WEST BENGAL:ਪਲੇਠੀ ਭਾਜਪਾ ਸਰਕਾਰ 9 ਨੂੰ ਹਲਫ਼ ਲਵੇਗੀ
ਮੋਦੀ ਅਤੇ ਸ਼ਾਹ ਵੀ ਸਮਾਗਮ ’ਚ ਭਰ ਸਕਦੇ ਨੇ ਹਾਜ਼ਰੀ; ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਪੱਛਮੀ ਬੰਗਾਲ ’ਚ ਪਲੇਠੀ ਭਾਜਪਾ ਸਰਕਾਰ ਦਾ ਹਲਫ਼ਦਾਰੀ ਸਮਾਗਮ 9 ਮਈ ਨੂੰ ਬ੍ਰਿਗੇਡ ਪਰੇਡ ਮੈਦਾਨ ’ਚ ਹੋਵੇਗਾ। ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਬੀਨ ਅਤੇ ਹੋਰ ਕਈ ਕੇਂਦਰੀ ਮੰਤਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਮੀਟਿੰਗ 8 ਮਈ ਸ਼ਾਮ ਨੂੰ ਸੱਦੀ ਗਈ ਹੈ, ਹਾਲਾਂਕਿ ਲੀਡਰਸ਼ਿਪ ਨੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਅਜੇ ਤੱਕ ਚੁੱਪ ਧਾਰੀ ਹੋਈ ਹੈ। ਉਧਰ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ’ਚ ਨਵੀਂ ਵਿਧਾਨ ਸਭਾ ਦੇ ਗਠਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਸੂਬੇ ਦੇ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ ਜਿਸ ਨਾਲ ਚੋਣ ਅਮਲ ਮੁਕੰਮਲ ਹੋਣ ਅਤੇ ਨਵੀਂ ਸਰਕਾਰ ਦੇ ਗਠਨ ਦੀ ਰਸਮੀ ਤੌਰ ’ਤੇ ਪ੍ਰਕਿਰਿਆ ਸ਼ੁਰੂ ਕਰਨ ਦਾ ਹਵਾਲਾ ਦਿੱਤਾ ਗਿਆ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਸਾਮਿਕ ਭੱਟਾਚਾਰਿਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਨਵੀਂ ਸਰਕਾਰ 9 ਮਈ ਨੂੰ ਸਵੇਰੇ 10 ਵਜੇ ਹਲਫ਼ ਲਵੇਗੀ। ਇਸ ਦੌਰਾਨ ਭਾਜਪਾ ਆਗੂ ਸੁਵੇਂਦੂ ਅਧਿਕਾਰੀ, ਜਿਨ੍ਹਾਂ ਮਮਤਾ ਬੈਨਰਜੀ ਨੂੰ ਭਵਾਨੀਪੁਰ ਤੋਂ ਹਰਾਇਆ ਹੈ ਅਤੇ ਲਗਾਤਾਰ ਤੀਜੀ ਵਾਰ ਨੰਦੀਗ੍ਰਾਮ ਤੋਂ ਜਿੱਤ ਹਾਸਲ ਕੀਤੀ ਹੈ, ਨੇ ਕਿਹਾ ਕਿ ਉਹ 10 ਦਿਨਾਂ ਦੇ ਅੰਦਰ ਇਕ ਹਲਕੇ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਤੈਅ ਕਰੇਗੀ ਕਿ ਉਹ ਕਿਹੜੇ ਹਲਕੇ ਤੋਂ ਵਿਧਾਇਕ ਬਣੇ ਰਹਿਣ।
ਮੁੱਖ ਮੰਤਰੀ ਮਮਤਾ ਤੇ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ ਤੋਂ ਸੁਰੱਖਿਆ ਹਟਾਈ
ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਤੇ ਤ੍ਰਿਣਮੂਲ ਕਾਂਗਰਸ ਦੇ ਲੋਕ ਸਭਾ ਮੈਂਬਰ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ ਅਤੇ ਦਫ਼ਤਰ ਤੋਂ ਵਾਧੂ ਪੁਲੀਸ ਸੁਰੱਖਿਆ ਹਟਾ ਲਈ ਗਈ ਹੈ। ਉਂਜ ਉਸ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲਦੀ ਰਹੇਗੀ। ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਮਗਰੋਂ ਹਿੰਸਕ ਘਟਨਾਵਾਂ ’ਚ ਵਾਧੇ ’ਤੇ ਚਿੰਤਾ ਜ਼ਾਹਰ ਕਰਦਿਆਂ ਕੋਲਕਾਤਾ ਪੁਲੀਸ ਕਮਿਸ਼ਨਰ ਅਜੇ ਕੁਮਾਰ ਨੰਦ ਨੇ ਚਿਤਵਾਨੀ ਦਿੱਤੀ ਕਿ ਜੇ ਕਿਸੇ ਨੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਧਰ ਟੀ ਐੱਮ ਸੀ ਦੇ ਚੁਣੇ ਗਏ ਵਿਧਾਇਕ ਸੋਭਨਦੇਬ ਚੱਟੋਪਾਧਿਆਏ ਦੀ ਰਿਹਾਇਸ਼ ਦੇ ਬਾਹਰ ਮੰਗਲਵਾਰ ਅੱਧੀ ਰਾਤ ਭੀੜ ਇਕੱਠੀ ਹੋ ਗਈ ਜਿਸ ਨੂੰ ਪੁਲੀਸ ਨੇ ਖਿੰਡਾ ਦਿੱਤਾ। ਕੋਲਕਾਤਾ ’ਚ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਹੁਕਮਾਂ ਦੀ ਪਾਲਣਾ ਕਰਦਿਆਂ ਅਭਿਸ਼ੇਕ ਬੈਨਰਜੀ ਦੀ ਪੁਲੀਸ ਸੁਰੱਖਿਆ ਬੁੱਧਵਾਰ ਸਵੇਰ ਤੋਂ ਹੀ ਵਾਪਸ ਲੈ ਲਈ ਗਈ ਹੈ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਹਿੰਸਾ ਦੀਆਂ ਕੁਝ ਘਟਨਾਵਾਂ ਵਾਪਰੀਆਂ ਹਨ ਪਰ ਹਾਲਾਤ ਕੁੱਲ ਮਿਲਾ ਕੇ ਸ਼ਾਂਤ ਹਨ। -ਪੀਟੀਆਈ

