ਭਵਿੱਖ ’ਚ ਵੀ ਤਿੰਨ ਭਾਸ਼ਾ ਨੀਤੀ ਸਵੀਕਾਰ ਨਹੀਂ ਕਰਾਂਗੇ: ਰਾਊਤ
ਮੁੰਬਈ, 2 ਜੁਲਾਈ
ਮਹਾਰਾਸ਼ਟਰ ਸਰਕਾਰ ਵੱਲੋਂ ‘ਤਿੰਨ ਭਾਸ਼ਾਈ’ ਨੀਤੀ ਲਾਗੂ ਕਰਨ ਦਾ ਆਪਣਾ ਹੁਕਮ ਵਾਪਸ ਲੈਣ ਤੋਂ ਬਾਅਦ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਇੱਥੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੀ ਨੀਤੀ ਸਵੀਕਾਰ ਨਹੀਂ ਕਰਨਗੇ। ਮਹਾਰਾਸ਼ਟਰ ਦੇ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਹਿੰਦੀ ਭਾਸ਼ਾ ਲਾਗੂ ਕਰਨ ਵਿਰੁੱਧ ਵਧ ਰਹੇ ਪ੍ਰਦਰਸ਼ਨਾਂ ਵਿਚਾਲੇ ਸੂਬਾ ਸਰਕਾਰ ਨੇ ਐਤਵਾਰ ਨੂੰ ‘ਤਿੰਨ ਭਾਸ਼ਾਈ’ ਨੀਤੀ ’ਤੇ ਸਰਕਾਰੀ ਹੁਕਮ ਵਾਪਸ ਲੈ ਲਿਆ ਹੈ। ਹਾਲਾਂਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਭਾਸ਼ਾ ਨੀਤੀ ਬਾਰੇ ਅੱਗੇ ਦਾ ਰਸਤਾ ਸੁਝਾਉਣ ਲਈ ਸਿੱਖਿਆ ਸ਼ਾਸਤਰੀ ਨਰੇਂਦਰ ਜਾਧਵ ਦੀ ਅਗਵਾਈ ਹੇਠ ਕਮੇਟੀ ਵੀ ਬਣਾਈ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਦਾਅਵਾ ਕੀਤਾ, ‘ਫੜਨਵੀਸ ਨੂੰ ਕਮੇਟੀਆਂ ਅਤੇ ਸਿਟ ਬਣਾਉਣ ਦਾ ਸ਼ੌਕ ਹੈ ਪਰ ਉਹ ਕਰਦੀਆਂ ਕੁੱਝ ਨਹੀਂ।’ ਉਨ੍ਹਾਂ ਕਿਹਾ, ‘ਜਾਧਵ ਸਤਿਕਾਰਤ ਅਰਥਸ਼ਾਸਤਰੀ ਹਨ ਪਰ ਇਸ ਕਮੇਟੀ ਦੀ ਹੁਣ ਕੋਈ ਵੁੱਕਤ ਨਹੀਂ ਹੈ। ਅਸੀਂ ਭਵਿੱਖ ਵਿੱਚ ਵੀ ਤਿੰਨ ਭਾਸ਼ਾ ਨੀਤੀ ਸਵੀਕਾਰ ਨਹੀਂ ਕਰਾਂਗੇ।’ ਸ਼ਿਵ ਸੈਨਾ (ਯੂਬੀਟੀ) ਅਤੇ ਰਾਜ ਠਾਕਰੇ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਨਵਨਿਰਮਾਣ ਸੈਨਾ ਵੱਲੋਂ 5 ਜੁਲਾਈ ਨੂੰ ਸਾਂਝੇ ਤੌਰ ’ਤੇ ‘ਮਰਾਠੀ ਵਿਜੈ ਦਿਵਸ’ ਮਨਾਉਣ ਦੇ ਕੀਤੇ ਗਏ ਐਲਾਨ ਬਾਰੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂ ਵਿਚਾਰ-ਵਟਾਂਦਰਾ ਕਰ ਰਹੇ ਹਨ। -ਪੀਟੀਆਈ