‘ਚਿੱਟਾ’ ਪੰਜਾਬ ਵਿੱਚ ਵੱਡਾ ਮੁੱਦਾ: ਰਾਹੁਲ ਗਾਂਧੀ
ਇਨਸਾਫ਼ ਰੈਲੀ ਰਾਹੀਂ ਪੰਜਾਬ ਵਿੱਚ ਚੋਣ ਬਿਗਲ ਵਜਾਇਆ; ‘ਆਪ’ ਸਰਕਾਰ ਨੂੰ ਘੇਰਿਆ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਗਾਮੀ ਪੰਜਾਬ ਅਸੈਂਬਲੀ ਚੋਣਾਂ ਲਈ ਬਿਗਲ ਵਜਾਉਂਦਿਆਂ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਕਈ ਮੋਰਚਿਆਂ ’ਤੇ ਘੇਰਿਆ। ਉਨ੍ਹਾਂ ਪੰਜਾਬ ਵਿੱਚ ‘ਚਿੱਟੇ’ (ਨਸ਼ਾ) ਨੂੰ ਵੱਡਾ ਮੁੱਦਾ ਦੱਸਿਆ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਹੋਈ ਆਪਣੀ ਗੱਲਬਾਤ ਨੂੰ ਯਾਦ ਕੀਤਾ। ਉਹ ਇਥੇ ਇਨਸਾਫ਼ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਗਾਂਧੀ ਨੇ ਪੰਜਾਬ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ, ‘‘ਕਈ ਸਾਲ ਪਹਿਲਾਂ ਮੈਂ ਕਿਹਾ ਸੀ ਕਿ ਪੰਜਾਬ ਵਿੱਚ ਨਸ਼ੇ ਫੈਲ ਰਹੇ ਹਨ। ਉਦੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ। ਅੱਜ ‘ਚਿੱਟਾ’ (ਮਿਲਾਵਟੀ ਹੈਰੋਇਨ) ਸੂਬੇ ਵਿੱਚ ਵੱਡਾ ਮੁੱਦਾ ਹੈ।’’ ਉਨ੍ਹਾਂ ਕਿਹਾ, ‘‘ਲੋਕਾਂ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜੋ ਪੰਜਾਬ ਲਈ ਕੰਮ ਕਰੇ। ‘ਆਪ’ ਜਿਹੀ ਸਰਕਾਰ ਦੀ ਨਹੀਂ, ਜੋ ਦਿੱਲੀ ਤੋਂ ਚਲਦੀ ਹੈ; ਇਸ ਸਮੇਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ, ਲੁੱਟ-ਖੋਹ ਅਤੇ ਗੈਂਗਸਟਰਵਾਦ ਨੇ ਜਕੜ ਰੱਖਿਆ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਇਨ੍ਹਾਂ ਅਲਾਮਤਾਂ ਨੂੰ ਰੋਕਣ ਵਿੱਚ ਨਾਕਾਮ ਹੋ ਚੁੱਕੀ ਹੈ।’’ ਉਨ੍ਹਾਂ ਇਕੱਠ ਨੂੰ ਅਪੀਲ ਕੀਤੀ ਕਿ ਉਹ ਰੁਜ਼ਗਾਰ ਅਤੇ ਨਸ਼ਾ ਮੁਕਤ ਪੰਜਾਬ ਲਈ ਕਾਂਗਰਸ ਨੂੰ ਵੋਟ ਦੇਣ।
ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ, ‘‘ਉਹ ਸੰਸਦ ਵਿੱਚ ਚਰਚਾ ਦੀ ਗੱਲ ਕਰਦੇ ਹਨ, ਪਰ ਤੁਸੀਂ ਮੇਰੇ ਮਾਈਕ ਬੰਦ ਕਰ ਦਿੱਤੇ; ਤੁਸੀਂ ਮੈਨੂੰ ਸੰਸਦ ਵਿੱਚ ਬੋਲਣ ਨਹੀਂ ਦਿੰਦੇ।’’ ਗਾਂਧੀ ਨੇ ਭਾਸ਼ਣ ਰੋਕ ਕੇ ਸਟੇਜ ’ਤੇ ਬੈਠੇ, ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਆਪਣੇ ਕੋਲ ਬੁਲਾਇਆ। ਉਨ੍ਹਾਂ ਗਾਇਕ ਨੂੰ ਯਾਦ ਕਰਦਿਆਂ ਕਿਹਾ, ‘‘ਉਸ ਦੇ ਗੀਤਾਂ ਵਿੱਚ ਪੰਜਾਬ ਦੀ ਆਵਾਜ਼ ਝਲਕਦੀ ਸੀ, ਜਿਨ੍ਹਾਂ ਨੂੰ ਮੈਂ ਬਾਅਦ ਵਿੱਚ ਸੁਣਿਆ। ਉਸ ਦੀ ਸੁਰੱਖਿਆ ਹਟਾ ਦਿੱਤੀ ਗਈ ਅਤੇ ਦਿਨ-ਦਿਹਾੜੇ ਉਸ ਦਾ ਕਤਲ ਕਰ ਦਿੱਤਾ ਗਿਆ। ‘ਆਪ’ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਕਰ ਕੇ ਮੂਸੇਵਾਲਾ ਵਰਗੇ ਨੌਜਵਾਨ ਸਾਥੋਂ ਖੋਹੇ ਜਾ ਰਹੇ ਹਨ।’’ ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਆਪ’ ਸਰਕਾਰ ਨੂੰ ਸਭ ਤੋਂ ਭ੍ਰਿਸ਼ਟ ਦੱਸਦਿਆਂ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਇਆ। ਉਨ੍ਹਾਂ ‘ਆਪ’ ਸਰਕਾਰ ’ਤੇ ਨੌਜਵਾਨਾਂ ਤੇ ਕਿਸਾਨਾਂ ਦੀ ਜ਼ਿੰਦਗੀ ਤਬਾਹ ਕਰਨ ਦਾ ਦੋਸ਼ ਲਾਇਆ। ‘ਆਪ’ ਨੂੰ ਭਾਜਪਾ ਦੀ ‘ਬੀ’ ਟੀਮ ਦੱਸਿਆ। ਰੈਲੀ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ, ਸੂਬਾਈ ਪ੍ਰਧਾਨ ਪਰਗਟ ਸਿੰਘ, ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਵਿਜੈ ਇੰਦਰ ਸਿੰਗਲਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਜਿੰਦਰ ਕੌਰ ਭੱਠਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਸਨ।
84 ਦੇ ਕਤਲੇਆਮ ਪੀੜਤਾਂ ਵੱਲੋਂ ਰਾਹੁਲ ਦੀ ਰੈਲੀ ਦਾ ਵਿਰੋਧ
ਸੰਗਰੂਰ (ਬੀਰ ਇੰਦਰ ਸਿੰਘ ਬਨਭੌਰੀ): ਰਾਹੁਲ ਗਾਂਧੀ ਨੂੰ ਅੱਜ ਪੰਜਾਬ ਵਿੱਚ ਆਪਣੀ ਪਲੇਠੀ ਚੋਣ ਰੈਲੀ ਮੌਕੇ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਫੱਗੂਵਾਲਾ ਵਿੱਚ ਪੀੜਤ ਪਰਿਵਾਰਾਂ ਦੀ ਜਥੇਬੰਦੀ ਦੇ ਆਗੂ ਸੁਰਜੀਤ ਸਿੰਘ ਦੀ ਅਗਵਾਈ ਹੇਠ ਵਿਧਵਾਵਾਂ, ਬਜ਼ੁਰਗਾਂ ਅਤੇ ਕਤਲੇਆਮ ਵਿੱਚ ਆਪਣੇ ਜੀਅ ਗੁਆ ਚੁੱਕੇ ਪਰਿਵਾਰਾਂ ਨੇ ਕਾਲੇ ਝੰਡੇ ਤੇ ਕਾਲੇ ਕੱਪੜੇ ਲਹਿਰਾ ਕੇ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਵੀ ਵਿਖਾਵਾਕਾਰੀਆਂ ਦਾ ਸਾਥ ਦਿੱਤਾ। ਪੀੜਤ ਪਰਿਵਾਰਾਂ ਨੇ ਕਿਹਾ ਕਿ 42 ਸਾਲਾਂ ਬਾਅਦ ਵੀ ਜਦੋਂ ਉਨ੍ਹਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਿਆ, ਫਿਰ ਰਾਹੁਲ ਗਾਂਧੀ ਕਿਸ ਮੂੰਹ ਨਾਲ ਇਨਸਾਫ਼ ਦੀ ਗੱਲ ਕਰ ਰਹੇ ਹਨ? ਪੀੜਤਾਂ ਦੇ ਸਵਾਲਾਂ ਦਾ ਜਵਾਬ ਦਿੱਤੇ ਬਗ਼ੈਰ ਕਾਂਗਰਸ ਨੂੰ ਇਨਸਾਫ਼ ਦੀ ਦੁਹਾਈ ਦੇਣ ਦਾ ਕੋਈ ਹੱਕ ਨਹੀਂ ਹੈ। ਪਰਿਵਾਰਾਂ ਨੇ ਪਹਿਲੀ ਨਵੰਬਰ ਨੂੰ ਦਿੱਲੀ ਵਿੱਚ ਕਾਂਗਰਸ ਦੀ ਅਗਵਾਈ ਵਿੱਚ ‘ਇੰਡੀਆ’ ਬਲਾਕ ਵੱਲੋਂ ਕੀਤੇ ਸਿਆਸੀ ਮੁਜ਼ਾਹਰੇ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਇਹ ਦਿਨ ਸਿੱਖਾਂ ਲਈ ਸੋਗ ਦਾ ਹੈ। ਇਸ ਦਿਨ ਸਿਆਸੀ ਮੁਜ਼ਾਹਰਾ ਕਰਨਾ ਪੀੜਤਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਹੈ। ਵਿਖਾਵਾਕਾਰੀਆਂ ਵਿੱਚ ਦਲਜੀਤ ਸਿੰਘ ਸੋਨੀ, ਰਾਣੀ ਧਾਲੀਵਾਲ, ਗੁਰਦੇਵ ਕੌਰ, ਰਾਜਵਿੰਦਰ ਕੌਰ, ਇੰਦਰਪਾਲ ਸਿੰਘ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ।
ਕੈਪਸ਼ਨ: ਰਾਹੁਲ ਗਾਂਧੀ ਦਾ ਵਿਰੋਧ ਕਰਦੇ ਹੋਏ ਕਤਲੇਆਮ 84 ਦੇ ਪੀੜਤ ਪਰਿਵਾਰ।

