DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨੀ ਸੱਭਿਅਤਾ ਤਬਾਹ ਕਰ ਦੇਵਾਂਗੇ: Donald Trump

ਅਮਰੀਕੀ ਰਾਸ਼ਟਰਪਤੀ ਵੱਲੋਂ ਆਖ਼ਰੀ ਮੋਹਲਤ ਦੇ ਹਵਾਲੇ ਨਾਲ ਇਰਾਨ ਨੂੰ ਮੁੜ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਅਮਰੀਕੀ-ਇਜ਼ਰਾਇਲੀ ਹਮਲੇ ਮਗਰੋਂ ਤਹਿਰਾਨ ਵਿੱਚ ਮਹਿਰਾਬਾਦ ਹਵਾਈ ਅੱਡੇ ਨੇੜੇ ਲੱਗੀ ਅੱਗ ਅਤੇ ਉਠ ਰਿਹਾ ਧੂੰਆਂ। -ਫੋਟੋ: ਰਾਇਟਰਜ਼
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਮੁੜ ਚਿਤਾਵਨੀ ਦਿੱਤੀ ਕਿ ਜੇ ਇਰਾਨ ਨੇ ਰਣਨੀਤਕ ਪੱਖੋਂ ਅਹਿਮ ਹਰਮੁਜ਼ ਜਲ ਮਾਰਗ ਮੁੜ ਖੋਲ੍ਹਣ ਸਣੇ ਹੋਰ ਸ਼ਰਤਾਂ ਬਾਰੇ ਸਮਝੌਤੇ ਉੱਤੇ ਨਿਰਧਾਰਿਤ ਸੱਜਰੀ ਮੋਹਲਤ ਅੰਦਰ ਸਹਿਮਤੀ ਨਾ ਦਿੱਤੀ, ਤਾਂ ਇਸਲਾਮਿਕ ਗਣਰਾਜ ਦੀ ‘ਪੂਰੀ ਸਭਿਅਤਾ ਅੱਜ (ਮੰਗਲਵਾਰ) ਰਾਤ ਖ਼ਤਮ ਹੋ ਜਾਵੇਗੀ।’ ਇਹ ਚਿਤਾਵਨੀ ਅਜਿਹੇ ਮੌਕੇ ਆਈ ਹੈ ਜਦੋਂ ਇਰਾਨ ’ਤੇ ਹਵਾਈ ਹਮਲਿਆਂ ਵਿੱਚ ਦੋ ਪੁਲਾਂ ਤੇ ਇਕ ਰੇਲਵੇ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੌਰਾਨ ਰੈਵੋਲਿਊਸ਼ਨਰੀ ਗਾਰਡਜ਼ ਨੇ ਚਿਤਾਵਨੀ ਦਿੱਤੀ ਕਿ ਜੇ ਟਰੰਪ ਨੇ ਆਪਣੀ ਧਮਕੀ ਨੂੰ ਅੰਜਾਮ ਦਿੱਤਾ ਤਾਂ ਇਰਾਨ, ਅਮਰੀਕਾ ਤੇ ਉਸ ਦੇ ਭਾਈਵਾਲਾਂ ਨੂੰ ‘ਸਾਲਾਂ ਤੱਕ ਖੇਤਰ ਦੇ ਤੇਲ ਅਤੇ ਗੈਸ ਤੋਂ ਵਾਂਝਾ ਰੱਖੇਗਾ’ ਅਤੇ ਖਾੜੀ ਖੇਤਰ ਵਿੱਚ ਹਮਲਿਆਂ ਦਾ ਘੇਰਾ ਵਧਾਏਗਾ। ਇਰਾਨੀ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਬਿਜਲੀ ਪਲਾਂਟਾਂ ਦੀ ਸੁਰੱਖਿਆ ਲਈ ਇਨ੍ਹਾਂ ਦੁਆਲੇ ਮਨੁੱਖੀ ਕੜੀ ਬਣਾਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਰੂਸ ਤੇ ਚੀਨ ਨੇ ਹਰਮੁਜ਼ ਜਲ ਮਾਰਗ ਮੁੜ ਖੋਲ੍ਹਣ ਸਬੰਧੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਬਹਿਰੀਨ ਵੱਲੋਂ ਲਿਆਂਦੇ ਮਤੇ ਨੂੰ ਵੀਟੋ ਕਰ ਦਿੱਤਾ ਹੈ। ਮਤੇ ਦੇ ਹੱਕ ਵਿੱਚ 11 ਤੇ ਵਿਰੋਧ ’ਚ 2 ਵੋਟ ਪਏ ਜਦੋਂਕਿ ਦੋ ਮੈਂਬਰ ਗ਼ੈਰਹਾਜ਼ਰ ਰਹੇ।

ਟਰੰਪ ਇਸ ਤੋਂ ਪਹਿਲਾਂ ਵੀ ਆਪਣੇ ਵੱਲੋਂ ਦਿੱਤੀ ਮੋਹਲਤ ਵਿੱਚ ਵਾਧਾ ਕਰਦੇ ਰਹੇ ਹਨ, ਪਰ ਉਨ੍ਹ੍ਵਾਂ ਸਾਫ਼ ਕਰ ਦਿੱਤਾ ਕਿ ਮੰਗਲਵਾਰ ਰਾਤ 8 ਵਜੇ ਤੱਕ ਦੀ ਮੋਹਲਤ ਆਖ਼ਰੀ ਹੈ। ਟਰੰਪ ਨੇ ਬੇੜਿਆਂ ਦੀ ਆਵਾਜਾਈ ਲਈ ਹਰਮੁਜ਼ ਜਲ ਮਾਰਗ ਨਾ ਖੋਲ੍ਹਣ ਦੀ ਸੂਰਤ ਵਿੱਚ ਇਰਾਨ ਦੇ ਸਾਰੇ ਬਿਜਲੀ ਪਲਾਂਟ ਤੇ ਪੁਲ ਤਬਾਹ ਕਰਨ ਦੀ ਧਮਕੀ ਦਿੱਤੀ ਹੈ। ਉਂਝ ਇਹ ਸਪਸ਼ਟ ਨਹੀਂ ਕਿ ਇਰਾਨ ’ਤੇ ਸੱਜਰੇ ਹਵਾਈ ਹਮਲਿਆਂ ਦਾ ਟਰੰਪ ਦੀ ਪੁਲਾਂ ’ਤੇ ਹਮਲਿਆਂ ਦੀ ਧਮਕੀ ਨਾਲ ਕੋਈ ਸਬੰਧ ਹੈ ਜਾਂ ਨਹੀਂ। ਇਜ਼ਰਾਈਲ ਨੇ ਵੀ ਇਰਾਨ ਨੂੰ ਆਰਥਿਕ ਪੱਖੋਂ ਤੋੜਨ ਲਈ ਹਮਲੇ ਜਾਰੀ ਰੱਖੇ ਹਨ।

Advertisement

ਇਰਾਨ ਨੇ ਵੀ ਇਜ਼ਰਾਈਲ ਤੇ ਸਾਊਦੀ ਅਰਬ ਉੱਤੇ ਹਮਲੇ ਕੀਤੇ, ਜਿਸ ਕਰ ਕੇ ਪ੍ਰਮੁੱਖ ਪੁਲ ਨੂੰ ਅਸਥਾਈ ਤੌਰ ’ਤੇ ਬੰਦ ਕਰਨਾ ਪਿਆ। ਇਸ ਨੇ ਹਰਮੁਜ਼ ਜਲ ਮਾਰਗ ਬੰਦ ਕਰ ਕੇ ਆਲਮੀ ਅਰਥਚਾਰੇ ਨੂੰ ਵੱਡੀ ਸੱਟ ਮਾਰੀ ਹੈ। ਇਰਾਨ ਨੇ ਅਮਰੀਕਾ ਦੀ ਨਵੀਂ ਤਜਵੀਜ਼ ਭਾਵੇਂ ਰੱਦ ਕਰ ਦਿੱਤੀ ਹੈ, ਪਰ ਕੂਟਨੀਤਕ ਯਤਨਾਂ ਵਿੱਚ ਲੱਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਲਬਾਤ ਜਾਰੀ ਹੈ; ਹਾਲਾਂਕਿ ਇਹ ਸਪਸ਼ਟ ਨਹੀਂ ਕਿ ਟਰੰਪ ਦੇ ਧਮਕੀ ਭਰੇ ਹਮਲਿਆਂ ਨੂੰ ਰੋਕਣ ਲਈ ਸਮੇਂ ਸਿਰ ਕੋਈ ਸਮਝੌਤਾ ਸਿਰੇ ਚੜ੍ਹੇਗਾ ਜਾਂ ਨਹੀਂ।

Advertisement

ਟਰੰਪ ਨੇ ਮੰਗਲਵਾਰ ਸਵੇਰੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਜੇ ਸਮਝੌਤਾ ਸਿਰੇ ਨਾ ਚੜ੍ਹਿਆ ਤਾਂ ਪੂਰੀ ਇਰਾਨੀ ਤਹਿਜ਼ੀਬ ਅੱਜ ਰਾਤ ਖ਼ਤਮ ਹੋ ਜਾਵੇਗੀ, ਜਿਸ ਨੂੰ ਫਿਰ ਕਦੇ ਵੀ ਵਾਪਸ ਨਹੀਂ ਲਿਆਂਦਾ ਜਾ ਸਕੇਗਾ।’’ ਅਮਰੀਕੀ ਸਦਰ ਨੇ ਹਾਲਾਂਕਿ ਆਸ ਦੀ ਕਿਰਨ ਵਜੋਂ ਇਕ ਰਾਹ ਖੁੱਲ੍ਹਾ ਰੱਖਦਿਆਂ ਕਿਹਾ ਕਿ ‘ਹੋ ਸਕਦਾ ਹੈ ਕਿ ਸ਼ਾਇਦ ਇਨਕਲਾਬੀ ਰੂਪ ਵਿੱਚ ਕੁਝ ਅਨੋਖੀ ਗੱਲ ਹੋ ਜਾਵੇ।’ ਅਮਰੀਕਾ ਨੇ ਖ਼ਾਰਗ ਟਾਪੂ ਉੱਤੇ ਇਰਾਨੀ ਤੇਲ ਹੱਬ ਉੱਤੇ ਹਮਲਾ ਕੀਤਾ।

ਇਸ ਦੌਰਾਨ ਇਰਾਨੀ ਅਧਿਕਾਰੀ ਅਲੀਰਜ਼ਾ ਰਹੀਮੀ ਨੇ ਵੀਡੀਓ ਸੁਨੇਹੇ ਵਿੱਚ ‘ਸਾਰੇ ਨੌਜਵਾਨਾਂ, ਐਥਲੀਟਾਂ, ਕਲਾਕਾਰਾਂ, ਵਿਦਿਆਰਥੀਆਂ ਤੇ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪ੍ਰੋਫੈਸਰਾਂ’ ਨੂੰ ਸੱਦਾ ਦਿੱਤਾ ਕਿ ਉਹ ਬਿਜਲੀ ਪਲਾਂਟਾਂ ਦੁਆਲੇ ਮਨੁੱਖੀ ਕੜੀ ਬਣਾਉਣ। ਇਰਾਨ ਦੇ ਲੋਕ ਬੀਤੇ ਵਿੱਚ ਪੱਛਮ ਨਾਲ ਸਿਖਰ ਉੱਤੇ ਪੁੱਜੇ ਤਣਾਅ ਦਰਮਿਆਨ ਵੀ ਮਨੁੱਖੀ ਕੜੀਆਂ ਬਣਾਉਂਦੇ ਰਹੇ ਹਨ। ਹਾਲਾਂਕਿ ਐਤਕੀਂ ਇਹ ਸਾਫ਼ ਨਹੀਂ ਕਿ ਇਸ ਸੱਦੇ ਵੱਲ ਕੌਣ ਧਿਆਨ ਦੇੇਵੇਗਾ। ਤਹਿਰਾਨ ਨੇ ਆਪਣੇ ਇਕ ਪ੍ਰਮੁੱਖ ਬਿਜਲੀ ਪਲਾਂਟ ਨੂੰ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਬੰਦ ਕੀਤਾ ਹੋਇਆ ਹੈ।

ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਸ਼ਿਰਾਜ਼ ਵਿੱਚ ਇਰਾਨੀ ਪੈਟਰੋਕੈਮੀਕਲ ਸਾਈਟ ਉੱਤੇ ਹਮਲਾ ਕੀਤਾ ਹੈ। ਇਜ਼ਰਾਈਲ ਨੇ ਲੰਘੇ ਦਿਨ ਵੀ ਪੈਟਰੋਕੈਮੀਕਲ ਪਲਾਂਟ ਨੂੰ ਨਿਸ਼ਾਨਾ ਬਣਾਇਆ ਸੀ। ਇਜ਼ਰਾਈਲ ਨੇ ਫ਼ਾਰਸੀ ਜ਼ੁਬਾਨ ਵਿੱਚ ਜਾਰੀ ਚਿਤਾਵਨੀ ਵਿੱਚ ਇਰਾਨ ਦੇ ਲੋਕਾਂ ਨੂੰ ਰੇਲ ਸਫ਼ਰ ਕਰਨ ਤੋਂ ਵਰਜਿਆ। ਇਰਾਨੀ ਅਧਿਕਾਰੀਆਂ ਨੇ ਹਾਲਾਂਕਿ ਮਗਰੋਂ ਕਿਹਾ ਕਿ ਹਵਾਈ ਹਮਲਿਆਂ ਵਿੱਚ ਰੇਲਵੇ ਪੁਲ, ਰੇਲਵੇ ਸਟੇਸ਼ਨ ਤੇ ਹਾਈਵੇ ਪੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੱਛਮੀ ਇਰਾਨ ਵਿੱਚ ਖੋਰਾਮਾਬਾਦ ਕੌਮਾਂਤਰੀ ਹਵਾਈ ਅੱੱਡੇ ਅਤੇ ਤਹਿਰਾਨ ਦੇ ਉੱਤਰ ਪੱਛਮ ਵਿੱਚ ਅਲਬੋਰਜ਼ ਸੂਬੇ ’ਚ ਅਣਪਛਾਤੇ ਨਿਸ਼ਾਨੇ ’ਤੇ ਹਮਲੇ ਵਿੱਚ 18 ਲੋਕ ਮਾਰੇ ਗਏ। ਹੋਰਨਾਂ ਹਮਲਿਆਂ ਵਿੱਚ ਕੁੱਲ 15 ਵਿਅਕਤੀਆਂ ਦੀ ਜਾਨ ਜਾਂਦੀ ਰਹੀ।

ਤਹਿਰਾਨ ਨੇ ਵੀ ਮੰਗਲਵਾਰ ਵੱਡੇ ਤੜਕੇ ਸਾਊਦੀ ਅਰਬ ’ਤੇ ਮਿਜ਼ਾਈਲਾਂ ਦਾਗ਼ੀਆਂ, ਜਿਨ੍ਹਾਂ ਦਾ ਮਲਬਾ ਊਰਜਾ ਪਲਾਂਟਾਂ ਨੇੜੇ ਡਿੱਗਾ। ਇਨ੍ਹਾਂ ਹਮਲਿਆਂ ਕਰ ਕੇ ਸਾਊਦੀ ਅਰਬ ਨੇ ਕਿੰਗ ਫ਼ਾਹਦ ਕਾਜ਼ਵੇਅ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ। ਇਰਾਨ ਨੇ ਇਜ਼ਰਾਈਲ ਦੇ ਤਲ ਅਵੀਵ ਤੇ ਇਲਾਟ ਉੱਤੇ ਮਿਜ਼ਾਈਲਾਂ ਦਾਗ਼ੀਆਂ।

1.4 ਕਰੋੜ ਇਰਾਨੀ ਕੁਰਬਾਨੀ ਲਈ ਤਿਆਰ: ਪੇਜ਼ੇਸ਼ਕੀਅਨ

ਦੁਬਈ: ਅਮਰੀਕਾ ਵੱਲੋਂ ਦਿੱਤੀ ਅੰਤਿਮ ਚਿਤਾਵਨੀ ਦੌਰਾਨ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਅੱਜ ਕਿਹਾ ਕਿ ਉਨ੍ਹਾਂ ਸਮੇਤ 1.4 ਕਰੋੜ ਇਰਾਨੀ ਵਾਲੰਟੀਅਰ ਜੰਗ ਵਿੱਚ ਆਪਣੀ ਜਾਨ ਦੇਣ ਲਈ ਤਿਆਰ ਹਨ। ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਇਹ ਟਿੱਪਣੀ ‘ਐਕਸ’ ਉੱਤੇ ਉਦੋਂ ਕੀਤੀ ਜਿਸ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਇਰਾਨ ਹਰਮੁਜ਼ ਜਲ ਮਾਰਗ ਮੁੜ ਨਹੀਂ ਖੋਲ੍ਹਦਾ, ਤਾਂ ਉਸ ਦੇ ਬਿਜਲੀ ਪਲਾਂਟਾਂ ਅਤੇ ਪੁਲਾਂ ’ਤੇ ਬੰਬਾਰੀ ਕੀਤੀ ਜਾਵੇਗੀ। ਪੇਜ਼ੇਸ਼ਕੀਅਨ ਨੇ ਕਿਹਾ, ‘‘1.4 ਕਰੋੜ ਤੋਂ ਵੱਧ ਇਰਾਨੀ ਲੋਕਾਂ ਨੇ ਇਸ ਮੁਹਿੰਮ ਵਿੱਚ ਆਪਣੀ ਜਾਨ ਦੇਣ ਲਈ ਤਿਆਰ ਰਹਿਣ ਦਾ ਇਰਾਦਾ ਪ੍ਰਗਟਾਇਆ ਹੈ। ਮੈਂ ਵੀ ਇਰਾਨ ਲਈ ਆਪਣੀ ਜਾਨ ਦੇਣ ਲਈ ਪਹਿਲਾਂ ਵੀ ਤਿਆਰ ਸਾਂ, ਹੁਣ ਵੀ ਹਾਂ ਅਤੇ ਅੱਗੇ ਵੀ ਰਹਾਂਗਾ।’’ ਉੱਧਰ, ਇਰਾਨ ਦੀ ਰਾਜਧਾਨੀ ਤਹਿਰਾਨ ਦੇ ਉੱਤਰ-ਪੱਛਮ ਵਿੱਚ ਸਥਿਤ ਅਲਬੋਰਜ਼ ਸੂਬੇ ਵਿੱਚ ਹੋਏ ਹਵਾਈ ਹਮਲੇ ਵਿੱਚ ਘੱਟੋ-ਘੱਟ 18 ਜਣਿਆਂ ਦੀ ਮੌਤ ਹੋ ਗਈ ਹੈ। -ਏਪੀ

ਵਿਕਰਮ ਮਿਸਰੀ ਅੱਜ ਤੋਂ ਤਿੰਨ ਰੋਜ਼ਾ ਅਮਰੀਕਾ ਦੌਰੇ ’ਤੇ

ਨਵੀਂ ਦਿੱਲੀ: ਵਿਦੇਸ਼ ਸਕੱਤਰ ਵਿਕਰਮ ਮਿਸਰੀ ਬੁੱਧਵਾਰ ਤੋਂ ਵਾਸ਼ਿੰਗਟਨ ਡੀ ਸੀ ਦਾ ਤਿੰਨ ਰੋਜ਼ਾ ਦੌਰਾ ਕਰਨਗੇ। ਇਸ ਦੌਰਾਨ ਉਹ ਦੁਵੱਲੇ ਵਪਾਰਕ ਤੇ ਰੱਖਿਆ ਸਬੰਧਾਂ ਦੀ ਸਮੀਖਿਆ ਕਰਨਗੇ ਅਤੇ ਪੱਛਮੀ ਏਸ਼ੀਆ ਦੇ ਵਧਦੇ ਸੰਕਟ ’ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ (ਐੱਮ ਈ ਏ) ਅਨੁਸਾਰ ਇਹ ਦੌਰਾ ਭਾਰਤ-ਅਮਰੀਕਾ ਸਬੰਧਾਂ ਦੀ ਸਮੀਖਿਆ ਕਰਨ ਅਤੇ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਮੌਕਾ ਦੇਵੇਗਾ।

ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੋਵੇਂ ਧਿਰਾਂ ਕੁਝ ਸਮੇਂ ਦੇ ਤਣਾਅ ਮਗਰੋਂ ਰਿਸ਼ਤੇ ਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ ਤਜਵੀਜ਼ਤ ਦੁਵੱਲੇ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਵਿਦੇਸ਼ ਸਕੱਤਰ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਵਪਾਰ, ਰੱਖਿਆ, ਵਿਗਿਆਨ ਅਤੇ ਤਕਨਾਲੋਜੀ ਸਮੇਤ ਕਈ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਗੱਲਬਾਤ ਕਰਨਗੇ। -ਪੀਟੀਆਈ

Advertisement
×