ਵਿਕਾਸ ਦੂਬੇ ਪੁਲੀਸ ਮੁਕਾਬਲੇ ’ਚ ਹਲਾਕ

ਵਿਕਾਸ ਦੂਬੇ ਪੁਲੀਸ ਮੁਕਾਬਲੇ ’ਚ ਹਲਾਕ

ਕਾਨਪੁਰ ਨੇਡ਼ੇ ਕਥਿਤ ਮੁਕਾਬਲੇ ਵਾਲੀ ਜਗ੍ਹਾ ਦਾ ਪੁਲੀਸ ਅਧਿਕਾਰੀ ਮੁਆਇਨਾ ਕਰਦੇ ਹੋਏ। ਫੋਟੋ: ਪੀਟੀਆਈ

ਕਾਨਪੁਰ (ਯੂਪੀ), 10 ਜੁਲਾਈ

ਕਾਨਪੁਰ ਕਾਂਡ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਅੱਜ ਸਵੇਰੇ ਕਾਨਪੁਰ ਦੇ ਭੌਤੀ ਇਲਾਕੇ ’ਚ ਕਥਿਤ ਪੁਲੀਸ ਮੁਕਾਬਲੇ ’ਚ ਮਾਰਿਆ ਗਿਆ। ਪੁਲੀਸ ਅਨੁਸਾਰ ਉਜੈਨ ਤੋਂ ਕਾਨਪੁਰ ਲਿਆਉਂਦੇ ਸਮੇਂ ਦੂਬੇ ਨੇ ਭੱਜਣ ਦੀ  ਕੋਸ਼ਿਸ਼ ਕੀਤੀ।

ਏਡੀਜੀ (ਕਾਨੂੰਨ ਪ੍ਰਬੰਧ) ਪ੍ਰਸ਼ਾਂਤ ਕੁਮਾਰ ਨੇ ਦੱਸਿਆ, ‘ਵਿਕਾਸ ਦੂਬੇ ਨੂੰ ਉਜੈਨ ’ਚ ਮੱਧ ਪ੍ਰਦੇਸ਼ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਯੂਪੀ ਪੁਲੀਸ ਅਤੇ ਐੱਸਟੀਐੱਫ ਦੀ ਟੀਮ ਅੱਜ ਸਵੇਰੇ ਉਸ ਨੂੰ ਕਾਨਪੁਰ ਲਿਆ ਰਹੀ ਸੀ। ਕਾਨਪੁਰ ਦੇ ਨਗਰ ਭੌਤੀ ਕੋਲ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਪੁਲੀਸ ਦੀ ਗੱਡੀ ਹਾਦਸੇ ਮਗਰੋਂ ਪਲਟ ਗਈ ਜਿਸ ਨਾਲ ਗੱਡੀ ’ਚ ਸਵਾਰ ਦੋਸ਼ੀ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਦੌਰਾਨ ਵਿਕਾਸ ਦੂਬੇ ਨੇ ਜ਼ਖ਼ਮੀ ਪੁਲੀਸ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਟੀਮ ਨੇ ਪਿੱਛਾ ਕਰਕੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਹ ਜਾਨੋਂ ਮਾਰਨ ਦੀ ਨੀਅਤ ਨਾਲ ਪੁਲੀਸ ’ਤੇ ਗੋਲੀ ਚਲਾਉਣ ਲੱਗ ਪਿਆ। ਪੁਲੀਸ ਵੱਲੋਂ ਆਤਮ-ਰੱਖਿਆ ਲਈ ਕੀਤੀ ਗਈ ਗੋਲੀਬਾਰੀ ’ਚ ਦੂਬੇ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਚਾਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚ ਤਿੰਨ ਸਬ-ਇੰਸਪੈਕਟਰ, ਇੱਕ ਸਿਪਾਹੀ ਤੇ ਐੱਸਟੀਐੱਫ ਦੇ ਦੋ ਕਮਾਂਡੋ ਸ਼ਾਮਲ ਹਨ।’ ਉਨ੍ਹਾਂ ਦੱਸਿਆ ਕਿ ਬਿਕਰੂ ਪੁਲੀਸ ਮੁਕਾਬਲੇ ’ਚ ਕੁੱਲ 21 ਮੁਲਜ਼ਮ ਨਾਮਜ਼ਦ ਹਨ ਜਿਨ੍ਹਾਂ ’ਚੋਂ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਛੇ ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਅਜੇ ਵੀ 12 ਇਨਾਮੀ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਡੀਜੀਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਸੜਕ ਹਾਦਸੇ ਤੋਂ ਬਾਅਦ ਦੂਬੇ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਹੋਏ ਮੁਕਾਬਲੇ ’ਚ ਉਹ ਮਾਰਿਆ ਗਿਆ।

ਇਸੇ ਵਿਚਾਲੇ ਗਣੇਸ਼ ਸ਼ੰਕਰ ਵਿਦਿਆਰਥੀ ਮੈਡੀਕਲ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਆਰਬੀ ਕਮਲ ਨੇ ਦੱਸਿਆ ਕਿ ਦੂਬੇ ਨੂੰ ਹਸਪਤਾਲ ਮ੍ਰਿਤਕ ਹਾਲਤ ’ਚ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੂਬੇ ਦੇ ਸਰੀਰ ’ਤੇ ਚਾਰ ਜ਼ਖਮ ਸਨ ਜਿਨ੍ਹਾਂ ’ਚੋਂ ਤਿੰਨ ਛਾਤੀ ’ਤੇ ਅਤੇ ਇੱਕ ਹੱਥ ’ਤੇ ਸੀ। -ਪੀਟੀਆਈ

ਦੂਬੇ ਦੀ ਮੌਤ ਤੋਂ ਪਹਿਲਾਂ ਸੁਪਰੀਮ ਕੋਰਟ ’ਚ ਦਾਇਰ ਹੋਈ ਸੀ ਪਟੀਸ਼ਨ 

ਨਵੀਂ ਦਿੱਲੀ: ਵਿਕਾਸ ਦੂਬੇ ਦੇ ਅੱਜ ਪੁਲੀਸ ਮੁਕਾਬਲੇ ’ਚ ਮਾਰੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਸੁਪਰੀਮ ਕੋਰਟ ’ਚ ਇੱਕ ਪਟੀਸ਼ਨ ਦਾਇਰ ਕਰਕੇ ਯੂਪੀ ਸਰਕਾਰ ਤੇ ਪੁਲੀਸ ਨੂੰ ਉਸ ਦੀ ਜਾਨ ਦੀ ਰਾਖੀ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਐਡਵੋਕੇਟ ਘਣਸ਼ਿਆਮ ਉਪਾਧਿਆਏ ਨੇ ਅਪੀਲ ’ਚ ਇਹ ਵੀ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ ਕਿ ਕਿਤੇ ਦੂਬੇ ਪੁਲੀਸ ਮੁਕਾਬਲੇ ’ਚ ਨਾ ਮਾਰਿਆ ਜਾਵੇ। ਉਸ ਨੇ ਪਟੀਸ਼ਨ ’ਚ ਦੂਬੇ ਦੇ ਪੰਜ ਸਾਥੀਆਂ ਦੇ ਪੁਲੀਸ ਮੁਕਾਬਲੇ ’ਚ ਮਾਰੇ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤੇ ਜਾਣ ਅਤੇ ਸਿਖਰ ਅਦਾਲਤ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਸੀ। -ਪੀਟੀਆਈ

ਸਿਅਾਸੀ ਆਗੂਆਂ ਨੇ ਮੁਕਾਬਲੇ ਉੱਤੇ ਸਵਾਲ ਉਠਾਏ

ਵਿਕਾਸ ਦੂਬੇ ਦੇ ਕਥਿਤ ਪੁਲੀਸ ਮੁਕਾਬਲੇ ’ਚ ਮਾਰੇ ਜਾਣ ਤੋਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਵਾਲ ਕੀਤਾ ਕਿ ਅਪਰਾਧੀ ਦਾ ਅੰਤ ਹੋ ਗਿਆ ਪਰ ਅਪਰਾਧ ਤੇ ਉਸ ਨੂੰ ਸਰਪ੍ਰਸਤੀ ਦੇਣ ਵਾਲਿਆਂ ਦਾ ਕੀ ਹੋਵੇਗਾ। ਸਮਾਜਵਾਦੀ ਪਾਰਟੀ ਦੇ ਸੁਪਰੀਮੋ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਕਾਰ ਪਲਟੀ ਨਹੀਂ ਹੈ ਬਲਕਿ ਰਾਜ਼ ਖੁੱਲ੍ਹਣ ਦੇ ਡਰੋਂ ਸਰਕਾਰ ਪਲਟਣ ਤੋਂ ਬਚਾਈ ਗਈ ਹੈ। ਬਹੁਜਨ ਸਮਾਜ ਪਾਰਟੀ  ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਕਈ ਲੋਕਾਂ ਵੱਲੋਂ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਸੀ ਕਿ ਦੂਬੇ ਪੁਲੀਸ ਮੁਕਾਬਲੇ ’ਚ ਮਾਰਿਆ ਜਾਵੇਗਾ ਪਰ ਹੁਣ ਸਾਰੇ ਸਵਾਲ ਧਰੇ ਧਰਾਏ ਰਹਿ ਗਏ ਹਨ।

ਪਸ਼ੂ ਸਾਹਮਣੇ ਆਉਣ ਕਾਰਨ ਗੱਡੀ ਪਲਟੀ: ਐੱਸਟੀਐੱਫ

ਲਖਨਊ: ਉੱਤਰ ਪ੍ਰਦੇਸ਼ ਐੱਸਟੀਐੱਫ ਨੇ ਅੱਜ ਕਿਹਾ ਕਿ ਜਿਸ ਗੱਡੀ ’ਚ ਵਿਕਾਸ ਦੂਬੇ ਨੂੰ ਲਿਆਂਦਾ ਜਾ ਰਿਹਾ ਸੀ, ਉਹ ਸੜਕ ’ਤੇ ਪਸ਼ੂ ਸਾਹਮਣੇ ਆ ਜਾਣ ਕਾਰਨ ਪਲਟੀ ਸੀ। ਦੂਬੇ ਨੂੰ ਲਿਜਾ ਰਹੇ ਵਾਹਨ ਪਿੱਛੇ ਇੱਕ ਹੋਰ ਵਾਹਨ ’ਚ ਆ ਰਹੇ ਐੱਸਟੀਐੱਫ ਦੇ ਡੀਐੱਸਪੀ ਤੇਜ ਬਹਾਦੁਰ ਸਿੰਘ ਨੇ ਦੱਸਿਆ ਕਿ ਵਿਕਾਸ ਦੂਬੇ ਨੂੰ ਉਜੈਨ ਤੋਂ ਕਾਨਪੁਰ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸੀ। ਉਨ੍ਹਾਂ ਦਾ ਵਾਹਨ ਕੌਮੀ ਮਾਰਗ ’ਤੇ ਕਨ੍ਹੱਈਆਲਾਲ ਹਸਪਤਾਲ ਨੇੜੇ ਪਹੁੰਚਿਆ ਤਾਂ ਸੜਕ ਵਿਚਾਲੇ ਅਚਾਨਕ ਲਾਵਾਰਸ ਪਸ਼ੂ ਆ ਜਾਣ ਕਾਰਨ ਡਰਾਈਵਰ ਗੱਡੀ ਕੰਟਰੋਲ ਨਾ ਕਰ ਸਕਿਆ ਤੇ ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All