West Bengal election results: ਸੁਪਰੀਮ ਕੋਰਟ ਚੋਣਾਂ ਦਾ ਨੋਟਿਸ ਲਵੇ, ਵੀਡੀਓਜ਼ ਜਨਤਕ ਕੀਤੀਆਂ ਜਾਣ: ਅਖਿਲੇਸ਼
ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਦੇ ਕੁਝ ਦਿਨਾਂ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਚੋਣ ਪ੍ਰਕਿਰਿਆ ਦੀ ਨਿਰਪੱਖਤਾ 'ਤੇ ਸ਼ੱਕ ਜਤਾਇਆ ਅਤੇ ਮੰਗ ਕੀਤੀ ਕਿ ਸੁਪਰੀਮ ਕੋਰਟ ਵੋਟਾਂ ਦੀ ਗਿਣਤੀ ਦੀ ਵੀਡੀਓ ਰਿਕਾਰਡਿੰਗ ਨੂੰ ਜਨਤਕ...
ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਦੇ ਕੁਝ ਦਿਨਾਂ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੁੱਧਵਾਰ ਨੂੰ ਚੋਣ ਪ੍ਰਕਿਰਿਆ ਦੀ ਨਿਰਪੱਖਤਾ 'ਤੇ ਸ਼ੱਕ ਜਤਾਇਆ ਅਤੇ ਮੰਗ ਕੀਤੀ ਕਿ ਸੁਪਰੀਮ ਕੋਰਟ ਵੋਟਾਂ ਦੀ ਗਿਣਤੀ ਦੀ ਵੀਡੀਓ ਰਿਕਾਰਡਿੰਗ ਨੂੰ ਜਨਤਕ ਕਰਨ ਦਾ ਹੁਕਮ ਦੇਵੇ।
ਯਾਦਵ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, "ਜਦੋਂ ਅਦਾਲਤੀ ਕਾਰਵਾਈ ਲਾਈਵ (ਸਿੱਧਾ ਪ੍ਰਸਾਰਣ) ਹੋ ਸਕਦੀ ਹੈ, ਤਾਂ ਵੋਟਾਂ ਦੀ ਗਿਣਤੀ ਲਾਈਵ ਕਿਉਂ ਨਹੀਂ ਹੋ ਸਕਦੀ?"
ਉਨ੍ਹਾਂ ਕਿਹਾ, "ਸੀਸੀਟੀਵੀ ਲਾਈਵ ਕਿਉਂ ਨਹੀਂ ਹੈ? ਉਹ ਇਸ ਤੋਂ ਇੰਨੇ ਡਰੇ ਹੋਏ ਕਿਉਂ ਹਨ? ਅਸੀਂ ਮੰਗ ਕਰਦੇ ਹਾਂ ਕਿ ਸੁਪਰੀਮ ਕੋਰਟ ਤੁਰੰਤ ਪੱਛਮੀ ਬੰਗਾਲ ਦੀਆਂ ਚੋਣਾਂ ਦਾ ਨੋਟਿਸ ਲਵੇ ਅਤੇ ਗਿਣਤੀ ਦੀ ਵੀਡੀਓ ਦੇਸ਼ ਦੇ ਲੋਕਾਂ ਦੇ ਸਾਹਮਣੇ ਰੱਖੇ।"
ਯਾਦਵ ਨੇ ਸਪਾ ਨੇਤਾ ਕਿਰਨਮਯ ਨੰਦਾ ਦੇ ਉਸ ਬਿਆਨ ਨੂੰ ਵੀ ਖਾਰਜ ਕਰ ਦਿੱਤਾ ਕਿ ਉਹ (ਅਖਿਲੇਸ਼) ਪੱਛਮੀ ਬੰਗਾਲ ਨਹੀਂ ਗਏ ਸਨ ਕਿਉਂਕਿ ਉਨ੍ਹਾਂ (ਨੰਦਾ) ਨੇ ਫੀਡਬੈਕ ਦਿੱਤੀ ਸੀ ਕਿ ਮਮਤਾ ਬੈਨਰਜੀ ਦੀ ਹਾਰ ਯਕੀਨੀ ਹੈ।
ਉਨ੍ਹਾਂ ਕਿਹਾ, "ਮੈਂ ਕਿਤੇ ਵੀ ਚੋਣ ਪ੍ਰਚਾਰ ਕਰਨ ਨਹੀਂ ਗਿਆ। ਸਾਡੇ (ਸਪਾ) ਕੋਲ (ਦੂਜੇ ਰਾਜਾਂ ਵਿੱਚ) ਪ੍ਰਚਾਰ ਕਰਨ ਲਈ ਸਾਧਨ ਨਹੀਂ ਸਨ। ਅਸੀਂ ਇੱਥੇ ਉੱਤਰ ਪ੍ਰਦੇਸ਼ ਵਿੱਚ ਹਾਂ ਅਤੇ ਇੱਥੇ ਦੇਖਭਾਲ ਕਰਦੇ ਹਾਂ।"
ਡੀਐੱਮਕੇ ਵੱਲੋਂ ਕਾਂਗਰਸ ਨੂੰ "ਪਿੱਠ ਵਿੱਚ ਛੁਰਾ ਮਾਰਨ ਵਾਲੀ" ਕਹਿਣ 'ਤੇ ਯਾਦਵ ਨੇ ਸਿੱਧਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ, ਜਦੋਂ ਕਾਂਗਰਸ ਨੇ ਵਿਜੇ ਦੀ 'ਤਮਿਲਗਾ ਵੇਟਰੀ ਕੜਗਮ' (TVK) ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ, "ਮੈਂ ਤੁਹਾਨੂੰ ਕਿਉਂ ਦੱਸਾਂ ਕਿ ਮੈਂ ਕਿਸ 'ਤੇ ਭਰੋਸਾ ਕਰਾਂਗਾ ਜਾਂ ਨਹੀਂ!"
ਜਦੋਂ ਪੁੱਛਿਆ ਗਿਆ ਕਿ ਕੀ ਉਹ ਜੇਡੀ(ਯੂ) ਨੇਤਾ ਨੀਤੀਸ਼ ਕੁਮਾਰ ਅਤੇ ਟੀਡੀਪੀ ਨੇਤਾ ਚੰਦਰਬਾਬੂ ਨਾਇਡੂ ਨਾਲ ਸੰਪਰਕ ਕਰਨਗੇ, ਤਾਂ ਯਾਦਵ ਨੇ ਕਿਹਾ, "ਜੇ ਨੀਤੀਸ਼ ਜੀ ਮੈਨੂੰ ਪਛਾਣਦੇ ਹਨ, ਤਾਂ ਉਹ ਸਾਡੇ ਨਾਲ ਆਉਣਗੇ, ਜਦੋਂ ਕਿ ਉਨ੍ਹਾਂ (ਨਾਇਡੂ) ਕੋਲ ਸਾਡਾ 'ਸਾਈਕਲ' (ਚੋਣ ਨਿਸ਼ਾਨ) ਹੈ।"
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪੱਛਮੀ ਬੰਗਾਲ ਵਿੱਚ ਚੋਣਾਂ ਦੌਰਾਨ ਜੋ ਕੁਝ ਦੇਖਿਆ ਗਿਆ, ਉਹ ਉੱਤਰ ਪ੍ਰਦੇਸ਼ ਵਿੱਚ ਵੱਡੇ ਪੱਧਰ 'ਤੇ ਦੁਹਰਾਇਆ ਜਾ ਸਕਦਾ ਹੈ, ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਯਾਦਵ ਨੇ ਕਿਹਾ, ‘‘ਮੈਂ ਮਮਤਾ ਜੀ ਨੂੰ ਮਿਲਣ ਪੱਛਮੀ ਬੰਗਾਲ ਜਾਵਾਂਗਾ।’’

