Uttar Pradesh: ਪੀ ਡੀ ਏ-ਐੱਮ ਵਾਈ-ਜੈੱਨ ਜ਼ੀ ਗੱਠਜੋੜ ਭਾਜਪਾ ਨੂੰ ਹਰਾਵੇਗਾ: ਅਖਿਲੇਸ਼
ਸਮਾਜਵਾਦੀ ਪਾਰਟੀ ਵੱਲੋਂ ਨੌਜਵਾਨਾਂ ਦੀ ਨਾਰਾਜ਼ਗੀ ਦਾ ਲਾਹਾ ਲੈਣ ਦੀ ਕੋਸ਼ਿਸ਼
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਇੱਥੇ ਆਪਣੀ ਪਾਰਟੀ ਦੇ ਭਾਜਪਾ ਵਿਰੋਧੀ ਗੱਠਜੋੜ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਪੀ ਡੀ ਏ (ਪੱਛੜੇ, ਦਲਿਤ ਅਤੇ ਘੱਟਗਿਣਤੀ), ਰਵਾਇਤੀ ਮੁਸਲਿਮ-ਯਾਦਵ ਵੋਟਰ ਅਤੇ ਨਾਰਾਜ਼ ਜੈੱਨ ਜ਼ੀ ਦਾ ਸੁਮੇਲ ਸੂਬੇ ਵਿੱਚ ਭਾਜਪਾ ਦੀ ਹਾਰ ਦਾ ਕਾਰਨ ਬਣੇਗਾ। ਅਖਿਲੇਸ਼ ਨੇ ਕਿਹਾ, ‘‘ਜੇ ਮੁਸਲਿਮ-ਯਾਦਵ ਵੋਟਾਂ ਕਾਇਮ ਰਹਿੰਦੀਆਂ ਹਨ, ਪੀ ਡੀ ਏ ਦਾ ਏਕਾ ਅਤੇ ਜੈੱਨ ਜ਼ੀ ਦਾ ਰੋਸ ਇੱਕੋ ਮੰਚ ’ਤੇ ਆਉਂਦੇ ਹਨ ਤਾਂ ਭਾਜਪਾ ਦਾ ਸਫ਼ਾਇਆ ਹੋਣਾ ਤੈਅ ਹੈ।’’ ਇਹ ਟਿੱਪਣੀਆਂ ਦਰਸਾਉਂਦੀਆਂ ਹਨ ਕਿ ਸਮਾਜਵਾਦੀ ਪਾਰਟੀ ਆਗਾਮੀ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਦੀ ਨਾਰਾਜ਼ਗੀ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਭਾਜਪਾ ਨੇ ਵਾਰ-ਵਾਰ ਸਮਾਜਵਾਦੀ ਪਾਰਟੀ ਦੇ ਐੱਮ ਵਾਈ ਫਾਰਮੂਲੇ ਨੂੰ ਨਿਸ਼ਾਨਾ ਬਣਾਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇਤਾਵਾਂ ਨੇ ਇਸ ਸ਼ਬਦ ਨੂੰ ‘ਮੋਦੀ-ਯੋਗੀ’ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਤਰਕ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਿਲ ਕੇ ਸਮਾਜਵਾਦੀ ਪਾਰਟੀ ਦੇ ਮੁਸਲਿਮ-ਯਾਦਵ ਆਧਾਰ ਦਾ ਮੁਕਾਬਲਾ ਕੀਤਾ ਹੈ।
ਭਾਜਪਾ ਅਤੇ ਚੋਣ ਕਮਿਸ਼ਨ ’ਤੇ ਮਿਲੀਭੁਗਤ ਦੇ ਦੋਸ਼
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ ਅਤੇ ਚੋਣ ਕਮਿਸ਼ਨ ’ਤੇ ਵੋਟਰ ਸੂਚੀਆਂ ਵਿੱਚ ਕਥਿਤ ਹੇਰ-ਫੇਰ ਲਈ ਮਿਲੀਭੁਗਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦੋਵੇਂ ਮਿਲ ਕੇ ‘ਭਾਰਤ ਦੇ ਲੋਕਤੰਤਰ, ਸੰਵਿਧਾਨ ਅਤੇ ਨਾਗਰਿਕਾਂ ਨੂੰ ਧੋਖਾ ਦੇ ਰਹੇ ਹਨ।’ ਇੱਥੇ ਪਾਰਟੀ ਮੁੱਖ ਦਫ਼ਤਰ ਵਿੱਚ ਗੱਲਬਾਤ ਕਰਦਿਆਂ ਅਖਿਲੇਸ਼ ਨੇ ਦੋਸ਼ ਲਾਇਆ ਕਿ ਜਦੋਂ ਭਾਜਪਾ ਨੂੰ ਹਾਰ ਦਾ ਡਰ ਸਤਾਉਂਦਾ ਹੈ ਤਾਂ ਉਹ ਚੋਣ ਕਮਿਸ਼ਨ ਦਾ ਸਹਾਰਾ ਲੈਂਦੀ ਹੈ।

