ਟੀ ਵੀ ਕੇ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਸੀ ਜੋਸਫ ਵਿਜੈ ਨੇ 6 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੀ ਉਮੀਦਵਾਰ ਪੀ ਸਤਿਆਭਾਮਾ ਦੇ ਸਮਰਥਨ ਵਿੱਚ ਅੱਜ ਧਾਰਾਪੁਰਮ ਵਿਧਾਨ ਸਭਾ ਹਲਕੇ ਵਿੱਚ ਰੋਡ ਸ਼ੋਅ ਕੀਤਾ ਅਤੇ ਔਰਤਾਂ ਵਿਰੁੱਧ ਟਿੱਪਣੀਆਂ ਕਰਨ ਲਈ ਡੀ ਐੱਮ ਕੇ ਦੀ ਸਖ਼ਤ ਆਲੋਚਨਾ ਕੀਤੀ। ਟੀ ਵੀ ਕੇ ਦੇ ਬਾਨੀ ਨੇ ਕਿਹਾ ਕਿ ਔਰਤਾਂ ਉੱਤੇ ਹਮਲੇ ਕਰਨਾ ਹੱਦੋਂ ਪਾਰ ਹੋ ਚੁੱਕਾ ਹੈ ਅਤੇ ਉਹ ਚੁੱਪ ਨਹੀਂ ਰਹਿਣਗੇ। ਮੰਗਲਵਾਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਦੀ ਸਮਾਪਤੀ ਦੇ ਸਮੇਂ ਨਾਲ, ਸਿਆਸੀ ਪਾਰਟੀਆਂ ਤਿਰੂਪੁਰ ਜ਼ਿਲ੍ਹੇ ਦੇ ਨਿੱਟਵੀਅਰ ਹੱਬ ਅਧੀਨ ਆਉਂਦੇ ਇਸ ਰਾਖਵੇਂ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਨੂੰ ਆਪਣੀ ਆਖ਼ਰੀ ਅਪੀਲ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ ਸਨ। ਇਸ ਵਿਧਾਨ ਸਭਾ ਹਲਕੇ ਵਿੱਚ ਟੀ ਵੀ ਕੇ, ਵਿਰੋਧੀ ਡੀ ਐੱਮ ਕੇ, ਅੰਨਾ ਡੀ ਐੱਮ ਕੇ, ਨਾਮ ਤਾਮਿਲਰ ਕਾਚੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਨਾਲ-ਨਾਲ ਆਜ਼ਾਦ ਉਮੀਦਵਾਰਾਂ ਦਰਮਿਆਨ ਪੰਜ ਕੋਣੀ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਉਮੀਦਵਾਰਾਂ ਦੀ ਕੁੱਲ ਗਿਣਤੀ 22 ਹੋ ਗਈ ਹੈ। ਵਿਜੈ ਵਿਸ਼ੇਸ਼ ਉਡਾਣ ਰਾਹੀਂ ਕੋਇੰਬਟੂਰ ਪੁੱਜੇ ਅਤੇ ਹੈਲੀਕਾਪਟਰ ਰਾਹੀਂ ਧਾਰਾਪੁਰਮ ਲਈ ਰਵਾਨਾ ਹੋਏ। ਧਾਰਾਪੁਰਮ ਵਿੱਚ ਟੀ ਵੀ ਕੇ ਦੇ ਜਨਰਲ ਸਕੱਤਰ ਅਤੇ ਪੇਂਡੂ ਵਿਕਾਸ ਤੇ ਜਲ ਸਰੋਤ ਮੰਤਰੀ ਐੱਨ ਆਨੰਦ, ਮਾਲ ਤੇ ਆਫ਼ਤ ਪ੍ਰਬੰਧਨ ਮੰਤਰੀ ਕੇ ਏ ਸੇਂਗੋਟਈਅਨ ਸਣੇ ਉਨ੍ਹਾਂ ਦੇ ਸੀਨੀਅਰ ਕੈਬਨਿਟ ਸਾਥੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
Advertisement
ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ’ਚ ਪੈਂਦੇ ਧਾਰਾਪੁਰਮ ਵਿੱਚ ਬੈਲਗੱਡੀ ’ਤੇ ਚੋਣ ਪ੍ਰਚਾਰ ਕਰਦੇ ਹੋਏ ਮੁੱਖ ਮੰਤਰੀ ਸੀ ਜੋਸਫ। -ਫੋਟੋ: ਪੀਟੀਆਈ
Advertisement
Advertisement
Advertisement
×

