Himalayan Climate Change: ਹਿਮਾਲਿਆ ’ਚ ਜ਼ਿਆਦਾ ਮੀਂਹ ਲਈ ਜਲਵਾਯੂ ਤਬਦੀਲੀ ਜ਼ਿੰਮੇਵਾਰ
ਸਰਕਾਰ ਨੇ ਲੋਕ ਸਭਾ ’ਚ ਜਾਣਕਾਰੀ ਦਿੱਤੀ; ਮਨੁੱਖੀ ਕਾਰਕਾਂ ਦਾ ਵੀ ਯੋਗਦਾਨ
Himalayan Climate Change: ਕੇਂਦਰ ਸਰਕਾਰ ਨੇ ਅੱਜ ਲੋਕ ਸਭਾ ’ਚ ਦੱਸਿਆ ਕਿ ਜਲਵਾਯੂ ਤਬਦੀਲੀ ਹਿਮਾਲਿਆ ਖੇਤਰ ਵਿੱਚ ਵਾਰ-ਵਾਰ ਬਹੁਤ ਜ਼ਿਆਦਾ ਮੀਂਹ ਪੈਣ ਦਾ ਕਾਰਨ ਬਣ ਰਹੀ ਹੈ। ਮੀਂਹ ਦੀ ਤੀਬਰਤਾ ਵਧਣ ਵਿੱਚ ਵੀ ਜਲਵਾਯੂ ਤਬਦੀਲੀ ਦਾ ਯੋਗਦਾਨ ਹੈ। ਇਸ ਤੋਂ ਇਲਾਵਾ ਮਨੁੱਖੀ ਕਾਰਕ ਵੀ ਤਬਾਹੀ ਦੇ ਸਮੁੱਚੇ ਖ਼ਤਰੇ ਨੂੰ ਹੋਰ ਵਧਾ ਰਹੇ ਹਨ।
ਇਹ ਜਵਾਬ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਅਤੇ ਹੋਰ ਆਫ਼ਤਾਂ ਵਿੱਚ ਵਾਧੇ ਲਈ ਕੀ ਜਲਵਾਯੂ ਤਬਦੀਲੀ ਅਤੇ ਗ਼ੈਰ-ਵਿਗਿਆਨਕ ਉਸਾਰੀਆਂ ਜ਼ਿੰਮੇਵਾਰ ਹਨ, ਬਾਰੇ ਪੁੱਛੇ ਗਏ ਇੱਕ ਸਵਾਲ ’ਤੇ ਆਇਆ ਹੈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਮੌਸਮ ਮਾਹਰਾਂ, ਵਿਗਿਆਨਕ ਸੰਸਥਾਵਾਂ ਅਤੇ ਰਾਜ ਇਕਾਈਆਂ ਦੇ ਮੁਲਾਂਕਣਾਂ ਤੋਂ ਪਤਾ ਲੱਗਦਾ ਹੈ ਕਿ ਜਲਵਾਯੂ ਤਬਦੀਲੀ ਨੇ ਹਿਮਾਲਿਆ ਖੇਤਰ ਵਿੱਚ ਬਹੁਤ ਜ਼ਿਆਦਾ ਮੀਂਹ ਦੀਆਂ ਘਟਨਾਵਾਂ ਦੀ ਤੀਬਰਤਾ ਨੂੰ ਵਧਾ ਦਿੱਤਾ ਹੈ ਤੇ ਇਹ ਨਿਰੰਤਰ ਹੋ ਰਿਹਾ ਹੈ। ਰਾਏ ਨੇ ਕਿਹਾ ਕਿ ਇੱਕ ਕੇਂਦਰੀ ਟੀਮ ਦੇ ਅਧਿਐਨ ਅਨੁਸਾਰ, ‘ਮਨੁੱਖੀ ਕਾਰਕਾਂ ਨੇ ਵੀ ਖੇਤਰ ਵਿੱਚ ਜੋਖਮ ਵਧਾਇਆ ਹੈ।’ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ, ਅਚਾਨਕ ਹੜ੍ਹਾਂ, ਜ਼ਮੀਨ ਖਿਸਕਣ ਤੇ ਮੀਂਹ ਦੀਆਂ ਘਟਨਾਵਾਂ ਬਾਰੇ ਕਮੇਟੀ ਦਾ ਗਠਨ ਕੀਤਾ ਸੀ। ਇਸ ਟੀਮ ਵਿੱਚ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ, ਵਿਦਿਅਕ ਸੰਸਥਾਵਾਂ ਅਤੇ ਵੱਖ-ਵੱਖ ਏਜੰਸੀਆਂ ਦੇ ਮਾਹਰ ਸ਼ਾਮਲ ਹਨ। ਸਰਕਾਰ ਨੇ ਕਿਹਾ ਕਿ ਤੇਜ਼ੀ ਨਾਲ ਪਿਘਲ ਰਹੀ ਬਰਫ਼ ਉੱਚੇ ਪਰਬਤੀ ਖੇਤਰਾਂ ਵਿੱਚ ਪਾਣੀ ਦੇ ਜ਼ਿਆਦਾ ਵਹਾਅ ਵਿੱਚ ਯੋਗਦਾਨ ਪਾਉਣ ਵਾਲੇ ਕਾਰਕਾਂ ਵਿੱਚੋਂ ਇੱਕ ਹੈ। ਬਰਫ਼ ਦਾ ਤੇਜ਼ੀ ਨਾਲ ਪਿਘਲਣਾ ਪਹਿਲਾਂ ਹੀ ਕਮਜ਼ੋਰ ਪਹਾੜੀ ਇਲਾਕਿਆਂ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡ ਸਕਦਾ ਹੈ, ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਪਾਣੀ ਦਾ ਵਹਾਅ ਵਧੇਗਾ।
ਚਮੋਲੀ ’ਚ ਪੁਲ ਰੁੜ੍ਹਨ ਵਾਲੀ ਥਾਂ ’ਤੇ ਬਚਾਅ ਕਾਰਜ ਜਾਰੀ
ਚਮੋਲੀ: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਜਯੋਤਿਰਮੱਠ-ਮਲਾੜੀ ਸੜਕ ’ਤੇ ਤਾਮਕ ਨਾਲ਼ੇ ਵਿੱਚ ਪਾਣੀ ਦੇ ਵਹਾਅ ’ਚ ਅਚਾਨਕ ਤੇਜ਼ੀ ਆਉਣ ਕਾਰਨ ਪੁਲ ਰੁੜ੍ਹ ਜਾਣ ਵਾਲੀ ਥਾਂ ’ਤੇ ਆਫ਼ਤ ਪ੍ਰਬੰਧਨ ਅਥਾਰਿਟੀ ਦੀਆਂ ਟੀਮਾਂ ਪਹੁੰਚ ਗਈਆਂ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੂੰ ਰਾਹਤ ਅਤੇ ਬਚਾਅ ਕਾਰਜਾਂ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਇਨ੍ਹਾਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਟੀਮਾਂ ਮੌਕੇ ’ਤੇ ਖੋਜ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ। ਮੁੱਖ ਮੰਤਰੀ ਦਫ਼ਤਰ ਦੇ ਅਨੁਸਾਰ ਪਾਣੀ ਅਚਾਨਕ ਵਧਣ ਨਾਲ ਇੱਕ ਵਿਅਕਤੀ ਅਤੇ ਵਾਹਨ ਰੁੜ੍ਹ ਗਏ। ਇਸ ਘਟਨਾ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਪ੍ਰਭਾਵਿਤ ਖੇਤਰ ਤੋਂ ਦੂਰ ਰਹਿਣ ਅਤੇ ਹਾਲਾਤ ਸੁਧਰਨ ਤੱਕ ਇਸ ਰਸਤੇ ’ਤੇ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਧਾਮੀ ਨੇ ਅਧਿਕਾਰੀਆਂ ਨੂੰ ਹੇਠਲੇ ਇਲਾਕਿਆਂ ਵਿੱਚ ਚੌਕਸੀ ਵਰਤਣ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। -ਏਐੱਨਆਈ

