Vande Mataram Controversy: ਭਾਜਪਾ ਤੇ ਕਾਂਗਰਸ ’ਚ ਸਿਆਸੀ ਘਮਸਾਣ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੂੰ ਮੁਆਫ਼ੀ ਮੰਗਣ ਲੲੀ ਕਿਹਾ; ‘ਸਾਹਿਬ’ ਦੀਆਂ ਨਾਕਾਮੀਆਂ ਤੋਂ ਧਿਆਨ ਵੰਡਾੳੁਣ ਦੀ ਕੋਸ਼ਿਸ਼: ਕਾਂਗਰਸ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਪਾਰਟੀ ’ਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ ਅਪਮਾਨ ਕਰਨ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਉਹ ਗੀਤ ਦੇ ਰਚਨਾਕਾਰ ਬੰਕਿਮ ਚੰਦਰ ਚਟੋਪਾਧਿਆਏ ਅਤੇ ਮੁਲਕ ਦੇ ਲੋਕਾਂ ਤੋਂ ਮੁਆਫ਼ੀ ਮੰਗੇ। ਉੱਧਰ ਭਾਜਪਾ ਵਿਧਾਇਕ ਅਤੇ ਬੰਕਿਮ ਚੰਦਰ ਚਟੋਪਾਧਿਆਏ ਦੇ ਵੰਸ਼ਜ ਸੁਮਿਤਰੋ ਚੈਟਰਜੀ ਨੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਆਜ਼ਾਦੀ ਦਿਹਾੜੇ ਮੌਕੇ ਕਾਂਗਰਸ ਹੈੱਡਕੁਆਰਟਰ ਵਿਖੇ ਵੰਦੇ ਮਾਤਰਮ ਦੇ ਗਾਇਨ ਨੂੰ ਕਥਿਤ ਤੌਰ ’ਤੇ ਅੱਧ ਵਿਚਾਲਿਉਂ ਰੋਕਣ ਦੇ ਮਾਮਲੇ ’ਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਆਖਿਆ ਹੈ।
ਰਾਜਸਥਾਨ ਦੇ ਚਿਤੌੜਗੜ੍ਹ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ 80 ਸਾਲ ਬਾਅਦ ਲਾਲ ਕਿਲੇ ਅਤੇ ਦੇਸ਼ ਭਰ ’ਚ ਇਹ ਗੀਤ ਪੂਰੇ ਸਤਿਕਾਰ ਨਾਲ ਗਾਇਆ ਗਿਆ ਪਰ ਕਾਂਗਰਸ ਨੇ ਵੋਟ ਬੈਂਕ ਦੀ ਸਿਆਸਤ ਕਾਰਨ ਇਸ ਨੂੰ ਭੁਲਾ ਦਿੱਤਾ ਹੈ। ਸ਼ਾਹ ਵੱਲੋਂ ਕਾਂਗਰਸ ਨੂੰ ਮੁਆਫ਼ੀ ਮੰਗਣ ਲਈ ਆਖੇ ਜਾਣ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਤੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਇਹ ਬਿਆਨ ‘ਆਪਣੇ ਸਾਹਿਬ ਅਤੇ ਆਪਣੀਆਂ ਵੱਡੀਆਂ ਨਾਕਾਮੀਆਂ’ ਤੋਂ ਧਿਆਨ ਵੰਡਾਉਣ ਲਈ ਦਿੱਤੇ ਜਾ ਰਹੇ ਹਨ। ਉਨ੍ਹਾਂ ਸ਼ਾਹ ’ਤੇ ਰਾਜ ਸਭਾ ’ਚ 17 ਦਸੰਬਰ 2024 ਨੂੰ ਡਾਕਟਰ ਬੀ ਆਰ ਅੰਬੇਡਕਰ ਦੇ ਅਪਮਾਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਸ਼ਾਹ ਉਸ ਆਰ ਐੱਸ ਐੱਸ ਨਾਲ ਜੁੜੇ ਹੋਏ ਹਨ ਜਿਸ ਨੇ ਆਪਣੇ ਹੈੱਡਕੁਆਰਟਰ ’ਤੇ ਜਨਵਰੀ 2022 ਤੱਕ ਤਿਰੰਗਾ ਨਹੀਂ ਲਹਿਰਾਇਆ ਸੀ।
ਸੋਨੀਆ ਤੇ ਰਾਹੁਲ ਖ਼ਿਲਾਫ਼ ਸ਼ਿਕਾਇਤਾਂ
ਨਵੀਂ ਦਿੱਲੀ/ਮੰਗਲੂਰੂ: ਦਿੱਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਆਜ਼ਾਦੀ ਦਿਹਾੜੇ ਸਬੰਧੀ ਸਮਾਰੋਹ ਦੌਰਾਨ ਕੌਮੀ ਗੀਤ ‘ਵੰਦੇ ਮਾਤਰਮ’ ਦੇ ਗਾਇਨ ਵਿੱਚ ਕਥਿਤ ਤੌਰ ’ਤੇ ਅੜਿੱਕਾ ਪਾਉਣ ਦੇ ਮਾਮਲੇ ਵਿੱਚ ਕਾਂਗਰਸੀ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇੱਕ ਵਕੀਲ ਵੱਲੋਂ ਦਾਇਰ ਕੀਤੀ ਗਈ ਇਹ ਸ਼ਿਕਾਇਤ 16 ਅਗਸਤ ਨੂੰ ਆਈ ਪੀ ਐਸਟੇਟ ਥਾਣੇ ਵਿੱਚ ਸੌਂਪੀ ਗਈ ਸੀ। ਸ਼ਿਕਾਇਤ ਅਨੁਸਾਰ, 15 ਅਗਸਤ ਨੂੰ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਵਿੱਚ ਆਜ਼ਾਦੀ ਦਿਹਾੜੇ ਸਬੰਧੀ ਸਮਾਰੋਹ ਕਰਵਾਇਆ ਗਿਆ ਸੀ, ਜਿਸ ਦੌਰਾਨ ‘ਵੰਦੇ ਮਾਤਰਮ’ ਗਾਇਆ ਜਾ ਰਿਹਾ ਸੀ। ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਮਾਰੋਹ ਵਿੱਚ ਮੌਜੂਦ ਸੋਨੀਆ ਗਾਂਧੀ ਨੇ ਕੌਮੀ ਗੀਤ ਦਾ ਸ਼ੁਰੂਆਤੀ ਹਿੱਸਾ ਗਾਏ ਜਾਣ ਤੋਂ ਬਾਅਦ ਅਜਿਹੇ ਇਸ਼ਾਰੇ ਕੀਤੇ, ਜਿਨ੍ਹਾਂ ਬਾਰੇ ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਹ ਇਸ ਨੂੰ ਜਾਰੀ ਰੱਖਣ ’ਤੇ ਇਤਰਾਜ਼ ਨੂੰ ਦਰਸਾਉਂਦੇ ਜਾਪਦੇ ਸਨ। ਸ਼ਿਕਾਇਤ ਵਿੱਚ ਇੱਕ ਵੀਡੀਓ ਦਾ ਹਵਾਲਾ ਵੀ ਦਿੱਤਾ ਗਿਆ ਹੈ ਜਿਸ ਵਿੱਚ ਰਾਹੁਲ ਗਾਂਧੀ ਕਥਿਤ ਤੌਰ ’ਤੇ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ, ‘‘ਅਸੀਂ ਵੰਦੇ ਮਾਤਰਮ ਨਹੀਂ ਗਾ ਰਹੇ ਹਾਂ।’’ ਸ਼ਿਕਾਇਤਕਰਤਾ ਨੇ ਦੋਵਾਂ ਨੇਤਾਵਾਂ ਦੇ ਜ਼ਿੰਮੇਵਾਰ ਪਾਏ ਜਾਣ ’ਤੇ ਨਿਰਪੱਖ ਜਾਂਚ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਦੌਰਾਨ ਭਾਜਪਾ ਨੇ ਕੌਮੀ ਗੀਤ ‘ਵੰਦੇ ਮਾਤਰਮ’ ਦੇ ਕਥਿਤ ਅਪਮਾਨ ਦੇ ਮਾਮਲੇ ’ਚ ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਖ਼ਿਲਾਫ਼ ਮੰਗਲੂਰੂ ਦੇ ਉਰਵਾ ਥਾਣੇ ’ਚ ਵੀ ਸ਼ਿਕਾਇਤ ਦਰਜ ਕਰਵਾਈ ਹੈ।

