ਜੈਪੁਰ, 23 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜਾਤੀ ਜਨਗਣਨਾ ਕਰਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਕਿਉਂ ਡਰ ਰਹੇ ਹਨ। ਇਥੇ ਪਾਰਟੀ ਵਰਕਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦਾਅਵਾ ਕੀਤਾ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਇੰਡੀਆ ਦਾ ਨਾਮ ਬਦਲ ਕੇ ਭਾਰਤ ਰੱਖਣ ਲਈ ਸੱਦਿਆ ਗਿਆ ਸੀ ਪਰ ਇਸ ਦੀ ਬਜਾਏ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕਰ ਦਿੱਤਾ ਗਿਆ। ਕਾਂਗਰਸ ਆਗੂ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਸੰਸਦ ਅਤੇ ਵਿਧਾਨ ਸਭਾਵਾਂ ’ਚ ਅੱਜ ਹੀ ਲਾਗੂ ਕੀਤਾ ਜਾ ਸਕਦਾ ਹੈ ਪਰ ਕੇਂਦਰ ਸਰਕਾਰ ਪੁਨਰ ਹੱਦਬੰਦੀ ਅਤੇ ਨਵੀਂ ਮਰਦਮਸ਼ੁਮਾਰੀ ਦੇ ਨਾਮ ’ਤੇ ਇਸ ਨੂੰ 10 ਸਾਲਾਂ ਲਈ ਅੱਗੇ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਮਹਿਲਾ ਰਾਖਵਾਂਕਰਨ ਅੱਜ ਤੋਂ ਹੀ ਲਾਗੂ ਕਰਵਾਉਣਾ ਚਾਹੁੰਦੀ ਹੈ। ‘ਜੇਕਰ ਅਸੀਂ ਓਬੀਸੀਜ਼ ਦੀ ਭਾਈਵਾਲੀ ਬਾਰੇ ਗੱਲ ਕਰਦੇ ਹਾਂ ਤਾਂ ਫਿਰ ਇਹ ਜਾਤੀ ਜਨਗਣਨਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਹੈ। ਪ੍ਰਧਾਨ ਮੰਤਰੀ 24 ਘੰਟੇ ਓਬੀਸੀਜ਼ ਬਾਰੇ ਗੱਲ ਕਰਦੇ ਰਹਿੰਦੇ ਹਨ। ਫਿਰ ਪ੍ਰਧਾਨ ਮੰਤਰੀ ਜਾਤੀ ਜਨਗਣਨਾ ਕਰਾਉਣ ਤੋਂ ਕਿਉਂ ਡਰਦੇ ਹਨ।’ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਅਗਲੇ ਭਾਸ਼ਨ ’ਚ ਮੁਲਕ ਨੂੰ ਦੱਸਣ ਕਿ ਕਾਂਗਰਸ ਨੇ ਜਾਤੀ ਜਨਗਣਨਾ ਕਰਵਾਈ ਸੀ। ‘ਤੁਹਾਡੇ ਕੋਲ ਅੰਕੜੇ ਹਨ। ਦੇਸ਼ ਦੇ ਲੋਕਾਂ ਨੂੰ ਇਹ ਦਿਖਾਓ। ਤੁਹਾਨੂੰ ਵੀ ਅਗਲੀ ਮਰਦਮਸ਼ੁਮਾਰੀ ਜਾਤੀ ’ਤੇ ਆਧਾਰਿਤ ਕਰਵਾਉਣੀ ਚਾਹੀਦੀ ਹੈ। ਓਬੀਸੀਜ਼ ਨੂੰ ਧੋਖਾ ਦੇ ਕੇ ਉਨ੍ਹਾਂ ਦਾ ਅਪਮਾਨ ਨਾ ਕਰੋ।’ -ਪੀਟੀਆਈ

ਜੈਪੁਰ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਥੋਂ ਦੇ ਮਹਾਰਾਣੀ ਕਾਲਜ ’ਚ ਇਕ ਸਮਾਗਮ ਦੌਰਾਨ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਕਾਲਜ ਪ੍ਰਿੰਸੀਪਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦਿਆਰਥਣਾਂ ਨੂੰ ਮਿਲਣ ਮਗਰੋਂ ਰਾਹੁਲ ਗਾਂਧੀ ਨੇ ਸਕੂਟਰੀ ਦੀ ਸਵਾਰੀ ਕੀਤੀ ਜੋ ਇਕ ਲੜਕੀ ਚਲਾ ਰਹੀ ਸੀ। ਭਾਰੀ ਸੁਰੱਖਿਆ ਹੇਠ ਰਾਹੁਲ ਸਕੂਟਰ ’ਤੇ ਸਵਾਰ ਹੋ ਕੇ ਕਾਲਜ ਤੋਂ ਬਾਹਰ ਨਿਕਲੇ ਅਤੇ ਕੁਝ ਦੂਰੀ ਤੱਕ ਗਏ। -ਪੀਟੀਆਈ
ਕੇਂਦਰ ਦੀ ਸੱਤਾ ਵਿੱਚ ਆਉਣ ’ਤੇ ਮਹਿਲਾ ਰਾਖਵਾਂਕਰਨ ਬਿੱਲ ਵਿੱਚ ਸੋਧ ਕਰਾਂਗੇ: ਖੜਗੇ
ਜੈਪੁਰ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਹੈ ਕਿ ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੰਸਦ ਭਵਨ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਸਮੇਂ ਇਸ ਲਈ ਨਹੀਂ ਸੱਦਿਆ ਗਿਆ ਸੀ ਕਿਉਂਕਿ ਉਹ ‘ਅਛੂਤ’ ਹਨ। ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਪਿੱਛੇ ਮੋਦੀ ਸਰਕਾਰ ਦੀ ਮਨਸ਼ਾ ’ਤੇ ਸਵਾਲ ਉਠਾਉਂਦਿਆਂ ਖੜਗੇ ਨੇ ਕਿਹਾ ਕਿ ਭਾਜਪਾ ਮਹਿਲਾਵਾਂ ਨੂੰ ਰਾਖਵਾਂਕਰਨ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਅਗਲੇ ਸਾਲ ਕੇਂਦਰ ਵਿੱਚ ਆਈ ਤਾਂ ਮਹਿਲਾ ਰਾਖਵਾਂਕਰਨ ਬਿੱਲ ਵਿੱਚ ਸੋਧ ਕੀਤੀ ਜਾਵੇਗੀ। ਸਾਬਕਾ ਰਾਸ਼ਟਰਪਤੀ ਦੀ ਜਾਤ ਦਾ ਹਵਾਲਾ ਦਿੰਦਿਆਂ ਖੜਗੇ ਨੇ ਕਿਹਾ, ‘ਜੇਕਰ ਇੱਕ ਅਛੂਤ ਵੱਲੋਂ ਨੀਂਹ ਪੱਥਰ ਰੱਖਿਆ ਜਾਂਦਾ ਤਾਂ ਫਿਰ ਉਸ ਨੂੰ ਗੰਗਾ ਜਲ ਨਾਲ ਧੋਣਾ ਪੈਣਾ ਸੀ।’’ ਜੈਪੁਰ ’ਚ ਕਾਂਗਰਸ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਸਮੇਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੱਦਾ ਨਹੀਂ ਦਿੱਤਾ ਗਿਆ ਜਦਕਿ ਕਈ ਅਦਾਕਾਰਾਂ ਸਮੇਤ ਹੋਰਾਂ ਨੂੰ ਉਥੇ ਉਚੇਚੇ ਤੌਰ ’ਤੇ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰਪਤੀ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਤੋਂ ਐਨ ਪਹਿਲਾਂ ਮਹਿਲਾ ਰਾਖਵਾਂਕਰਨ ਬਿੱਲ ਲਿਆਂਦਾ ਕਿਉਂਕਿ ਕਈ ਵਿਰੋਧੀ ਧਿਰਾਂ ਨੇ ‘ਇੰਡੀਆ’ ਗੱਠਜੋੜ ਬਣਾ ਲਿਆ ਸੀ। ‘ਜਦੋਂ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਮੈਂ ਰਲ ਕੇ ‘ਇੰਡੀਆ’ ਦਾ ਵਿਚਾਰ ਬਣਾਇਆ ਤਾਂ ਭਾਜਪਾ ਦੇ ਦਿਮਾਗ ’ਚ ਮਹਿਲਾਵਾਂ ਬਾਰੇ ਬਿੱਲ ਆਇਆ। ਉਨ੍ਹਾਂ ਕਿਹਾ ਕਿ ਇਹ ਬਿੱਲ ਫੌਰੀ ਲਾਗੂ ਕਰਨ ’ਚ ਕੋਈ ਵੱਡਾ ਕਾਨੂੰਨੀ ਪੇਚ ਨਹੀਂ ਹੈ, ਪਰ ਭਾਜਪਾ ਇਸ ਨੂੰ ਦਸ ਸਾਲਾਂ ਲਈ ਲਟਕਾ ਕੇ ਰੱਖਣਾ ਚਾਹੁੰਦੀ ਹੈ। ਕਾਂਗਰਸ ਨੇ ਮੰਗ ਕੀਤੀ ਕਿ ਇਸ ਬਿੱਲ ਵਿੱਚ ਓਬੀਸੀ ਸ਼੍ਰੇਣੀ ਦੀਆਂ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾਵੇ। -ਪੀਟੀਆਈ