ਉੱਤਰ ਪ੍ਰਦੇਸ਼: ਸਪਾ ਆਗੂ ਆਜ਼ਮ ਖ਼ਾਨ ਦੋ ਸਾਲਾਂ ਬਾਅਦ ਜੇਲ੍ਹ ’ਚੋਂ ਰਿਹਾਅ
ਆਜ਼ਮ ਖ਼ਾਨ ਨੇ ਆਪਣੇ ਗ੍ਰਹਿ ਕਸਬੇ ਰਾਮਪੁਰ ਵੱਲ ਜਾਂਦਿਆਂ ਬਰੇਲੀ ’ਚ ਪੱਤਰਕਾਰ ਨੂੰ ਕਿਹਾ, ‘‘ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ। ਇਹ ਪੁੱਛੇ ਜਾਣ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਨਿਆਂ ਹੋਇਆ ਹੈ, ਖ਼ਾਨ ਨੇ ਕਿਹਾ, ‘‘ਮੈਂ ਅਜਿਹਾ ਨਹੀਂ ਕਹਿ ਸਕਦਾ।’’ ਸਾਬਕਾ ਸੰਸਦ ਮੈਂਬਰ ਨੇ ਬਸਪਾ ਸ਼ਾਮਲ ਹੋਣ ਦਾ ਕਿਆਸ ਖਾਰਜ ਕੀਤਾ ਹੈ। ਪਾਰਟੀ ਬਦਲਣ ਦੀਆਂ ਰਿਪੋਰਟਾਂ ਬਾਰੇ ਸਵਾਲ ’ਤੇ ਉਨ੍ਹਾਂ ਆਖਿਆ, ‘‘ਇਹ ਗੱਲ ਉਨ੍ਹਾਂ ਨੂੰ ਪੁੱਛੋ ਜੋ ਅਜਿਹੇ ਦਾਅਵੇ ਕਰ ਰਹੇ ਹਨ।
ਇਸੇ ਦੌਰਾਨ ਸਪਾ ਦੇ ਕੌਮੀ ਜਨਰਲ ਸਕੱਤਰ ਸ਼ਿਵਪਾਲ ਸਿੰਘ ਯਾਦਵ ਨੇ ਆਜ਼ਮ ਖ਼ਾਨ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਤੇ ਇਸ ਨੂੰ ‘ਅਫਵਾਹ’ ਕਰਾਰ ਦਿੱਤਾ। ਯਾਦਵ ਨੇ ਕਿਹਾ, ‘‘ਆਜ਼ਮ ਖ਼ਾਨ ਦੇ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਦਾ ਕੋਈ ਸਵਾਲ ਹੀ ਨਹੀਂ ਹੈ। ਉਹ ਸਮਾਜਵਾਦੀ ਪਾਰਟੀ ਦੇ ਨਾਲ ਸਨ ਤੇ ਇਸ ਦੇ ਨਾਲ ਹੀ ਰਹਿਣਗੇ। ਸਪਾ ਲੀਡਰਸ਼ਿਪ ਹਮੇਸ਼ਾ ਖ਼ਾਨ ਦੇ ਨਾਲ ਸੀ ਅਤੇ ਉਨ੍ਹਾਂ ਦੇ ਨਾਲ ਰਹੇਗੀ।’’ -ਪੀਟੀਆਈ
ਡੱਬੀ---- ਸੱਤਾ ’ਚ ਆਉਣ ’ਤੇ ਆਜ਼ਮ ਖ਼ਾਨ ਖ਼ਿਲਾਫ਼ ਸਾਰੇ ‘ਝੂਠੇ’ ਕੇਸ ਵਾਪਸ ਲਵਾਂਗੇ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਸੀਨੀਅਰ ਆਗੂ ਆਜ਼ਮ ਖ਼ਾਨ ਦੀ ਜੇਲ੍ਹ ਤੋਂ ਰਿਹਾਈ ਦਾ ਸਵਾਗਤ ਕਰਦਿਆਂ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼ ’ਚ ਪਾਰਟੀ ਦੀ ਸਰਕਾਰ ਬਣਨ ’ਤੇ ਉਨ੍ਹਾਂ ਖ਼ਿਲਾਫ਼ ਸਾਰੇ ‘ਝੂਠੇ’ ਕੇਸ ਵਾਪਸ ਲਏ ਜਾਣਗੇ। ਯਾਦਵ ਨੇ ਕਿਹਾ, ‘‘ਆਜ਼ਮ ਖ਼ਾਨ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੈਂਬਰ ਹੀ ਨਹੀਂ ਹਨ ਬਲਕਿ ਉਨ੍ਹਾਂ ਨੇ ਸਮਾਜਵਾਦੀ ਲਹਿਰਾਂ ’ਚ ਵੀ ਅਹਿਮ ਭੂਮਿਕਾ ਨਿਭਾਈ। ਖਾਨ ਜੀ ਸਪਾ ਅਤੇ ਸਾਡੇ ਸਾਰਿਆਂ ਦੇ ਨਾਲ ਹਨ। ਭਾਜਪਾ ਖ਼ਿਲਾਫ ਲੜਾਈ ’ਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਅੱਜ ਇੱਕ ਅਹਿਮ ਪਲ ਹੈ। ਆਖਰ, ਉਨ੍ਹਾਂ ਨੂੰ ਨਿਆਂ ਮਿਲਿਆ ਹੈ।’’
