west bengal ਸਿੱਖਿਆ ਵਿਭਾਗ ਦੇ ਦਫ਼ਤਰ ਦਾ ਘਿਰਾਓ
ਨੌਕਰੀ ਗੁਆੳੁਣ ਵਾਲੇ ਹਜ਼ਾਰ ਤੋਂ ਵੱਧ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਅਦਾਲਤੀ ਫ਼ੈਸਲਿਆਂ ਤੋਂ ਬਾਅਦ ਆਪਣੀਆਂ ਨੌਕਰੀਆਂ ਗੁਆ ਚੁੱਕੇ 1000 ਤੋਂ ਵੱਧ ਅਧਿਆਪਕਾਂ ਨੇ ਅੱਜ ਪੱਛਮੀ ਬੰਗਾਲ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਅੱਗੇ ਧਰਨਾ ਲਾਇਆ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਉਨ੍ਹਾਂ ਦੀ ਭਰਤੀ ਪ੍ਰਕਿਰਿਆ ਤੇਜ਼ ਕਰੇ।
ਮੁਜ਼ਾਹਰਾਕਾਰੀ ਉਨ੍ਹਾਂ 25,753 ਅਧਿਆਪਕਾਂ ਅਤੇ ਹੋਰ ਅਮਲੇ ਵਿੱਚੋਂ ਹਨ, ਜਿਨ੍ਹਾਂ ਦੀਆਂ ਨੌਕਰੀਆਂ 2016 ਸਕੂਲ ਸਰਵਿਸ ਕਮਿਸ਼ਨ (ਐੱਸ ਐੱਸ ਸੀ) ਪ੍ਰੀਖਿਆਵਾਂ ’ਚ ਬੇਨਿਯਮੀਆਂ ਕਾਰਨ ਕਲਕੱਤਾ ਹਾਈ ਕੋਰਟ ਦੇ 2024 ਦੇ ਫ਼ੈਸਲੇ ਅਤੇ 2025 ਵਿੱਚ ਸੁਪਰੀਮ ਕੋਰਟ ਵੱਲੋਂ ਇਸ ਫ਼ੈਸਲੇ ਨੂੰ ਕਾਇਮ ਰੱਖਣ ਮਗਰੋਂ ਰੱਦ ਕਰ ਦਿੱਤੀਆਂ ਗਈਆਂ ਸਨ।
ਮੀਂਹ ਦੀ ਪਰਵਾਹ ਨਾ ਕਰਦਿਆਂ ਡਿਜ਼ਰਵਿੰਗ ਟੀਚਰਜ਼ ਫੋਰਮ ਦੇ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਕੋਲਕਾਤਾ ਦੇ ਨਾਲ ਲੱਗਦੇ ਸਾਲਟ ਲੇਕ ਦੇ ਕਰੁਣਾਮੋਈ ਕਰਾਸਿੰਗ ਤੋਂ ਮਾਰਚ ਸ਼ੁਰੂ ਕੀਤਾ, ਜੋ ਵਿਕਾਸ ਭਵਨ ਅੱਗੇ ਧਰਨੇ ’ਚ ਤਬਦੀਲ ਹੋ ਗਿਆ।
ਸਿਖਰਲੀ ਅਦਾਲਤ ਨੇ ਸੂਬੇ ਨੂੰ 2016 ਦੇ ਉਨ੍ਹਾਂ ਐੱਸ ਐੱਸ ਸੀ ਉਮੀਦਵਾਰਾਂ ਦੀ ਭਰਤੀ ਪ੍ਰੀਖਿਆ ਕਰਵਾਉਣ ਲਈ 30 ਮਈ, 2027 ਤੱਕ ਦੀ ਸਮਾਂ-ਸੀਮਾ ਦਿੱਤੀ ਹੈ, ਜਿਨ੍ਹਾਂ ਦੀਆਂ ਨੌਕਰੀਆਂ ਰੱਦ ਕਰ ਦਿੱਤੀਆਂ ਗਈਆਂ ਸਨ।
ਡਿਜ਼ਰਵਿੰਗ ਟੀਚਰਜ਼ ਫੋਰਮ ਦੇ ਸੁਬ੍ਰਤ ਬਿਸਵਾਸ ਨੇ ਦੱਸਿਆ, ‘‘ਅਸੀਂ ਸਕੂਲ ਸਿੱਖਿਆ ਮੰਤਰੀ ਦੀਪਕ ਬਰਮਨ ਨਾਲ ਮੁਲਾਕਾਤ ਕਰਨ ਅਤੇ ਇਸ ਮੁੱਦੇ ’ਤੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦਾ ਦਖ਼ਲ ਮੰਗਦੇ ਹਾਂ। ਸਾਨੂੰ ਭਰੋਸਾ ਹੈ ਕਿ ਭਾਜਪਾ, ਜਿਸ ਨੇ ਟੀ ਐੱਮ ਸੀ ਸ਼ਾਸਨ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨਾਲ ਹਮਦਰਦੀ ਪ੍ਰਗਟਾਈ ਸੀ, ਸਾਡੇ ਨਾਲ ਖੜ੍ਹੇਗੀ ਅਤੇ ਯੋਗ ਸਿੱਖਿਅਕਾਂ ਦੀ ਪਾਰਦਰਸ਼ੀ ਭਰਤੀ ਪ੍ਰਕਿਰਿਆ ਨੂੰ ਤੇਜ਼ ਕਰੇਗੀ।’’
ਮੌਕੇ ’ਤੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ, ਜਦੋਂ ਕਿ ਮੁਜ਼ਾਹਰਾਕਾਰੀਆਂ ਨੇ ਵਿਕਾਸ ਭਵਨ ਸਾਹਮਣੇ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕੀਤੀ।

