੈ ਤੇ ਅਸੀਂ ਉਨ੍ਹਾਂ ਤੋਂ ਇਸ ਦੀ ਪਾਲਣਾ ਦੀ ਉਮੀਦ ਕਰਦੇ ਹਾਂ। ਜੇ ਕੋਈ ਉਲੰਘਣਾ ਹੋਈ, ਅਸੀਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਸਕਦੇ ਹਾਂ। ਜੇ ਕੋਈ ਫੈਸਲਾ ਕਾਨੂੰਨ ਤੋਂ ਬਾਹਰ ਜਾ ਕੇ ਲਿਆ ਜਾਂ ਸਰਬਸੰਮਤੀ ਨਾ ਹੋਈ, ਤਾਂ ਇਹ ਕੋਰਟ ਉਨ੍ਹਾਂ ਫੈਸਲਿਆਂ ਨੂੰ ਰੱਦ ਕਰ ਸਕਦੀ ਹੈ।’’ ਜਸਟਿਸ ਬਾਗਚੀ ਨੇ ਕਿਹਾ ਕਿ ਕੋਰਟ ਦੂਜੀ ਧਿਰ ਦਾ ਪੱਖ ਸੁਣੇ ਬਗੈਰ ਐਕਸ ਪਾਰਟੀ ਹੁਕਮ ਨਹੀਂ ਸੁਣਾ ਸਕਦੀ।

ਸਿੰਘ ਨੇ ਦਾਅਵਾ ਕੀਤਾ ਕਿ ਇਕ ਰੋਜ਼ਨਾਮਚੇ ਦੀ ਰਿਪੋਰਟ ਮਗਰੋਂ ਉੱਠੇ ਵਿਵਾਦ ਤੋਂ ਬਾਅਦ ਚੋਣ ਕਮਿਸ਼ਨ ਨੇ ਪ੍ਰੈੱਸ ਰਿਲੀਜ਼ ਜਾਰੀ ਕੀਤੀ ਸੀ, ਜਿਸ ਤੋਂ ਇਹ ਪ੍ਰਭਾਵ ਜਾਂਦਾ ਸੀ ਕਿ ਮਜ਼ਮੂਨ ’ਚ ਲਾਏ ਦੋਸ਼ ਸਹੀ ਹਨ। ਚੀਫ ਜਸਟਿਸ ਕਾਂਤ ਨੇ ਕਿਹਾ ਕਿ ਉਹ ਮਹਿਜ਼ ਅਖ਼ਬਾਰ ਦੀ ਰਿਪੋਰਟ ਦੇ ਆਧਾਰ ਉੱਤੇ ਕੋਈ ਹੁਕਮ ਨਹੀਂ ਦੇ ਸਕਦੇ।

ਗਿਆਨੇਸ਼ ਤੇ ਹੋਰਾਂ ਦੀ ਜਵਾਬਦੇਹੀ ਤੈਅ ਕਰਾਂਗੇ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਗੱਲ ਵਿੱਚ ਹੁਣ ਕੋਈ ਸ਼ੱਕ ਸ਼ੁਬ੍ਹਾ ਨਹੀਂ ਕਿ ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਗਿਆਨੇਸ਼ ਕੁਮਾਰ ਨੇ ਫਾਰਮ 6 ਵਿੱਚ ‘ਗ਼ੈਰ-ਕਾਨੂੰਨੀ ਤੇ ਇਕਪਾਸੜ’ ਤਰੀਕੇ ਨਾਲ ਤਬਦੀਲੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੀ ਈ ਸੀ ਸਮੇਤ, ‘ਜਮਹੂਰੀਅਤ ਉੱਤੇ ਕੀਤੇ ਅਪਰਾਧਿਕ ਹਮਲੇ’ ਵਿੱਚ ਸ਼ਾਮਲ ਸਾਰਿਆਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇਗੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਇਹ ਟਿੱਪਣੀ ਸੁਪਰੀਮ ਕੋਰਟ ਦੇ ਉਸ ਬਿਆਨ ਮਗਰੋਂ ਆਈ ਹੈ ਜਿਸ ਵਿੱਚ ਅਦਾਲਤ ਨੇ ਕਿਹਾ ਹੈ ਕਿ ਉਸ ਨੇ ਵੱਖ-ਵੱਖ ਰਾਜਾਂ ਵਿੱਚ ਵੋਟਰ ਸੂਚੀਆਂ ਦੀ ‘ਵਿਸ਼ੇਸ਼ ਸੁਧਾਈ’ ਦੌਰਾਨ ਚੋਣ ਕਮਿਸ਼ਨ ਵੱਲੋਂ ਵਰਤੇ ਜਾ ਰਹੇ ‘ਫਾਰਮ 6’ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨੂੰ ਮਨਜ਼ੂਰੀ ਨਹੀਂ ਦਿੱਤੀ।

ਗਾਂਧੀ ਨੇ ਕਿਹਾ ਕਿ ਇਹ ਇਕ ਹੋਰ ਸਬੂਤ ਹੈ ਕਿ ਸੀ ਈ ਸੀ ਨੇ ਭਾਜਪਾ ਨੂੰ ਲਾਹਾ ਦੇਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਗਾਂਧੀ ਨੇ ਐਕਸ ’ਤੇ ਕੀਤੀ ਟਿੱਪਣੀ ਨਾਲ ਚੋਣ ਕਮਿਸ਼ਨ ਦੇ 26 ਸਤੰਬਰ ਦੇ ਬਿਆਨ ਅਤੇ 1 ਅਕਤੂਬਰ ਦੀ ਆਪਣੀ ਪੋਸਟ ਨੂੰ ਵੀ ਟੈਗ ਕੀਤਾ। ਫਾਰਮ 6 ਅਜਿਹੀ ਅਰਜ਼ੀ ਹੈ, ਜਿਸ ਰਾਹੀਂ ਕੋਈ ਯੋਗ ਵਿਅਕਤੀ ਪਹਿਲੀ ਵਾਰ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ ਲਈ ਬੇਨਤੀ ਕਰਦਾ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀਆਂ ਤਿੰਨ ਮੰਗਾਂ- ਸੀ ਈ ਸੀ ਗਿਆਨੇਸ਼ ਕੁਮਾਰ ਦਾ ਅਸਤੀਫ਼ਾ, ਐੱਸ ਆਈ ਆਰ ਨੂੰ ਰੱਦ ਕਰਨਾ ਅਤੇ ਈ ਵੀ ਐੱਮ ਦੀ ਥਾਂ ਬੈਲੇਟ ਪੇਪਰ ਰਾਹੀਂ ਚੋਣ- ਹਨ, ਤੇ ਇਨ੍ਹਾਂ ਬਾਰੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕਾਂਗਰਸੀ ਵਰਕਰ ਤੇ ‘ਇੰਡੀਆ’ ਬਲਾਕ ਦੇ ਭਾਈਵਾਲ ਇਨ੍ਹਾਂ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਹਨ।

ਇਸ ਦੌਰਾਨ ਕਾਂਗਰਸ ਪਾਰਟੀ ਨੇ ਦੋਸ਼ ਲਾਇਆ ਕਿ ਸੀ ਈ ਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ ’ਤੇ ਸੰਵਿਧਾਨ ਦੀ ਰੂਹ ਨਾਲ ‘ਧੋਖਾ’ ਕੀਤਾ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਸੀ ਈ ਸੀ ਨੇ ‘ਝੂਠ’ ਬੋਲਿਆ। ਉਨ੍ਹਾਂ ਐਕਸ ’ਤੇ ਕਿਹਾ, ‘‘ਸੀ ਈ ਸੀ ਨੇ ਖ਼ੁਦ ਫਾਰਮ 6 ਵਿੱਚ ਫੇਰਬਦਲ ਕੀਤੇ ਤਾਂ ਕਿ ਜੈੱਨ ਜ਼ੀ ਵੋਟਰਾਂ ਨੂੰ ਹਟਾਇਆ ਜਾ ਸਕੇ, ਜਿਨ੍ਹਾਂ ਤੋਂ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਡਰੇ ਹੋਏ ਹਨ।’’ ਪਾਰਟੀ ਦੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਐਕਸ ’ਤੇ ਕਿਹਾ, ‘‘ਈ ਸੀ ਆਈ ਨੇ ਇਹ ਦਾਅਵਾ ਕਰਦਿਆਂ ਵਿਵਾਦਿਤ ‘ਫਾਰਮ 6’ ਦੇ ਐਲਾਨਨਾਮੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸੁਪਰੀਮ ਕੋਰਟ ਨੇ ‘ਫਾਰਮ 6’ ਉੱਤੇ ਮੋਹਰ ਲਗਾਈ ਸੀ। ਹੁਣ ਖੁਦ ਅਦਾਲਤ ਨੇ ਇਸ ਦਾਅਵੇ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ ਹੈ ਅਤੇ ਸਾਫ਼ ਕੀਤਾ ਹੈ ਕਿ ਉਸ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਵਰਤੇ ਜਾ ਰਹੇ ਸੋਧੇ ਹੋਏ ‘ਫਾਰਮ 6’ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ।’’ ਉਨ੍ਹਾਂ ਕਿਹਾ, ‘‘ਗਿਆਨੇਸ਼ ਕੁਮਾਰ ਨੂੰ ਜਲਦੀ ਕਟਹਿਰੇ ’ਚ ਖੜ੍ਹਨਾ ਹੋਵੇਗਾ।’’ -ਪੀਟੀਆਈ

ਫਾਰਮ 6 ਨਹੀਂ ਬਦਲਿਆ, ਐਲਾਨਨਾਮਾ ਨੱਥੀ ਕੀਤਾ: ਚੋਣ ਅਧਿਕਾਰੀ

ਨਵੀਂ ਦਿੱਲੀ: ਫਾਰਮ 6 ਵਿੱਚ ਕਿਸੇ ਵੀ ਤਬਦੀਲੀ ਨੂੰ ਮਨਜ਼ੂਰੀ ਨਾ ਦਿੱਤੇ ਜਾਣ ਦੇ ਸੁਪਰੀਮ ਕੋਰਟ ਦੇ ਦਾਅਵਿਆਂ ਤੋਂ ਕੁਝ ਘੰਟਿਆਂ ਮਗਰੋਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਦਸਤਾਵੇਜ਼ ਵਿੱਚ ਫੇਰਬਦਲ ਨਹੀਂ ਕੀਤਾ ਗਿਆ, ਬਲਕਿ ਉਸ ਦੇ 24 ਜੂਨ 2025 ਨੂੰ ਬਿਹਾਰ ਐੱਸ ਆਈ ਆਰ ਸਬੰਧੀ ਹੁਕਮ ਜ਼ਰੀਏ ਇਸ ਨਾਲ ਐਲਾਨਨਾਮਾ ਨੱਥੀ ਕੀਤਾ ਗਿਆ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਕਾਇਮ ਰੱਖਿਆ ਸੀ। ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਫਾਰਮ 6 ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। -ਪੀਟੀਆਈ

ਜਮਹੂਰੀ ਤਰੀਕੇ ਨਾਲ ਚੱਲ ਰਿਹੈ ਦੇਸ਼: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਿਹਾ ਕਿ ਚੋਣ ਕਮਿਸ਼ਨ ਨਾਲ ਸਬੰਧਤ ਪਟੀਸ਼ਨਾਂ ਉੱਤੇ ਸੁਪਰੀਮ ਕੋਰਟ ਵੱਲੋਂ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਨੂੰ ਜਾਰੀ ਨੋਟਿਸ ਇਸ ਗੱਲ ਦਾ ‘ਸਬੂਤ’ ਹਨ ਕਿ ਦੇਸ਼ ਵਿੱਚ ਸਾਰੀਆਂ ਸੰਸਥਾਵਾਂ ‘ਨਿਰਪੱਖ ਤਰੀਕੇ’ ਨਾਲ ਕੰਮ ਕਰ ਰਹੀਆਂ ਹਨ ਅਤੇ ‘ਡਰ ਤੇ ਤਾਨਾਸ਼ਾਹੀ’ ਦਾ ਕੋਈ ਮਾਹੌਲ ਨਹੀਂ ਹੈ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ, ‘‘ਦੇਸ਼ ਜਮਹੂਰੀ ਤਰੀਕੇ ਨਾਲ ਚੱਲ ਰਿਹਾ ਹੈ। ਹਰ ਕੋਈ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਰ ਰਿਹਾ ਹੈ। ਸਾਰੇ ਨੇਮਾਂ ਤੇ ਅਮਲਾਂ ਦੀ ਪਾਲਣਾ ਹੋ ਰਹੀ ਹੈ। ਜਮਹੂਰੀਅਤ ਦਾ ਇਸ ਤੋਂ ਬਿਹਤਰ ਮਾਡਲ ਹੋਰ ਕਿੱਥੇ ਮਿਲੇਗਾ? ਮੈਨੂੰ ਲੱਗਦਾ ਹੈ ਕਿ ਭਾਰਤ ਜਮਹੂਰੀਅਤ ਦਾ ਜਸ਼ਨ ਮਨਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਅੱਜ ਮੈਂ ਉਨ੍ਹਾਂ ਲੋਕਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ, ਜੋ ਇਹ ਦਾਅਵਾ ਕਰਦੇ ਹਨ ਕਿ ਭਾਰਤ ਵਿੱਚ ‘ਹਿਟਲਰ ਵਾਲਾ ਰਾਜ’ ਹੈ ਤੇ ਅੱਜ ਦੇਸ਼ ਵਿੱਚ ਤਾਨਾਸ਼ਾਹੀ ਤੇ ਇਕ ਪਾਰਟੀ ਦਾ ਰਾਜ ਕਾਇਮ ਹੈ।’’ -ਪੀਟੀਆਈ

Advertisement
×