ਦੇਸ਼ ਭਰ ’ਚ ਮੌਨਸੂਨ ਨੇ ਰਫ਼ਤਾਰ ਫੜ ਲਈ ਹੈ। ਐਤਵਾਰ ਨੂੰ ਮੋਹਲੇਧਾਰ ਮੀਂਹ ਕਾਰਨ ਮੁੰਬਈ ’ਚ ਹਵਾਈ ਸੇਵਾਵਾਂ ਠੱਪ ਹੋ ਗਈਆਂ ਜਦਕਿ ਦਿੱਲੀ ਸਮੇਤ ਕੇਰਲਾ, ਉੜੀਸਾ ਅਤੇ ਝਾਰਖੰਡ ’ਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਗਏ ਹਨ। ਮੁੰਬਈ ’ਚ ਰਾਤ ਭਰ ਪਏ ਮੀਂਹ ਕਾਰਨ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਆਵਾਜਾਈ ਇਕ ਘੰਟੇ ਲਈ ਮੁਲਤਵੀ ਕਰਨੀ ਪਈ। ਤੇਜ਼ ਹਵਾਵਾਂ ਅਤੇ ਦਿਖਾਈ ਦੇਣ ਦੀ ਘੱਟ ਸਮਰੱਥਾ ਕਾਰਨ ਕਈ ਉਡਾਣਾਂ ਦੇਰੀ ਨਾਲ ਚੱਲੀਆਂ, ਜਿਸ ਨਾਲ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 200 ਤੋਂ 300 ਐੱਮ ਐੱਮ ਤੱਕ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਮੌਸਮ ਵਿਭਾਗ ਨੇ ‘ਰੈੱਡ ਅਲਰਟ’ ਬਰਕਰਾਰ ਰੱਖਿਆ ਹੈ।
ਦੂਜੇ ਪਾਸੇ, ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਉੜੀਸਾ ਦੇ ਸਾਰੇ ਜ਼ਿਲ੍ਹਿਆਂ ਅਤੇ ਬੰਗਾਲ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਕੇਰਲਾ ਵਿੱਚ ਵੀ ਲਗਾਤਾਰ ਹੋ ਰਹੀ ਬਾਰਸ਼ ਦੇ ਮੱਦੇਨਜ਼ਰ ਕੰਨੂਰ ਅਤੇ ਕਾਸਰਗੋਡ ਸਮੇਤ ਕਈ ਉੱਤਰੀ ਜ਼ਿਲ੍ਹਿਆਂ ’ਚ ‘ਔਰੇਂਜ’ ਅਤੇ ‘ਯੈਲੋ’ ਅਲਰਟ ਜਾਰੀ ਕੀਤਾ ਗਿਆ ਹੈ। ਆਫ਼ਤ ਪ੍ਰਬੰਧਨ ਅਥਾਰਿਟੀ ਨੇ ਜ਼ਮੀਨ ਖਿਸਕਣ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐੱਨ ਸੀ ਆਰ ਵਿੱਚ ਦਰਮਿਆਨੇ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਝਾਰਖੰਡ ’ਚ ਵੀ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਸਾਰੇ 24 ਜ਼ਿਲ੍ਹਿਆਂ ’ਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਨਾਲ ਤਾਪਮਾਨ ’ਚ 3 ਤੋਂ 4 ਡਿਗਰੀ ਦੀ ਗਿਰਾਵਟ ਆਉਣ ਦੀ ਉਮੀਦ ਹੈ।

