ਅਮਰੀਕੀ ਫੌਜਾਂ ਜਲਦੀ ਹੀ ਕੰਮ ਪੂਰਾ ਕਰਨਗੀਆਂ: ਟਰੰਪ
ਇਰਾਨ ਜੰਗ ਸ਼ੁਰੂ ਹੋਣ ਮਗਰੋਂ ਦੇਸ਼ ਦੇ ਨਾਮ ਪਹਿਲਾ ਸੰਬੋਧਨ; ਇਰਾਨ ’ਤੇ ਨੇੜਲੇ ਭਵਿੱਖ ਵਿੱਚ ਲਗਾਤਾਰ ਹਮਲੇ ਜਾਰੀ ਰੱਖਣ ਦੀ ਚਿਤਾਵਨੀ
ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਘੀ ਰਾਤ ਦੇਸ਼ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿੱਚ ਇਰਾਨ ਜੰਗ ਦਾ ਜ਼ੋਰਦਾਰ ਬਚਾਅ ਕਰਦਿਆਂ ਕਿਹਾ ਕਿ ਅਮਰੀਕੀ ਫੌਜਾਂ ਜਲਦੀ ਹੀ ਇਰਾਨ ਵਿੱਚ ਕੰਮ ਪੂਰਾ ਕਰ ਦੇਣਗੀਆਂ, ਕਿਉਂਕਿ ਮੁੱਖ ਰਣਨੀਤਕ ਉਦੇਸ਼ ਪੂਰੇ ਹੋਣ ਨੇੜੇ ਹਨ। ਮਹੀਨਾ ਪਹਿਲਾਂ ਸ਼ੁਰੂ ਹੋਈ ਜੰਗ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਕੌਮੀ ਭਾਸ਼ਣ ਸੀ। ਟਰੰਪ ਨੇ ਕਿਹਾ ਕਿ ਉਹ ਪੱਕਾ ਨਹੀਂ ਕਹਿ ਸਕਦੇ ਕਿ ਅਮਰੀਕਾ ਦੇ ਲੋਕਾਂ ਵਿੱਚ ਇਰਾਨ ਦੀ ਜੰਗ ਨੂੰ ਜਾਰੀ ਰੱਖਣ ਲਈ ਸਬਰ ਹੈ ਜਾਂ ਨਹੀਂ। ਵ੍ਹਾਈਟ ਹਾਊਸ ਵਿੱਚ ਈਸਟਰ ਦੇ ਦੁਪਹਿਰ ਦੇ ਖਾਣੇ ਦੌਰਾਨ ਕੀਤੀਆਂ ਗਈਆਂ ਉਨ੍ਹਾਂ ਦੀਆਂ ਇਹ ਨਿੱਜੀ ਟਿੱਪਣੀਆਂ ਉਸ ਘਰੇਲੂ ਦਬਾਅ ਨੂੰ ਦਰਸਾਉਂਦੀਆਂ ਹਨ, ਜੋ ਰਾਸ਼ਟਰਪਤੀ ਇਸ ਜੰਗ ਨੂੰ ਖ਼ਤਮ ਕਰਨ ਲਈ ਮਹਿਸੂਸ ਕਰ ਰਹੇ ਹਨ।
ਟਰੰਪ ਨੇ ਵੱਡੀ ਗਿਣਤੀ ਵਿੱਚ ਜੁੜੇ ਸਰੋਤਿਆਂ ਸਾਹਮਣੇ ਅਮਰੀਕੀ ਕਾਰਵਾਈਆਂ ਦੀ ਸਫ਼ਲਤਾ ਦਾ ਗੁਣਗਾਣ ਕੀਤਾ ਅਤੇ ਦਲੀਲ ਦਿੱਤੀ ਕਿ ਵਾਸ਼ਿੰਗਟਨ ਦੇ ਹੁਣ ਤੱਕ ਦੇ ਸਾਰੇ ਉਦੇਸ਼ ਪੂਰੇ ਹੋ ਗਏ ਹਨ ਜਾਂ ਆਸ ਨਾਲੋਂ ਵੱਧ ਸਫ਼ਲ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਰਾਨ ਨੂੰ ਨੇੜਲੇ ਭਵਿੱਖ ਵਿੱਚ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਕਿਹਾ, ‘‘ਅਸੀਂ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਉਨ੍ਹਾਂ ’ਤੇ ਬਹੁਤ ਜ਼ੋਰਦਾਰ ਹਮਲਾ ਕਰਾਂਗੇ। ਅਸੀਂ ਉਨ੍ਹਾਂ ਨੂੰ ਵਾਪਸ ਪੱਥਰ ਯੁੱਗ ਵਿੱਚ ਲੈ ਜਾਵਾਂਗੇ, ਜਿੱਥੋਂ ਦੇ ਉਹ ਰਹਿਣ ਵਾਲੇ ਹਨ।’’
ਉਨ੍ਹਾਂ ਕਿਹਾ ਕਿ ਅਮਰੀਕਾ ਬੜੀ ਆਸਾਨੀ ਨਾਲ ਇਰਾਨ ਦਾ ਤੇਲ ਆਪਣੇ ਕਬਜ਼ੇ ਵਿੱਚ ਲੈ ਸਕਦਾ ਹੈ ਪਰ ਇਹ ਬਦਕਿਸਮਤੀ ਹੈ ਕਿ ਅਜਿਹੀ ਕੋਸ਼ਿਸ਼ ਲਈ ਅਮਰੀਕੀ ਲੋਕਾਂ ਵਿੱਚ ਸਬਰ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ, ‘‘ਅਮਰੀਕੀ ਲੋਕ ਇਸ ਜੰਗ ਦਾ ਅੰਤ ਦੇਖਣਾ ਚਾਹੁੰਦੇ ਹਨ।’’ ਲਗਪਗ 20 ਮਿੰਟ ਤੱਕ ਚੱਲੇ ਇਸ ਭਾਸ਼ਣ ਦਾ ਜ਼ਿਆਦਾਤਰ ਹਿੱਸਾ ਉਨ੍ਹਾਂ ਗੱਲਾਂ ਨੂੰ ਦੁਹਰਾਉਣ ਵਿੱਚ ਹੀ ਬੀਤਿਆ ਜੋ ਕਿ ਉਹ ਪਿਛਲੇ ਹਫ਼ਤਿਆਂ ਵਿੱਚ ਪਹਿਲਾਂ ਹੀ ਕਹਿ ਚੁੱਕੇ ਹਨ।
ਟਰੰਪ ਦੇ ਸੰਬੋਧਨ ਮਗਰੋਂ ਤੇਲ ਦੀਆਂ ਕੀਮਤਾਂ ਵਧੀਆਂ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੰਬੋਧਨ ਤੋਂ ਬਾਅਦ ਤੇਲ ਅਤੇ ਗੈਸ ਦੀਆਂ ਕੀਮਤਾਂ ਵੀ ਕਾਫੀ ਵਧੀਆਂ ਹੋਈਆਂ ਹਨ। ਵਿਸ਼ਵ ਵਿੱਤੀ ਬਾਜ਼ਾਰਾਂ ’ਤੇ ਇਸ ਦਾ ਅਸਰ ਤੁਰੰਤ ਦੇਖਣ ਨੂੰ ਮਿਲਿਆ। ਟਰੰਪ ਦੀਆਂ ਇਰਾਨ ’ਤੇ ਹਮਲੇ ਜਾਰੀ ਰੱਖਣ ਵਰਗੀਆਂ ਟਿੱਪਣੀਆਂ ਮਗਰੋਂ ਤੇਲ ਦੀਆਂ ਕੀਮਤਾਂ ਵਿੱਚ 4 ਫੀਸਦ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਅਤੇ ਏਸ਼ਿਆਈ ਸ਼ੇਅਰ ਬਾਜ਼ਾਰਾਂ ਵਿੱਚ ਨਿਘਾਰ ਦਰਜ ਕੀਤਾ ਗਿਆ।

