DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਉੱਘੇ ਅਦਾਕਾਰ Nana Patekar ਦਾ ਦੇਹਾਂਤ

ਡਾਕਟਰਾਂ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ, ਮੈਡੀਕੋ-ਲੀਗਲ ਕੇਸ ਦਰਜ; ਪੁਣੇ ਨੇੜੇ ਫਾਰਮਹਾੳੂਸ ’ਚ ਰਾਜਕੀ ਸਨਮਾਨਾਂ ਨਾਲ ਸਸਕਾਰ; ਸਿਆਸੀ ਤੇ ਫਿਲਮੀ ਹਸਤੀਆਂ ਵੱਲੋਂ ਦੁੱਖ ਦਾ ਇਜ਼ਹਾਰ

  • fb
  • twitter
  • whatsapp
  • whatsapp
Advertisement

ਆਪਣੇ ਤਿੱਖੇ ਸੰਵਾਦ-ਅਦਾਇਗੀ ਦੇ ਅੰਦਾਜ਼ ਅਤੇ ਪਰਦੇ ’ਤੇ ਜ਼ਬਰਦਸਤ ਮੌਜੂਦਗੀ ਨਾਲ ਅਦਾਕਾਰੀ ਦੀ ਡੂੰਘਾਈ ਨੂੰ ਨਵੀਂ ਪਰਿਭਾਸ਼ਾ ਦੇਣ ਵਾਲੇ ਅਤੇ ‘ਕ੍ਰਾਂਤੀਵੀਰ’, ‘ਪਰਿੰਦਾ’ ਤੇ ‘ਖ਼ਾਮੋਸ਼ੀ’ ਵਰਗੀਆਂ ਫਿਲਮਾਂ ਵਿੱਚ ਯਾਦਗਾਰੀ ਭੂਮਿਕਾਵਾਂ ਲਈ ਮਕਬੂਲ ਨਾਮੀ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਤੜਕੇ ਗੋਆ ਸਥਿਤ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ। ਪਾਟੇਕਰ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ ਹੈ। ਪਾਟੇਕਰ ਦੀਆਂ ਅੰਤਿਮ ਰਸਮਾਂ ਪੁਣੇ ਜ਼ਿਲ੍ਹੇ ਵਿਚਲੇ ਉਨ੍ਹਾਂ ਦੇ ਫਾਰਮਹਾਊਸ ਉੱਤੇ ਰਾਜਕੀ ਸਨਮਾਨ ਨਾਲ ਕੀਤੀਆਂ ਗਈਆਂ। ਪਾਟੇਕਰ ਦੇ ਪਰਿਵਾਰ ਵਿੱਚ ਪਤਨੀ ਨੀਲਕਾਂਤੀ ਤੇ ਪੁੱਤਰ ਮਲਹਾਰ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਟੇਕਰ ਦੇ ਅਕਾਲ ਚਲਾਣੇ ਨਾਲ ਡੂੰਘਾ ਖਲਾਅ ਪੈਦਾ ਹੋ ਗਿਆ ਹੈ। ਉਨ੍ਹਾਂ ਅਦਾਕਾਰ ਦੇ ਹਿੰਦੀ ਤੇ ਮਰਾਠੀ ਫ਼ਿਲਮਾਂ ’ਚ ਯੋਗਦਾਨ ਨੂੰ ਵੀ ਸਲਾਹਿਆ। ਫ਼ਿਲਮ ਜਗਤ ਨੇ ਵੀ ਪਾਟੇਕਰ ਦੇ ਦੇਹਾਂਤ ’ਤੇ ਦੁੱਖ ਜਤਾਇਆ ਹੈ।

ਅਦਾਕਾਰ ਅੱਜ ਤੜਕੇ ਪਣਜੀ ਨੇੇੜੇ ਡੋਨਾ ਪਾਓਲਾ ਵਿੱਚ ਆਪਣੇ ਅਪਾਰਟਮੈਂਟ ਵਿੱਚ ਬੇਸੁਰਤ ਹਾਲਤ ਵਿੱਚ ਮਿਲਿਆ, ਜਿਸ ਮਗਰੋਂ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ। ਪਾਟੇਕਰ ਨੂੰ ਇਥੇ ਪੌਣੇ ਘੰਟੇ ਤੱਕ ਸੀ ਪੀ ਆਰ ਦਿੱਤਾ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਅਦਾਕਾਰ ਨੂੰ ਸਵੇਰੇ 5:10 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਸੀਨੀਅਰ ਡਾਕਟਰ ਸ਼ੇਖਰ ਸਾਲਕਰ ਨੇ ਕਿਹਾ ਕਿ ਅਦਾਕਾਰ ਦੀ ਮੌਤ ਦੇ ਸਬੰਧ ਵਿੱਚ ਮੈਡੀਕੋ-ਲੀਗਲ ਕੇਸ ਦਰਜ ਕੀਤਾ ਗਿਆ ਹੈ।

Advertisement

ਪਾਟੇਕਰ ਦੇ ਦੋਸਤ ਵੱਲੋਂ ਹਸਪਤਾਲ ਦੇ ਡਾਕਟਰਾਂ ਨੂੰ ਦਿੱਤੀ ਜਾਣਕਾਰੀ ਅਨੁਸਾਰ ਅਦਾਕਾਰ ਨੇ ਉਸ ਨੂੰ ਵੱਡੇ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਮੈਸੇਜ ਕੀਤਾ ਸੀ ਕਿ ਉਹ ਬੇਚੈਨੀ ਮਹਿਸੂਸ ਕਰ ਰਿਹਾ ਹੈ। ਸਾਲਕਰ ਨੇ ਕਿਹਾ, ‘‘ਇਸ ਦੋਸਤ ਨੇ ਇਹ ਮੈਸੇਜ ਤੜਕੇ ਚਾਰ ਵਜੇ ਦੇ ਕਰੀਬ ਦੇਖਿਆ ਅਤੇ ਪਾਟੇਕਰ ਦੇ ਅਪਾਰਟਮੈਂਟ ਵੱਲ ਨੂੰ ਭੱਜਾ, ਜਿੱਥੇ ਅਦਾਕਾਰ ਇਕ ਤਿਮਾਰਦਾਰ ਨਾਲ ਰਹਿ ਰਿਹਾ ਸੀ।’’ ਤਿਮਾਰਦਾਰ ਵੀ ਪ੍ਰਾਈਵੇਟ ਹਸਪਤਾਲ ਵੱਲ ਭੱਜਾ ਤੇ ਉਥੋਂ ਐਂਬੂਲੈਂਸ ਭੇਜੀ ਗਈ। ਸਾਲਕਰ ਨੇ ਕਿਹਾ, ‘‘ਅਦਾਕਾਰ ਦਾ ਇਲਾਜ ਐਂਬੂਲੈਂਸ ਵਿੱਚ ਹੀ ਸ਼ੁਰੂ ਹੋ ਗਿਆ ਸੀ।’’ ਪਾਟੇਕਰ ਦੀ ਮ੍ਰਿਤਕ ਦੇਹ ਪੋਸਟ-ਮਾਰਟਮ ਲਈ ਪਣਜੀ ਨੇੜੇ ਗੋਆ ਮੈਡੀਕਲ ਕਾਲਜ ਤੇ ਹਸਪਤਾਲ ਲਿਆਂਦੀ ਗਈ ਤਾਂ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

Advertisement

ਪਾਟੇਕਰ ਨੂੰ ਤਿੰਨ ਕੌਮੀ ਫਿਲਮ ਪੁਰਸਕਾਰ, ਕਈ ਫਿਲਮਫੇਅਰ ਐਵਾਰਡ, ਮਹਾਰਾਸ਼ਟਰ ਰਾਜ ਫਿਲਮ ਐਵਾਰਡ ਤੇ ਫਿਲਮਫੇਅਰ ਐਵਾਰਡਜ਼ ਮਰਾਠੀ ਮਿਲ ਚੁੱਕੇ ਹਨ। ਅਦਾਕਾਰ ਨੂੰ ਦੇਸ਼ ਦਾ ਚੌਥਾ ਸਿਖਰਲਾ ਸਿਵਲੀਅਨ ਪੁਰਸਕਾਰ ਪਦਮ ਸ੍ਰੀ ਵੀ ਹਾਸਲ ਹੈ। ਪਾਟੇਕਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਮਰਹੂਮ ਸਮਿਤਾ ਪਾਟਿਲ ਨੇ ਉਨ੍ਹਾਂ ਨੂੰ ਫਿਲਮਾਂ ’ਚ ਹੱਥ ਅਜ਼ਮਾਉਣ ਲਈ ਰਾਜ਼ੀ ਕੀਤਾ ਸੀ।

ਸਿਆਸੀ ਆਗੂਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ, ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਐੱਨ ਸੀ ਪੀ ਮੁਖੀ ਸ਼ਰਦ ਪਵਾਰ, ਸਮਾਜਿਕ ਕਾਰਕੁਨ ਪ੍ਰਕਾਸ਼ ਆਮਟੇ, ਫਿਲਮ ਜਗਤ ’ਚੋਂ ਰਜਨੀਕਾਂਤ, ਸ਼ਾਹਰੁਖ ਖ਼ਾਨ, ਅਕਸ਼ੈ ਕੁਮਾਰ, ਰਣਵੀਰ ਸਿੰਘ, ਕਿਆਰਾ ਅਡਵਾਨੀ, ਕੰਗਨਾ ਰਣੌਤ ਆਦਿ ਨੇ ਪਾਟੇਕਰ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਉਂਦਿਆਂ ਉਨ੍ਹਾਂ ਨਾਲ ਕੀਤੇ ਕੰਮ ਨੂੰ ਯਾਦ ਕੀਤਾ। -ਪੀਟੀਆਈ

Advertisement
×