Weather: ਵਾਰਾਣਸੀ ਵਿੱਚ ਭਾਰੀ ਮੀਂਹ ਕਾਰਨ ਪੰਜ ਮੌਤਾਂ
ਗੰਗਾ ਦਾ ਪਾਣੀ ਵਧਣ ਕਾਰਨ ਦਸ਼ਾਸ਼ਵਮੇਧ ਘਾਟ ’ਤੇ ਆਰਤੀ ਦੀ ਥਾਂ ਬਦਲੀ
ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਤਿੰਨ ਵਿਅਕਤੀਆਂ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ; ਦੋ ਜਣੇ ਕੰਧ ਡਿੱਗਣ ਕਾਰਨ ਮਲਬੇ ਹੇਠਾਂ ਦੱਬੇ ਗਏ। ਇਸ ਦੌਰਾਨ ਗੰਗਾ ਦਰਿਆ ਦਾ ਜਲ ਪੱਧਰ ਵਧਣ ਕਾਰਨ ਦਸ਼ਾਸ਼ਵਮੇਧ ਘਾਟ ਉੱਤੇ ਹੋਣ ਵਾਲੀ ਮਸ਼ਹੂਰ ਗੰਗਾ ਆਰਤੀ ਵੀ ਛੱਤ ਉੱਤੇ ਕਰਨੀ ਪਈ।
ਉਧਰ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਬਾਗਲੀਹਾਰ ਡੈਮ ਨੇੜੇ ਜ਼ਮੀਨ ਧੱਸਣ ਕਾਰਨ ਇੱਕ ਮਕਾਨ ਡਿੱਗ ਗਿਆ ਅਤੇ ਕਈਆਂ ਵਿੱਚ ਤਰੇੜਾਂ ਆ ਗਈਆਂ। ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾ ਦਿੱਤਾ ਹੈ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਵੀ ਭਾਰੀ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਸੈਕਟਰ 9 ਵਿੱਚ ਸੀਮਿੰਟ ਨਾਲ ਭਰਿਆ ਟਰੱਕ ਸੜਕ ਵਿੱਚ ਧੱਸ ਗਿਆ। ਸ਼ਹਿਰ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਦਫ਼ਤਰ ਅਤੇ ਸਕੂਲ ਬੰਦ ਕਰਦਿਆਂ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ। ਦਿੱਲੀ ਵਿੱਚ ਵੀ ਭਾਰੀ ਮੀਂਹ ਕਾਰਨ ਏਮਜ਼ ਫਲਾਈਓਵਰ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੰਬੇ ਟਰੈਫਿਕ ਜਾਮ ਲੱਗ ਗਏ।
ਹਿਮਾਚਲ ਵਿੱਚ 99 ਸੜਕਾਂ ਬੰਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ 99 ਸੜਕਾਂ ਬੰਦ ਹੋ ਗਈਆਂ ਹਨ। ਚੰਬਾ ਦੇ ਭਰਮੌਰ ਇਲਾਕੇ ਵਿੱਚ ਢਿੱਗਾਂ ਡਿੱਗਣ ਕਾਰਨ ਕੋਡਲਾ-ਉਰਾਈ ਮਾਰਗ ਬੰਦ ਹੋ ਗਿਆ, ਜਿਸ ਕਾਰਨ ਵਾਹਨਾਂ ਨੂੰ ਬਦਲਵੇਂ ਰਸਤੇ ਰਾਹੀਂ ਕੱਢਿਆ ਜਾ ਰਿਹਾ ਹੈ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਮੰਡੀ ਵਿੱਚ ਸਭ ਤੋਂ ਵੱਧ 44 ਸੜਕਾਂ ਬੰਦ ਹਨ। ਮੌਸਮ ਵਿਭਾਗ ਨੇ 31 ਅਗਸਤ ਤੱਕ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ

