ਅਸੀਂ ਮੌਤ ਨੇੜਿਓਂ ਦੇਖੀ...
ਦਿੱਲੀ ਧਮਾਕੇ ਨਾਲ ਮਰਨ ਵਾਲਿਆਂ ਵਿੱਚ ਮੁਨਿਆਰੀ ਵਾਲਾ, ਕੰਡਕਟਰ, ਈ-ਰਿਕਸ਼ਾ ਚਾਲਕ ਤੇ ਟੈਕਸੀ ਡਰਾਈਵਰ ਸ਼ਾਮਲ
ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਮਗਰੋਂ ਘਟਨਾ ਦੇ ਕੁਝ ਚਸ਼ਮਦੀਦ ਇਸ ਬਾਰੇ ਯਾਦ ਕਰਦਿਆਂ ਸਹਿਮ ਜਾਂਦੇ ਹਨ। ਹਸਪਤਾਲ ’ਚ ਦਾਖਲ ਰਾਮ ਪ੍ਰਤਾਪ ਨੇ ਘਟਨਾ ਬਾਰੇ ਦੱਸਿਆ, ‘‘ਲੋਕ ਸੜਕ ’ਤੇ ਪਏ ਸਨ, ਕੁਝ ਖੂਨ ਨਾਲ ਲਥਪਥ ਸਨ, ਕੁਝ ਬਿਲਕੁਲ ਵੀ ਹਿੱਲ ਨਹੀਂ ਰਹੇ ਸਨ। ਸਾਰੇ ਪਾਸੇ ਖੂਨ ਹੀ ਖੂਨ ਸੀ। ਅਸੀਂ ਮੌਤ ਨੇੜਿਓਂ ਦੇਖੀ ਹੈ।’’ ਬਿਹਾਰ ਦਾ ਰਹਿਣ ਵਾਲਾ ਅਤੇ ਸੜਕ ਕਿਨਾਰੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲਾ ਰਾਮ ਪ੍ਰਤਾਪ ਉਨ੍ਹਾਂ ਲੋਕਾਂ ’ਚ ਸ਼ਾਮਲ ਹੈ ਜੋ ਬੀਤੇ ਦਿਨ ਧਮਾਕੇ ਵਾਲੀ ਥਾਂ ਨੇੜੇ ਸੀ ਤੇ ਇਸ ਘਟਨਾ ’ਚ ਬਚ ਗਿਆ ਸੀ। ਬਿਹਾਰ ਦੇ ਸਹਰਸਾ ਜ਼ਿਲ੍ਹੇ ਦਾ ਰਹਿਣ ਵਾਲਾ ਵਿਜੇਂਦਰ ਯਾਦਵ ਜੋ ਦਿੱਲੀ ’ਚ ਪਾਣੀ ਦੀ ਸਪਲਾਈ ਤੇ ਟੈਂਕਰ ਦਾ ਕਾਰੋਬਾਰ ਕਰਦਾ ਹੈ, ਨੇ ਦੱਸਿਆ ਕਿ ਧਮਾਕੇ ਮਗਰੋਂ ਉਹ ਜ਼ਮੀਨ ’ਤੇ ਡਿੱਗ ਗਿਆ। ਜਦੋਂ ਉਹ ਉੱਠਿਆ ਤਾਂ ਕੱਪੜੇ ਖੂਨ ਨਾਲ ਲਿੱਬੜੇ ਹੋਏ ਸਨ। ਸੜਕ ’ਤੇ ਲਾਸ਼ਾਂ, ਕੱਚ ਦੇ ਟੁੱਕੜੇ ਤੇ ਮਾਸ ਦੇ ਟੋਟੇ ਖਿੱਲ੍ਹਰੇ ਹੋਏ ਸਨ। ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਤੋਂ 18 ਸਾਲਾ ਨੌਮਾਨ ਅੰਸਾਰੀ ਆਪਣੀ ਦੁਕਾਨ ਲਈ ਮੁਨਿਆਰੀ ਦਾ ਸਾਮਾਨ ਖਰੀਦਣ ਲਈ ਕੌਮੀ ਰਾਜਧਾਨੀ ਆਇਆ ਸੀ ਤੇ ਲਾਲ ਕਿਲੇ ਨੇੜੇ ਧਮਾਕੇ ’ਚ ਉਸ ਦੀ ਜਾਨ ਚਲੀ ਗਈ। ਸ਼ਾਮਲੀ ਦੇ ਝਿੰਜਾਣਾ ਕਸਬੇ ਦਾ ਰਹਿਣ ਵਾਲਾ ਨੌਮਾਨ ਆਪਣੇ ਪਰਿਵਾਰ ਦਾ ਇੱਕੋ-ਇੱਕ ਕਮਾਊ ਮੈਂਬਰ ਸੀ। -ਪੀਟੀਆਈ

