ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਹੋਵੇਗੀ ਵਰਖਾ * ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਵਿੱਚ ਤੂਫ਼ਾਨ ਦੇ ਆਸਾਰ * ਦਿੱਲੀ ਵਿੱਚ ਸੀਜ਼ਨ ਦਾ ਸਭ ਤੋਂ ਭਾਰੀ ਮੀਂਹ ਪਿਆ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ ਵਿੱਚ ਆਜ਼ਾਦੀ ਦਿਹਾਡ਼ੇ ਦੇ ਜਸ਼ਨਾਂ ਦੇ ਮੱਦੇਨਜ਼ਰ ਵੀਰਵਾਰ ਨੂੰ ਰੰਗ-ਬਿੰਰਗੀਆਂ ਰੌਸ਼ਨੀਆਂ ਨਾਲ ਸਜਾਇਆ ਰਾਏਸਿਨਾ ਹਿੱਲਜ਼ ਅਤੇ ਅਸਮਾਨ ਵਿੱਚ ਛਾਈਆਂ ਕਾਲੀਆਂ ਘਟਾਵਾਂ ਦਾ ਦ੍ਰਿਸ਼। -ਫੋਟੋ: ਪੀਟੀਆਈ

ਨਵੀਂ ਦਿੱਲੀ, 13 ਅਗਸਤ

ਭਾਰਤ ਦੇ ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਰਾਜਧਾਨੀ ਦਿੱਲੀ ਵਿੱਚ ਇਸ ਮੌਨਸੂਨ ਦਾ ਸਭ ਤੋਂ ਭਾਰੀ ਮੀਂਹ ਪਿਆ ਜਦਕਿ ਮੁੁੰਬਈ ਅਤੇ ਨੇੜਲੇ ਖੇਤਰਾਂ ਵਿੱਚ ਵੀ ਭਾਰੀ ਮੀਂਹ ਪਿਆ।

ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵਿੱਚ ਉੱਤਰੀ ਉੜੀਸ਼ਾ ਅਤੇ ਪੱਛਮੀ ਬੰਗਾਲ ਦੇ ਤਟਾਂ ਕੋਲ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ। ਮੌਨਸੂਨ ਦੇ ਰੁਖ਼ ਅਤੇ ਅਰਬ ਸਾਗਰ ਤੋਂ ਦੱਖਣ-ਪੱਛਮੀ ਪੌਣਾਂ ਦੀ ਨਮੀ ਅਗਲੇ ਦੋ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਦੇ ਮੁੱਖ ਹਿੱਸਿਆਂ ’ਚੋਂ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਵਿੱਚ ਅਗਲੇ ਦੋ ਦਿਨਾਂ ਦੌਰਾਨ ਵੱਖੋ-ਵੱਖਰੀਆਂ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਵੇਗੀ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 24 ਘੰਟਿਆਂ ਵਿੱਚ ਉਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿੱਚ ਕੁਝ ਥਾਵਾਂ ’ਤੇ ਬਿਜਲੀ ਗਰਜਣ ਦੇ ਨਾਲ ਦਰਮਿਆਨੇ ਤੋਂ ਭਾਰੀ ਤੂਫਾਨ ਦੀ ਵੱਡੀ ਸੰਭਾਵਨਾ ਹੈ। ਪੱਛਮੀ ਭਾਰਤ ਦੇ ਕਈ ਹਿੱਸਿਆਂ- ਗੁਜਰਾਤ, ਗੋਆ, ਕੋਂਕਣ, ਮਹਾਰਾਸ਼ਟਰ ਦੀਆਂ ਘਾਟੀਆਂ ਅਤੇ ਮੱਧ ਭਾਰਤ ਵਿੱਚ ਵੀ ਅਗਲੇ 4-5 ਦਿਨਾਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ‘‘ਗੁਜਰਾਤ ਸੂਬੇ ਵਿੱਚ ਕੁਝ ਥਾਵਾਂ ’ਤੇ ਅਗਲੇ 2-3 ਦਿਨਾਂ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਪੈ ਸਕਦਾ ਹੈ ਅਤੇ ਮੱੱਧ ਮਹਾਰਾਸ਼ਟਰ ਦੀਆਂ ਘਾਟੀਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਬਹੁਤ ਜ਼ਿਆਦਾ ਵਰਖਾ ਹੋਣ ਦੀ ਵੱਡੀ ਸੰਭਾਵਨਾ ਹੈ।’’ ਇਸ ਤੋਂ ਇਲਾਵਾ ਉੜੀਸ਼ਾ, ਆਂਧਰਾ ਪ੍ਰਦੇਸ਼ ਦੇ ਤਟੀ ਖੇਤਰਾਂ ਅਤੇ ਤੇਲੰਗਾਨਾ ਵਿੱਚ ਅਗਲੇ 2-3 ਦਿਨਾਂ ਵਿੱਚ ਦੂਰ-ਦੂਰ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਪਵੇਗਾ।
-ਪੀਟੀਆਈ

ਮੀਂਹ ਨੇ ਹਾਲੋ-ਬੇਹਾਲ ਕੀਤੇ ਦਿੱਲੀ ਵਾਸੀ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਅੱਜ ਇਸ ਮੌਨਸੂਨ ਸੀਜ਼ਨ ਦਾ ਸਭ ਤੋਂ ਭਾਰੀ ਮੀਂਹ ਪਿਆ, ਜਿਸ ਕਾਰਨ ਨੀਵੀਂਆਂ ਥਾਵਾਂ ’ਤੇ ਪਾਣੀ ਭਰ ਗਿਆ ਅਤੇ ਟਰੈਫਿਕ ਵਿਵਸਥਾ ਵਿਗੜਨ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਅਨੁਸਾਰ ਦਿੱਲੀ ਦੀ ਸਫਦਰਗੰਜ ਆਬਜ਼ਰਵੇਟਰੀ ਨੇ ਬੁੱਧਵਾਰ ਸਵੇਰ ਤੋਂ 83.8 ਮਿਲੀਮੀਟਰ ਵਰਖਾ ਦਰਜ ਕੀਤੀ ਹੈ। ਅਯਾਨਗਰ ਮੌਸਮ ਕੇਂਦਰ ਵਿੱਚ 106.9 ਮਿਲੀਮੀਟਰ, ਪਾਲਮ ਅਤੇ ਰਿੱਜ ਮੌਸਮ ਕੇਂਦਰਾਂ ਵਿੱਚ ਕ੍ਰਮਵਾਰ 99.9 ਮਿਲੀਮੀਟਰ ਅਤੇ 98.2 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਕੌਮੀ ਰਾਜਧਾਨੀ ਵਿੱਚ ਪਾਰਾ 28.9 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ। ਕਈ ਥਾਈਂ ਦਰੱਖਤ ਤੇ ਕੰਧਾਂ ਡਿੱਗਣ ਕਾਰਨ ਰਾਜਧਾਨੀ ਵਿੱਚ ਪੂਰਾ ਦਿਨ ਟਰੈਫਿਕ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All