Weather Update: ਮੌਨਸੂਨ ਨੂੰ ਦੱਖਣੀ ਮਹਾਰਾਸ਼ਟਰ ਵਿੱਚ ਬਰੇਕਾਂ ਲੱਗੀਆਂ
ਦੇਸ਼ ਵਿੱਚ ਪਿਛਲੇ 15 ਦਿਨਾਂ ਵਿੱਚ ਆਮ ਨਾਲੋਂ 41 ਫ਼ੀਸਦ ਘੱਟ ਮੀਂਹ
ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਦੇ ਤਾਜ਼ਾ ਅੰਕੜਿਆਂ ਅਨੁਸਾਰ ਦੱਖਣੀ ਮਹਾਰਾਸ਼ਟਰ ਵਿੱਚ ਦੱਖਣ-ਪੱਛਮੀ ਮੌਨਸੂਨ ਰੁਕ ਜਾਣ ਕਾਰਨ 15 ਦਿਨਾਂ (4 ਜੂਨ ਤੋਂ 18 ਜੂਨ) ਦੌਰਾਨ ਪੂਰੇ ਦੇਸ਼ ਵਿੱਚ 41 ਫ਼ੀਸਦ ਘੱਟ ਮੀਂਹ ਪਏ ਹਨ। ਇਸ ਅਰਸੇ ਦੌਰਾਨ ਵਿੱਚ ਦੇਸ਼ ਵਿੱਚ ਸਿਰਫ਼ 42.6 ਮਿਲੀਮੀਟਰ ਮੀਂਹ ਪਿਆ ਜਦੋਂਕਿ ਆਮ ਕਰ ਕੇ ਇਨ੍ਹਾਂ ਦਿਨਾਂ ਵਿੱਚ 72.2 ਮਿਲੀਮੀਟਰ ਮੀਂਹ ਪੈਂਦਾ ਹੈ।
ਆਈ ਐੱਮ ਡੀ ਦੇ ਖੇਤਰ-ਵਾਰ ਘੱਟ ਮੀਂਹ ਵਾਲੇ ਨਕਸ਼ੇ ਤੋਂ ਪਤਾ ਲੱਗਦਾ ਹੈ ਕਿ ਮੱਧ ਭਾਰਤ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ, ਦੱਖਣੀ ਪ੍ਰਾਇਦੀਪ ਅਤੇ ਉੱਤਰ-ਪੱਛਮੀ ਭਾਰਤ ਵਿੱਚ ਮੀਂਹ ਦੀ ਘਾਟ ਕ੍ਰਮਵਾਰ 67 ਫ਼ੀਸਦ, 42 ਫ਼ੀਸਦ, 22 ਫ਼ੀਸਦ ਅਤੇ 6 ਫ਼ੀਸਦ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਪਿਛਲੇ ਕੁਝ ਦਿਨਾਂ ਵਿੱਚ ਮਹਾਰਾਸ਼ਟਰ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਣ ਵਿੱਚ ਅਸਫਲ ਰਹੀ, ਜਿਸ ਦਾ ਮੁੱਖ ਕਾਰਨ ‘ਵੱਡੇ ਪੱਧਰ ’ਤੇ ਅਨੁਕੂਲ ਮੌਸਮੀ ਹਾਲਾਤ ਦੀ ਅਣਹੋਂਦ’ ਸੀ। ਉੱਤਰੀ ਹਿੱਸੇ ਵੱਲ ਵਧਦੇ ਮੌਨਸੂਨ ਦੀ ਰਫ਼ਤਾਰ ਘਟਣ ਦੇ ਪੰਜ ਮੁੱਖ ਕਾਰਨ ਹਨ।
ਪਹਿਲਾ ਕਾਰਨ ਮੌਜੂਦਾ ਮੌਨਸੂਨ ਦੇ ਪ੍ਰਵਾਹ ਵਿੱਚ ਅਰਬ ਸਾਗਰ ਤੋਂ ਤੇਜ਼ ਲਹਿਰ ਦੀ ਘਾਟ ਹੈ। ਦੂਜਾ ਅਰਬ ਸਾਗਰ ਉੱਤੇ ਮੌਨਸੂਨ ਸਰਕੂਲੇਸ਼ਨ ਨਾਲ ਜੁੜੀਆਂ ਨੀਵੀਆਂ ਦੱਖਣ-ਪੱਛਮੀ ਹਵਾਵਾਂ ਦਾ ਕਮਜ਼ੋਰ ਹੋਣਾ ਹੈ। ਇਸ ਕਾਰਨ ਮਹਾਰਾਸ਼ਟਰ ਸਾਹਿਲ ਅਤੇ ਅੰਦਰੂਨੀ ਖੇਤਰਾਂ ਵੱਲ ਨਮੀ ਦੀ ਆਵਾਜਾਈ ਘਟ ਗਈ ਹੈ। ਤੀਜਾ, ਪੱਛਮੀ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਉੱਤੇ ਕਰਾਸ ਇਕੂਟੇਰੀਅਲ ਵਹਾਅ, ਜੋ ਦੱਖਣ-ਪੱਛਮੀ ਮੌਨਸੂਨ ਲਈ ਨਮੀ ਦੇ ਸਰੋਤ ਵਜੋਂ ਕੰਮ ਕਰਦਾ ਹੈ, ਦੇ ਹਾਲੀਆ ਸਮੇਂ ਦੌਰਾਨ ਕਮਜ਼ੋਰ ਹੋਣਾ ਹੈ। ਚੌਥਾ, ਮੌਨਸੂਨ ਮੌਸਮ ਪ੍ਰਣਾਲੀਆਂ ਜਿਵੇਂ ਕਿ ਘੱਟ ਦਬਾਅ ਵਾਲੇ ਖੇਤਰ ਜਾਂ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਉੱਤੇ ਚੱਕਰਵਾਤੀ ਸਰਕੂਲੇਸ਼ਨ ਆਦਿ ਦੀ ਗ਼ੈਰ-ਮੌਜੂਦਗੀ ਹੈ। ਆਖ਼ਰੀ ਕਾਰਕ ਮੈਡਨ-ਜੂਲੀਅਨ ਓਸੀਲੇਸ਼ਨ ਦਾ ਕਮਜ਼ੋਰ ਪੜਾਅ ਹੈ, ਜੋ ਭੂਮੱਧ ਰੇਖਾ ਦੁਆਲੇ ਚੱਕਰ ਲਾਉਂਦੇ ਹੋਏ ਮੀਂਹ ਲਿਆਉਂਦਾ ਹੈ। -ਪੀਟੀਆਈ

