ਪੱਛਮੀ ਬੰਗਾਲ ’ਚੋਂ ਘੁਸਪੈਠੀਏ ਬਾਹਰ ਕੱਢਾਂਗੇ: ਸ਼ਾਹ
ਮਮਤਾ ਸਰਕਾਰ ’ਤੇ ਸਰਹੱਦੀ ਸੂਬੇ ਦੀ ਸੁਰੱਖਿਆ ਨੂੰ ਖ਼ਤਰੇ ’ਚ ਪਾੳੁਣ ਦਾ ਦੋਸ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਘੁਸਪੈਠ ਦੇ ਮੁੱਦੇ ’ਤੇ ਭਾਜਪਾ ਦੇ ਰੁਖ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਇਸ ਵੇਲੇ ਵੋਟਰ ਸੂਚੀ ਵਿੱਚੋਂ ‘ਸਿਰਫ਼ ਘੁਸਪੈਠੀਆਂ ਦੇ ਨਾਮ ਹਟਾਏ ਜਾ ਰਹੇ ਹਨ’ ਪਰ ਪੱਛਮੀ ਬੰਗਾਲ ਵਿੱਚ ਪੂਰਨ ਬਹੁਮਤ ਨਾਲ ਪਾਰਟੀ ਦੇ ਸੱਤਾ ’ਚ ਆਉਣ ਮਗਰੋਂ ਉਨ੍ਹਾਂ ਨੂੰ ‘ਸੂਬੇ ’ਚੋਂ ਬਾਹਰ ਕੱਢ ਦਿੱਤਾ ਜਾਵੇਗਾ।’
ਸ਼ਨਿੱਚਰਵਾਰ ਨੂੰ ਸੋਧੀ ਗਈ ਵੋਟਰ ਸੂਚੀ ਪ੍ਰਕਾਸ਼ਿਤ ਹੋਣ ਮਗਰੋਂ ਸੂਬੇ ਵਿੱਚ ਆਪਣੇ ਪਹਿਲੇ ਦੌਰੇ ’ਤੇ ਉਨ੍ਹਾਂ ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਭਾਜਪਾ ਦੀ ਪਰਿਵਰਤਨ ਯਾਤਰਾ ਰੈਲੀ ਨੂੰ ਸੰਬੋਧਨ ਕੀਤਾ। ਐੱਸ ਆਈ ਆਰ ਮਗਰੋਂ ਵੋਟਰ ਸੂਚੀ ਵਿੱਚੋਂ 63.66 ਲੱਖ ਲੋਕਾਂ ਦੇ ਨਾਮ ਹਟਾ ਦਿੱਤੇ ਗਏ ਹਨ। ਸ਼ਾਹ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਬੰਗਾਲ ਨੂੰ ‘ਘੁਸਪੈਠੀਆਂ ਦਾ ਸਵਰਗ’ ਬਣਾ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਵੱਲੋਂ ਗ਼ੈਰ-ਕਾਨੂੰਨੀ ਪਰਵਾਸ ਨੂੰ ਇਜਾਜ਼ਤ ਦੇਣ ਮਗਰੋਂ ਸਰਹੱਦੀ ਸੂਬੇ ਦੀ ਸੁਰੱਖਿਆ ਖ਼ਤਰੇ ਵਿੱਚ ਹੈ। ਸ਼ਾਹ ਨੇ ਕਿਹਾ, ‘‘ਬੰਗਾਲ ਇੱਕ ਸਰਹੱਦੀ ਸੂਬਾ ਹੈ। ਤ੍ਰਿਣਮੂਲ ਕਾਂਗਰਸ ਇੱਥੇ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੀ ਕਿਉਂਕਿ ਉਹ ਘੁਸਪੈਠੀਆਂ ਨੂੰ ਪਨਾਹ ਦਿੰਦੇ ਹਨ। ਸਿਰਫ਼ ਭਾਜਪਾ ਹੀ ਬੰਗਾਲ ਵਰਗੇ ਸਰਹੱਦੀ ਸੂਬੇ ’ਚ ਸੁਰੱਖਿਆ ਮੁਹੱਈਆ ਕਰਵਾ ਸਕਦੀ ਹੈ।’’ ਉਨ੍ਹਾਂ ‘ਘੁਸਪੈਠੀਆਂ’ ਅਤੇ ਗੁਆਂਢੀ ਦੇਸ਼ਾਂ ਤੋਂ ਹਿਜਰਤ ਕਰਕੇ ਆਏ ਘੱਟ ਗਿਣਤੀ ਲੋਕਾਂ ਵਿਚਲੇ ਫ਼ਰਕ ਦਾ ਜ਼ਿਕਰ ਕਰਦਿਆਂ ਕਿਹਾ, ‘‘ਮੈਂ ਹਿੰਦੂ ਸ਼ਰਨਾਰਥੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਉਨ੍ਹਾਂ ਵਿੱਚੋਂ ਇੱਕ ਵੀ ਆਪਣੀ ਨਾਗਰਿਕਤਾ ਨਹੀਂ ਗੁਆਏਗਾ।’’
ਸ਼ਾਹ ਨੇ ਬੰਗਾਲ ਦੀ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਮਮਤਾ ਬੈਨਰਜੀ ਹੁਣ ਮੰਦਰਾਂ ਦੇ ਉਦਘਾਟਨ ’ਚ ਰੁੱਝੀ ਹੋਈ ਹੈ ਕਿਉਂਕਿ ਉਹ ਜਾਣਦੀ ਹੈ ਕਿ ਹਿੰਦੂ ਉਸ ਤੋਂ ਖੁਸ਼ ਨਹੀਂ ਹਨ। ਪਰ ਉਹ ਨਾਲ ਹੀ ਬੰਗਾਲ ਵਿੱਚ ਬਾਬਰੀ ਮਸਜਿਦ ਦੀ ਉਸਾਰੀ ਦੀ ਇਜਾਜ਼ਤ ਦੇ ਰਹੀ ਹੈ।’’

