ਕਿਸੇ ਵੀ ਸਿਆਸੀ ਪਾਰਟੀ ਨਾਲ ਗਠਜੋੜ ਨਹੀਂ ਕਰਾਂਗੇ; ਜਨਤਾ ਹੀ ਸਾਡੀ ਸਹਿਯੋਗੀ ਹੈ: ਪ੍ਰਸ਼ਾਂਤ ਕਿਸ਼ੋਰ
ਬਾਂਕੀਪੁਰ ਸੀਟ 'ਤੇ 1995 ਤੋਂ ਲਗਾਤਾਰ ਭਾਜਪਾ ਦਾ ਰਿਹਾ ਸੀ ਕਬਜ਼ਾ
'ਜਨ ਸੁਰਾਜ ਪਾਰਟੀ' ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਸੋਮਵਾਰ ਨੂੰ ਬਾਂਕੀਪੁਰ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਜਿੱਤ ਤੋਂ ਬਾਅਦ ਕਿਸੇ ਵੀ ਸਿਆਸੀ ਪਾਰਟੀ ਨਾਲ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
ਭਾਜਪਾ ਦੇ ਨੀਰਜ ਕੁਮਾਰ ਨੂੰ 19 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਸਿਆਸੀ ਗਠਜੋੜ ਦਾ ਹਿੱਸਾ ਨਹੀਂ ਬਣੇਗੀ।
ਬਾਂਕੀਪੁਰ ਸੀਟ 'ਤੇ 1995 ਤੋਂ ਲਗਾਤਾਰ ਭਾਜਪਾ ਦਾ ਕਬਜ਼ਾ ਰਿਹਾ ਸੀ, ਪਰ ਇਸ ਜ਼ਿਮਨੀ ਚੋਣ ਵਿੱਚ ਜਨ ਸੁਰਾਜ ਨੇ ਪਹਿਲੀ ਵਾਰ ਇੱਥੇ ਜਿੱਤ ਹਾਸਲ ਕੀਤੀ ਹੈ।
ਗਠਜੋੜ ਦੀ ਸੰਭਾਵਨਾ ਅਤੇ ਚੋਣ ਇਕੱਲੇ ਲੜਨ ਦੀ ਆਪਣੀ ਪਹਿਲੀ ਰਣਨੀਤੀ 'ਤੇ ਮੁੜ ਵਿਚਾਰ ਕੀਤੇ ਜਾਣ ਸੰਬੰਧੀ ਸਵਾਲ 'ਤੇ ਪ੍ਰਸ਼ਾਤ ਕਿਸ਼ੋਰ ਨੇ ਕਿਹਾ, "ਅਸੀਂ ਕਿਸੇ ਨਾਲ ਗਠਜੋੜ ਨਹੀਂ ਕਰਾਂਗੇ। ਸਾਡਾ ਗਠਜੋੜ ਬਿਹਾਰ ਦੀ ਜਨਤਾ ਨਾਲ ਹੋਵੇਗਾ। ਤੁਸੀਂ ਦੇਖੋ ਕਿ ਬਾਂਕੀਪੁਰ ਦੀ ਜਨਤਾ ਨੇ ਸਥਾਪਿਤ ਸਿਆਸੀ ਪਾਰਟੀਆਂ ਨੂੰ ਛੱਡ ਕੇ ਸਾਨੂੰ ਸਮਰਥਨ ਦਿੱਤਾ ਹੈ।"
ਇਸ ਜਿੱਤ ਨਾਲ ਜਨ ਸੁਰਾਜ ਪਾਰਟੀ ਦੀ ਬਿਹਾਰ ਵਿਧਾਨ ਸਭਾ ਵਿੱਚ ਪਹਿਲੀ ਵਾਰ ਨੁਮਾਇੰਦਗੀ ਹੋਵੇਗੀ।
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, "ਮੈਂ ਆਮ ਵੋਟਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਜਨ ਸੁਰਾਜ ਦਾ ਸਾਥ ਦਿੱਤਾ, ਭਾਵੇਂ ਉਹ ਸਾਡੀ ਪਾਰਟੀ ਦੇ ਮੈਂਬਰ ਨਹੀਂ ਹਨ। ਅਜਿਹੇ ਲੋਕ ਸਾਰੀਆਂ ਪਾਰਟੀਆਂ ਵਿੱਚ ਸਨ ਭਾਜਪਾ, ਰਾਜਦ ਅਤੇ ਕਾਂਗਰਸ ਵਿੱਚ ਵੀ।"
ਹਾਲਾਂਕਿ, ਪ੍ਰਸ਼ਾਂਤ ਦੀ ਜਿੱਤ ਤੋਂ ਬਾਅਦ ਕੁਝ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਵਿਰੋਧੀ ਧਿਰ ਨੂੰ ਇਸ ਬਦਲੇ ਹੋਏ ਸਿਆਸੀ ਮਾਹੌਲ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਾਬਕਾ ਨੌਕਰਸ਼ਾਹ ਅਤੇ ਸਿਆਸੀ ਮਾਹਰ ਡੀ ਐੱਨ ਤਿਵਾੜੀ ਨੇ ਕਿਹਾ, "ਵਿਰੋਧੀ ਧਿਰ ਨੂੰ ਵਿਚਾਰਕ ਮਤਭੇਦਾਂ ਤੋਂ ਉੱਪਰ ਉੱਠ ਕੇ ਪ੍ਰਸ਼ਾਂਤ ਕਿਸ਼ੋਰ ਨਾਲ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਾਂਗਰਸ, ਰਾਸ਼ਟਰੀ ਜਨਤਾ ਦਲ (ਰਾਜਦ) ਅਤੇ ਖੱਬੇ ਪੱਖੀ ਪਾਰਟੀਆਂ ਨੂੰ ਇਸ ਬਣੇ ਹੋਏ ਮਾਹੌਲ ਦਾ ਲਾਭ ਉਠਾਉਣਾ ਚਾਹੀਦਾ ਹੈ।"
ਤਿਵਾੜੀ ਪਹਿਲਾਂ ਰਾਜਦ ਅਤੇ ਜਨਤਾ ਦਲ (ਯੂਨਾਈਟਿਡ) ਨਾਲ ਜੁੜੇ ਰਹੇ ਹਨ।

