Uniform Civil Code ਪਿਛਲੇ ਦਰਵਾਜਿ਼ਓਂ ਕਿਉਂ: Omar Abdullah
ਇਕਸਾਰ ਸਿਵਲ ਕੋਡ ਬਾਰੇ ਸਿਆਸੀ ਪਾਰਟੀਆਂ ਦੀ ਵੱਖੋ-ਵੱਖ ਰਾਇ; ਤੇਲਗੂ ਦੇਸਮ ਵੱਲੋਂ ਸ਼ਾਹ ਦੇ ਬਿਆਨ ਦਾ ਸਮਰਥਨ
ਇਕਸਾਰ ਸਿਵਲ ਕੋਡ ਲਾਗੂ ਕਰਨ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ’ਤੇ ਸਿਆਸੀ ਪਾਰਟੀਆਂ ਨੇ ਵੱਖੋ-ਵੱਖਰੀ ਪ੍ਰਤੀਕਿਰਿਆ ਦਿੱਤੀ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਜੇ ਭਾਜਪਾ ਕੋਲ ਲੋੜੀਂਦੇ ਨੰਬਰ ਹਨ ਤਾਂ ਉਹ ਇਕਸਾਰ ਸਿਵਲ ਕੋਡ (ਯੂ ਸੀ ਸੀ) ਬਿੱਲ ਸੰਸਦ ਵਿੱਚ ਲਿਆ ਕੇ ਪਾਸ ਕਰਵਾਏ, ਨਾ ਕਿ ਵੱਖ-ਵੱਖ ਰਾਜਾਂ ਰਾਹੀਂ ਲਾਗੂ ਕਰਨ ਦੀ ਕੋਸ਼ਿਸ਼ ਕਰੇ। ਐੱਨ ਡੀ ਏ ਦੇ ਸਾਰੇ ਸਹਿਯੋਗੀ ਇਕਸਾਰ ਸਿਵਲ ਕੋਡ ਦੇ ਹੱਕ ਵਿੱਚ ਨਹੀਂ ਹਨ। ਇਕਸਾਰ ਸਿਵਲ ਕੋਡ ਸਿਰਫ਼ ਭਾਜਪਾ ਸ਼ਾਸਿਤ ਰਾਜਾਂ ਵਿੱਚ ਲਾਗੂ ਹੋਣ ਨਾਲ ‘ਸਰਵ ਸਾਂਝਾ’ ਨਹੀਂ ਬਣੇਗਾ। ਉਨ੍ਹਾਂ ਭਾਜਪਾ ’ਤੇ ਪਿਛਲੇ ਦਰਵਾਜ਼ਿਓ ਯੂ ਸੀ ਸੀ ਲਿਆਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।
ਉੱਧਰ, ਬਿਹਾਰ ਦੇ ਉਪ ਮੁੱਖ ਮੰਤਰੀ ਵਿਜੈ ਕੁਮਾਰ ਚੌਧਰੀ ਨੇ ਕਿਹਾ ਕਿ ਜਨਤਾ ਦਲ (ਯੂ) ਇਕਸਾਰ ਸਿਵਲ ਕੋਡ ਬਿੱਲ ਦਾ ਅਧਿਐਨ ਕਰੇਗੀ ਅਤੇ ਜੇ ਇਸ ਦੀਆਂ ਧਾਰਾਵਾਂ ’ਤੇ ਕੋਈ ਇਤਰਾਜ਼ ਨਾ ਹੋਇਆ ਤਾਂ ਬਿਨਾਂ ਕਾਰਨ ਇਸ ਦਾ ਵਿਰੋਧ ਨਹੀਂ ਕਰੇਗੀ। ਪਾਰਟੀ ਐੱਨ ਡੀ ਏ ਦਾ ਹਿੱਸਾ ਹੈ ਅਤੇ ਇਕਸਾਰ ਸਿਵਲ ਕੋਡ ਬਾਰੇ ਫ਼ੈਸਲਾ ਸਾਰੇ ਗਠਜੋੜ ਭਾਈਵਾਲਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਜਾਵੇਗਾ। ਐੱਨ ਸੀ ਪੀ ਆਗੂ ਅਤੇ ਰਾਜਪਾਲ ਵੱਲੋਂ ਨਾਮਜ਼ਦ ਵਿਧਾਨ ਪਰਿਸ਼ਦ ਮੈਂਬਰ ਇਦਰੀਸ ਨਾਇਕਵਾੜੀ ਨੇ ਪਾਰਟੀ ਨੂੰ ਇਕਸਾਰ ਸਿਵਲ ਕੋਡ ਬਾਰੇ ਆਪਣਾ ਰੁਖ਼ ਸਪੱਸ਼ਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਮੁਖੀ ਅਤੇ ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ ਅਤੇ ਸੂਬਾ ਪ੍ਰਧਾਨ ਸੁਨੀਲ ਤਤਕਰੇ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ। ਦੇਵੇਂਦਰ ਫੜਨਵੀਸ ਨੇ ਕਿਹਾ ਕਿ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੀ ਰਿਪੋਰਟ ਆਉਣ ਬਾਅਦ ਸੂਬੇ ਵਿੱਚ ਯੂ ਸੀ ਸੀ ਲਾਗੂ ਕੀਤਾ ਜਾਵੇਗਾ। ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਤੇਲਗੂ ਦੇਸਮ ਪਾਰਟੀ ਦੇ ਸੂਬਾ ਪ੍ਰਧਾਨ ਪੀ ਸ੍ਰੀਨਿਵਾਸ ਰਾਓ ਨੇ ਕਿਹਾ ਕਿ ਐੱਨ ਡੀ ਏ ਭਾਈਵਾਲ ਹੋਣ ਦੇ ਨਾਤੇ ਪਾਰਟੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਕਸਾਰ ਸਿਵਲ ਕੋਡ ਸਬੰਧੀ ਬਿਆਨ ਦਾ ਸਮਰਥਨ ਕਰਦੀ ਹੈ। ਰਾਓ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਏਕਤਾ ਮਜ਼ਬੂਤ ਹੋਵੇਗੀ ਅਤੇ ਲਿੰਗ ਆਧਾਰਿਤ ਪੱਖਪਾਤ ਘਟੇਗਾ।

