ਮੁੰਬਈ, 19 ਜੁਲਾਈ
ਕਵੀ ਤੇ ਅਲਗਾਰ ਪ੍ਰੀਸ਼ਦ ਕੇਸ ’ਚ ਮੁਲਜ਼ਮ ਵਰਵਰਾ ਰਾਓ ਜੋ ਕਿ ਕੋਵਿਡ ਤੋਂ ਪੀੜਤ ਹਨ, ਨੂੰ ਹੁਣ ਨਿਊਰੋਲੋਜੀਕਲ ਤੇ ਯੂਰੋਲੋਜੀਕਲ ਸਮੱਸਿਆ ਦੇ ਇਲਾਜ ਲਈ ਪ੍ਰਾਈਵੇਟ ਨਾਨਾਵਤੀ ਹਸਪਤਾਲ ਲਿਜਾਇਆ ਗਿਆ ਹੈ। ਰਾਓ (80) ਦਾ ਇਸ ਤੋਂ ਪਹਿਲਾਂ ਸਰਕਾਰੀ ਸੇਂਟ ਜਾਰਜ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਹਾਲਾਂਕਿ ਕੋਵਿਡ ਦੇ ਪੱਖ ਤੋਂ ਰਾਓ ਦੀ ਹਾਲਤ ਸਥਿਰ ਹੈ। ਸਰਕਾਰੀ ਜੇ.ਜੇ. ਹਸਪਤਾਲ ਦੇ ਨਿਊਰੋ ਮਾਹਿਰ ਨੇ ਸ਼ੁੱਕਰਵਾਰ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਸੀ। ਡਾਕਟਰ ਮੁਤਾਬਕ ਉਨ੍ਹਾਂ ਨੂੰ ਡੀਲਿਰੀਅਮ ਸੀ। ਇਹ ਹਾਲਤ ਥਕਾਨ ਤੇ ਚੰਗੀ ਤਰ੍ਹਾਂ ਨੀਂਦ ਨਾ ਆਉਣ ਕਾਰਨ ਬਣਦੀ ਹੈ। ਦਿਮਾਗੀ ਪ੍ਰੇਸ਼ਾਨੀ ਰਹਿੰਦੀ ਹੈ ਤੇ ਮਰੀਜ਼ ਨੂੰ ਭੁਲੇਖੇ ਪੈਂਦੇ ਹਨ। ਜ਼ਿਕਰਯੋਗ ਹੈ ਕਿ ਕਵੀ ਤੇ ਕਾਰਕੁਨ ਵਰਵਰਾ ਰਾਓ ਨੂੰ ਖਰਾਬ ਸਿਹਤ ਦੇ ਮੱਦੇਨਜ਼ਰ ਪਹਿਲਾਂ ਸਰਕਾਰੀ ਜੇਜੇ ਹਸਪਤਾਲ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਕੋਵਿਡ ਟੈਸਟ ਵਿਚ ਪਾਜ਼ੇਟਿਵ ਪਾਏ ਜਾਣ ਮਗਰੋਂ ਉਨ੍ਹਾਂ ਨੂੰ ਦੱਖਣੀ ਮੁੰਬਈ ਦੇ ਸਰਕਾਰੀ ਸੇਂਟ ਜਾਰਜ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇੱਥੇ ਡਾਕਟਰਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਕੋਵਿਡ ਸਬੰਧੀ ਇਲਾਜ ਬਿਲਕੁਲ ਠੀਕ-ਠਾਕ ਚੱਲ ਰਿਹਾ ਹੈ ਪਰ ਵਰਵਰਾ ਨੂੰ ਨਿਊਰੋ ਦੀ ਸਮੱਸਿਆ ਹੈ। ਵਿਸ਼ੇਸ਼ ਮਾਹਿਰ ਵੱਲੋਂ ਉਨ੍ਹਾਂ ਦੀ ਸਿਹਤ ਸੇਂਟ ਜਾਰਜ ਹਸਪਤਾਲ ਵਿਚ ਜਾਂਚੀ ਗਈ ਸੀ ਤੇ ਹੁਣ ਉਨ੍ਹਾਂ ਨੂੰ ਨਾਨਾਵਟੀ ਹਸਪਤਾਲ ਲਿਜਾਇਆ ਗਿਆ ਹੈ। -ਪੀਟੀਆਈ