DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਤਿਵਾਦ ਖ਼ਿਲਾਫ਼ ਇੱਕਜੁੱਟ ਹੋਣਾ ਪਵੇਗਾ: PM Modi

Modi Terrorism Warning: ਵਿਵਾਦਾਂ ਦਾ ਹੱਲ ਗੱਲਬਾਤ ਤੇ ਕੂਟਨੀਤੀ ਰਾਹੀਂ ਕਰਨ ਦਾ ਮਸ਼ਵਰਾ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐੱਸ ਸੀ ਓ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

PM Modi SCO summit terrorism speech: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਨੂੰ ਅਪੀਲ ਕੀਤੀ ਹੈ ਕਿ ਉਹ ਦਹਿਸ਼ਤਗਰਦੀ ਨੂੰ ਸਰਕਾਰ ਦੀ ਨੀਤੀ ਵਜੋਂ ਵਰਤਣ ਵਾਲੇ ਦੇਸ਼ਾਂ ਦਾ ਸਾਹਮਣਾ ਕਰੇ ਅਤੇ ਅਤਿਵਾਦੀ ਫੰਡਿੰਗ ਤੇ ਭਰਤੀ ਵਿਰੁੱਧ ਸਾਂਝੀ ਲੜਾਈ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕਰੇ। ਉਨ੍ਹਾਂ ਦੇ ਇਨ੍ਹਾਂ ਬਿਆਨਾਂ ਨੂੰ ਵਿਆਪਕ ਤੌਰ ’ਤੇ ਪਾਕਿਸਤਾਨ ’ਤੇ ਸਿੱਧੇ ਨਿਸ਼ਾਨੇ ਵਜੋਂ ਦੇਖਿਆ ਜਾ ਰਿਹਾ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਹੋਰ ਕਈ ਆਲਮੀ ਆਗੂਆਂ ਦੀ ਮੌਜੂਦਗੀ ਵਿੱਚ, ਮੋਦੀ ਨੇ ਸਾਲਾਨਾ ਐੱਸ ਸੀ ਓ ਸਿਖਰ ਸੰਮੇਲਨ ਵਿੱਚ ਕਿਹਾ ਕਿ ਇਸ ਸੰਗਠਨ ਨੂੰ ਅਤਿਵਾਦੀ ਫੰਡਿੰਗ, ਭਰਤੀ, ਕੱਟੜਪੰਥੀ ਸੋਚ ਅਤੇ ਸੁਰੱਖਿਅਤ ਟਿਕਾਣਿਆਂ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਪੱਛਮੀ ਏਸ਼ੀਆ ਦੇ ਸੰਕਟ ’ਤੇ ਚਿੰਤਾ ਜ਼ਾਹਿਰ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਇਹ ਮੰਗ ਕੀਤੀ ਹੈ ਕਿ ਸਾਰੇ ਤਣਾਅ ਅਤੇ ਵਿਵਾਦਾਂ ਦਾ ਹੱਲ ਜੰਗ ਦੇ ਮੈਦਾਨ ਵਿੱਚ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੀਤਾ ਜਾਣਾ ਚਾਹੀਦਾ ਹੈ।

Advertisement

ਚੀਨ ਦੇ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀ ਆਰ ਆਈ) ਦੇ ਸਪੱਸ਼ਟ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਨੈਕਟੀਵਿਟੀ ਪ੍ਰਾਜੈਕਟਾਂ ਨੂੰ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਐੱਸ ਸੀ ਓ ਚਾਰਟਰ ਦੀ ਮੂਲ ਭਾਵਨਾ ਹੈ।

Advertisement

ਮੋਦੀ ਨੇ ਕਿਹਾ, ‘‘ਅਤਿਵਾਦ ਪੂਰੀ ਮਨੁੱਖਤਾ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਸਾਨੂੰ ਅਤਿਵਾਦੀ ਫੰਡਿੰਗ, ਭਰਤੀ, ਕੱਟੜਪੰਥੀ ਸੋਚ ਅਤੇ ਸੁਰੱਖਿਅਤ ਟਿਕਾਣਿਆਂ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨਾ ਹੋਵੇਗਾ। ਸਾਨੂੰ ਇੱਕ ਸੁਰ ਵਿੱਚ ਬੋਲਣਾ ਚਾਹੀਦਾ ਹੈ ਅਤੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸ ਗੰਭੀਰ ਮੁੱਦੇ ’ਤੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋ ਸਕਦੀ।’’

ਮੋਦੀ ਨੇ ਹੋਰ ਕਿਹਾ, ‘‘ਸਾਨੂੰ ਅਤਿਵਾਦ ਨੂੰ ਨੀਤੀ ਵਜੋਂ ਵਰਤਣ ਵਾਲੇ ਅਤੇ ਅਤਿਵਾਦੀਆਂ ਨੂੰ ਸੁਰੱਖਿਅਤ ਠਾਹਰਾਂ ਤੇ ਸਮਰਥਨ ਦੇਣ ਵਾਲੇ ਦੇਸ਼ਾਂ ਨੂੰ ਸਖ਼ਤ ਸੁਨੇਹਾ ਦੇਣਾ ਚਾਹੀਦਾ ਹੈ ਕਿ ਅਤਿਵਾਦ ਕਦੇ ਵੀ ਕਿਸੇ ਲਈ ਰਣਨੀਤਕ ਸੰਪਤੀ ਨਹੀਂ ਹੋ ਸਕਦਾ।’’ ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਦਿਖਾਇਆ ਹੈ ਕਿ ਇੱਕ ਖੇਤਰ ਵਿੱਚ ਵਿਵਾਦ ਸਿਰਫ਼ ਉਸੇ ਖੇਤਰ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇਸ ਦਾ ਅਸਰ ਪੂਰੀ ਦੁਨੀਆ ਵਿੱਚ ਮਹਿਸੂਸ ਕੀਤਾ ਜਾਂਦਾ ਹੈ।

ਪਾਣੀ ਨੂੰ ਹਥਿਆਰ ਨਹੀਂ ਬਣਾਉਣਾ ਚਾਹੀਦਾ: ਸ਼ਰੀਫ਼

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅੱਜ ਕਿਹਾ ਕਿ ਪਾਣੀ ਇਸ ਖੇਤਰ ਦੀ ਜੀਵਨ ਰੇਖਾ ਹੈ ਅਤੇ ਇਸ ਨੂੰ ਕਦੇ ਵੀ ਹਥਿਆਰ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਐੱਸ ਸੀ ਓ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਪਾਣੀ ਸਾਡੇ ਖੇਤਰ ਦੀ ਜੀਵਨ ਰੇਖਾ ਹੈ। ਇਹ ਲੱਖਾਂ ਜ਼ਿੰਦਗੀਆਂ ਨੂੰ ਕਾਇਮ ਰੱਖਦਾ ਹੈ, ਸਾਡੀ ਧਰਤੀ ਨੂੰ ਪਾਲਦਾ ਹੈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਦਾ ਹੈ।’’ ਇਸ ਨੂੰ ਕਦੇ ਵੀ ਹਥਿਆਰ ਨਹੀਂ ਬਣਾਉਣਾ ਚਾਹੀਦਾ; ਇਸ ਨੂੰ ਦਬਾਅ ਦੇ ਸਾਧਨ ਵਜੋਂ ਨਹੀਂ ਵਰਤਿਆ ਜਾ ਸਕਦਾ ਅਤੇ ਨਾ ਹੀ ਸਿਆਸੀ ਲਾਹੇ ਲਈ ਇਸ ਦਾ ਸ਼ੋਸ਼ਣ ਕੀਤਾ ਜਾ ਸਕਦਾ ਹੈ। -ਪੀਟੀਆਈ

Advertisement
×