ਵਿਕਰਮਾਦਿਤਿਆ ਸਿੰਘ ਨੇ ਕੰਗਨਾ 'ਤੇ ਕਸਿਆ ਤਨਜ਼: ''ਕਲਮ ਅਤੇ ਕਾਨੂੰਨ ਦੀ ਤਾਕਤ ਸਮਝਣ ਵਾਲੇ ਲੋਕਾਂ ਨੂੰ ਚੀਕਣ ਦੀ ਲੋੜ ਨਹੀਂ ਪੈਂਦੀ''
2024 ਦੀਆਂ ਲੋਕ ਸਭਾ ਚੋਣਾਂ ਵਿੱਚ ਮੰਡੀ ਸੀਟ ਤੋਂ ਕੰਗਨਾ ਰਣੌਤ ਖ਼ਿਲਾਫ਼ ਚੋਣ ਲੜ ਚੁੱਕੇ ਹਨ ਕਾਂਗਰਸੀ ਆਗੂ ਵਿਕਰਮਾਦਿਤਿਆ ਸਿੰਘ
ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਕੰਗਨਾ ਰਣੌਤ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਿਹੜੇ ਲੋਕ ਕਲਮ ਅਤੇ ਕਾਨੂੰਨ ਦੀ ਤਾਕਤ ਨੂੰ ਸਮਝਦੇ ਹਨ, ਉਨ੍ਹਾਂ ਨੂੰ 'ਚੀਕਣ ਜਾਂ ਕਿਸੇ ਦਾ ਅਪਮਾਨ ਕਰਨ' ਦੀ ਲੋੜ ਨਹੀਂ ਪੈਂਦੀ।
ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਸਦ ਮੈਂਬਰ ਸਥਾਨਕ ਖੇਤਰ ਵਿਕਾਸ ਯੋਜਨਾ (ਐੱਮ ਪੀ ਐੱਲ ਏ ਡੀ ਐੱਸ) ਤਹਿਤ ਵਿਕਾਸ ਕਾਰਜਾਂ ਵਿੱਚ ਦੇਰੀ ਨੂੰ ਲੈ ਕੇ ਅਧਿਕਾਰੀਆਂ 'ਤੇ ਨਾਰਾਜ਼ ਦਿਖਾਈ ਦਿੱਤੀ।
ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਫਟਕਾਰ ਲਗਾਉਂਦਿਆਂ ਕੰਗਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ।
ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਨੇ ਕਿਸੇ ਦਾ ਨਾਮ ਲਏ ਬਿਨਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ, "ਜੋ ਲੋਕ ਕਲਮ ਅਤੇ ਕਾਨੂੰਨ ਦੀ ਤਾਕਤ ਨੂੰ ਸਮਝਦੇ ਹਨ, ਉਨ੍ਹਾਂ ਨੂੰ ਕਦੇ ਵੀ ਚੀਕਣ ਜਾਂ ਅਪਮਾਨਿਤ ਕਰਨ ਦੀ ਲੋੜ ਨਹੀਂ ਪੈਂਦੀ।"
ਉਨ੍ਹਾਂ ਕਿਹਾ ਕਿ ਸਿਰਫ਼ ਆਵਾਜ਼ ਉੱਚੀ ਕਰਨ ਨਾਲ ਹੁਕਮ ਸਖ਼ਤ ਨਹੀਂ ਹੋ ਜਾਂਦੇ ਅਤੇ ਸਿਰਫ਼ ਕਲਮ ਨਾਲ ਕੀਤਾ ਗਿਆ ਇੱਕ ਦਸਤਖਤ ਹੀ ਕਾਫ਼ੀ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਪ੍ਰਸ਼ਾਸਨ ਸ਼ਾਂਤ, ਪਰ ਦ੍ਰਿੜ ਫ਼ੈਸਲਿਆਂ ਨਾਲ ਚੱਲਦਾ ਹੈ, ਜਦੋਂ ਕਲਮ ਵਿੱਚ ਅਧਿਕਾਰ ਹੁੰਦਾ ਹੈ, ਤਾਂ ਚੀਕਣ ਦੀ ਲੋੜ ਨਹੀਂ ਪੈਂਦੀ।"
ਮੰਡੀ ਲੋਕ ਸਭਾ ਸੀਟ ਤੋਂ 2024 ਦੀਆਂ ਚੋਣਾਂ ਵਿੱਚ ਕੰਗਨਾ ਰਣੌਤ ਤੋਂ ਹਾਰਨ ਵਾਲੇ ਵਿਕਰਮਾਦਿਤਿਆ ਸਿੰਘ ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਮਰਹੂਮ ਵੀਰਭਦਰ ਸਿੰਘ ਦੇ ਪੁੱਤਰ ਹਨ।
ਇਸ ਤੋਂ ਪਹਿਲਾਂ, ਸ਼ਨਿੱਚਰਵਾਰ ਨੂੰ ਕੰਗਨਾ ਰਣੌਤ ਨੇ ਕਿਹਾ ਸੀ ਕਿ ਸਿਰਫ਼ ਯੋਜਨਾਵਾਂ ਬਣਾਉਣ ਜਾਂ ਸੁਝਾਅ ਦੇਣ ਨਾਲ ਵਿਕਾਸ ਨਹੀਂ ਹੋ ਸਕਦਾ, ਸਗੋਂ ਉਨ੍ਹਾਂ ਦਾ ਸਹੀ ਤਰੀਕੇ ਨਾਲ ਲਾਗੂ ਹੋਣਾ ਵੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਸੀ ਕਿ ਵਿਕਾਸ ਕਾਰਜਾਂ ਲਈ ਕਰੀਬ 11 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਪਰ ਲਗਪਗ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਸੰਸਦ ਮੈਂਬਰ ਸਥਾਨਕ ਖੇਤਰ ਵਿਕਾਸ ਯੋਜਨਾ ਦੀ ਰਕਮ ਦਾ ਇੱਕ ਵੱਡਾ ਹਿੱਸਾ ਵਰਤਿਆ ਨਹੀਂ ਗਿਆ।
ਵੀਡੀਓ ਵਿੱਚ ਕੰਗਨਾ ਰਣੌਤ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, "ਮੈਨੂੰ ਸਿਰਫ਼ ਬੇਕਾਰ ਦੇ ਵਾਧੇ ਸੁਣਨ ਨੂੰ ਮਿਲ ਰਹੇ ਹਨ। ਹੁਣ ਤੁਰੰਤ ਕੰਮ ਕਰਕੇ ਦਿਖਾਓ। ਚੀਜ਼ਾਂ ਨੂੰ ਠੀਕ ਕਰਨ ਦਾ ਸਮਾਂ ਲੰਘ ਚੁੱਕਾ ਹੈ। ਮੈਨੂੰ ਦੱਸੋ ਕਿ ਹੁਣ ਤੱਕ ਕੀ ਕੰਮ ਹੋਇਆ ਹੈ।"
ਉਨ੍ਹਾਂ ਅਧਿਕਾਰੀਆਂ 'ਤੇ 'ਭ੍ਰਮ ਪੈਦਾ ਕਰਨ ਵਾਲੇ ਅੰਕੜੇ ਪੇਸ਼ ਕਰਨ' ਅਤੇ ਵਾਰ-ਵਾਰ ਬਹਾਨੇ ਬਣਾਉਣ ਦਾ ਦੋਸ਼ ਲਾਉਂਦਿਆਂ ਪੁੱਛਿਆ ਕਿ ਕੰਮ ਵਿੱਚ ਦੇਰੀ ਨੂੰ ਲੈ ਕੇ ਉਹ ਕੌਮੀ ਮੀਡੀਆ ਅਤੇ ਜਨਤਾ ਨੂੰ ਕੀ ਜਵਾਬ ਦੇਣ।
ਕੰਗਨਾ ਨੇ ਕਿਹਾ, "ਕੀ ਮੈਂ ਇਹ ਦੱਸਾਂ ਕਿ ਅਧਿਕਾਰੀ ਲਾਪਰਵਾਹ ਹਨ ਅਤੇ ਸਿਰਫ਼ ਤਨਖਾਹ ਲੈਣ ਲਈ ਆਉਂਦੇ ਹਨ।"

