ਕੋਟਾ (ਰਾਜਸਥਾਨ), 11 ਅਪਰੈਲ
ਬਾਰਨ ਜ਼ਿਲ੍ਹੇ ਦੇ ਛਾਬਰਾ ਵਿਚ ਦੋ ਨੌਜਵਾਨਾਂ ਦੇ ਛੁਰੇ ਮਾਰਨ ਤੋਂ ਬਾਅਦ ਹਿੰਸਾ ਭੜਕ ਗਈ ਤੇ ਭੀੜ ਨੇ ਦੁਕਾਨਾਂ ਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਜਿਸ ਕਾਰਨ ਇਸ ਖੇਤਰ ਵਿਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਪਰ ਪ੍ਰਦਰਸ਼ਨਕਾਰੀਆਂ ਨੇ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਜਨਤਕ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ। ਉਨ੍ਹਾਂ ਪੁਲੀਸ ਤੇ ਸਰਕਾਰੀ ਵਾਹਨ ਵੀ ਸਾੜ ਦਿੱਤੇ। ਜਾਣਕਾਰੀ ਮਿਲੀ ਹੈ ਕਿ ਗੁੱਜਰ ਭਾਈਚਾਰੇ ਦੇ ਦੋ ਲੜਕਿਆਂ ਨੂੰ ਕੁਝ ਨੌਜਵਾਨਾਂ ਨੇ ਛੁਰੇ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਧਰਨਾ ਲਾ ਦਿੱਤਾ। ਉਨ੍ਹਾਂ ਹਮਲਾ ਕਰਨ ਵਾਲੇ ਪੰਜ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ।