US Tariff: ਭਾਰਤ ’ਤੇ ਸੌ ਫ਼ੀਸਦ ਅਮਰੀਕੀ ਟੈਰਿਫ ਦਾ ਖ਼ਤਰਾ
ਵਿਦੇਸ਼ ਮੰਤਰਾਲੇ ਨੇ ਦੇਸ਼ ਦੇ ਆਰਥਿਕ ਹਿੱਤਾਂ ਦੀ ਰਾਖੀ ਲਈ ਦ੍ਰਿਡ਼੍ਹਤਾ ਜਤਾਈ; ਅਮਰੀਕਾ ਦੀ ਪ੍ਰਤੀਨਿਧ ਸਭਾ ਵੱਲੋਂ ਨਵਾਂ ਬਿੱਲ ਪਾਸ; ਰੂਸੀ ਤੇਲ-ਗੈਸ ਖ਼ਰੀਦਣ ਵਾਲੇ ਮੁਲਕ ਨਿਸ਼ਾਨੇ ’ਤੇ
ਅਮਰੀਕੀ ਸੰਸਦ (ਕਾਂਗਰਸ) ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਵੱਲੋਂ ਬੀਤੇ ਦਿਨ ਪਾਸ ਕੀਤੇ ਗਏ ‘ਲਿੰਡਸੇ ਓ ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ-2026’ ਮਗਰੋਂ ਭਾਰਤ ’ਤੇ ਸੌ ਫ਼ੀਸਫ ਟੈਰਿਫ ਲਾਏ ਜਾਣ ਦਾ ਖ਼ਤਰਾ ਜਤਾਏ ਜਾਣ ਮਗਰੋਂ ਅੱਜ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਆਰਥਿਕ ਹਿੱਤਾਂ ਦੀ ਰਾਖੀ ਅਤੇ ਊਰਜਾ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਜ਼ਰੂਰੀ ਕਦਮ ਚੁੱਕਿਆ ਜਾਵੇਗਾ।
ਭਾਰਤ ਨੇ ਅੱਜ ਚਿਤਾਵਨੀ ਦਿੱਤੀ ਕਿ ਰੂਸ ’ਤੇ ਅਮਰੀਕੀ ਪਾਬੰਦੀਆਂ ਵਾਲਾ ਬਿੱਲ ਜਿਸ ਵਿੱਚ ਰੂਸ ਤੋਂ ਸਭ ਤੋਂ ਵੱਧ ਕੱਚਾ ਤੇਲ ਦਰਾਮਦ ਕਰਨ ਵਾਲੇ ਮੁਲਕਾਂ ’ਤੇ 100 ਫ਼ੀਸਦ ਟੈਰਿਫ ਲਾਉਣ ਦੀ ਤਜਵੀਜ਼ ਹੈ, ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਰਿਸ਼ਤਿਆਂ ਦੇ ਨਾਲ ਨਾਲ ਆਲਮੀ ਊਰਜਾ ਬਾਜ਼ਾਰ ’ਤੇ ਵੀ ਅਸਰ ਪਾ ਸਕਦਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਕਾਂਗਰਸ ’ਚ ਬਿੱਲ ਪਾਸ ਹੋਣ ਮਗਰੋਂ ਭਾਰਤ ਇਸ ਮਾਮਲੇ ’ਚ ਅੱਗੇ ਹੋਣ ਵਾਲੇ ਘਟਨਾਕ੍ਰਮ ’ਤੇ ਨਜ਼ਰ ਰੱਖ ਰਿਹਾ ਹੈ। ਜਿਵੇਂ ਪਹਿਲਾਂ ਵੀ ਕਈ ਮੌਕਿਆਂ ’ਤੇ ਕਿਹਾ ਗਿਆ ਹੈ, ਭਾਰਤ ਆਪਣੇ 1.4 ਅਰਬ ਲੋਕਾਂ ਲਈ ਊਰਜਾ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਪਿਛਲੇ ਕੁਝ ਸਾਲਾਂ ’ਚ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਖਰੀਦ ’ਚ ਕਾਫੀ ਵਾਧਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਸਰੋਤਾਂ ’ਚ ਵੰਨ-ਸੁਵੰਨਤਾ ਲਿਆਉਣ ਅਤੇ ਬਾਜ਼ਾਰ ਦੇ ਬਦਲਦੇ ਹਾਲਾਤ ਦੇ ਆਧਾਰ ’ਤੇ ਆਪਣੀ ਊਰਜਾ ਸੁਰੱਖਿਆ ਯਕੀਨੀ ਬਣਾਉਂਦਾ ਰਹੇਗਾ। ਇਸ ਮੁੱਦੇ ’ਤੇ ਪਿਛਲੇ ਕੁਝ ਮਹੀਨਿਆਂ ’ਚ ਅਮਰੀਕਾ ਦੇ ਵੱਖ ਵੱਖ ਅਧਿਕਾਰੀਆਂ ਤੇ ਨੁਮਾਇੰਦਿਆਂ ਨਾਲ ਉੱਚ ਪੱਧਰੀ ਚਰਚਾ ਵੀ ਹੋਈ ਹੈ। ਭਾਰਤ ਨੇ ਅਮਰੀਕਾ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੇ ਵਪਾਰ ਤੇ ਆਰਥਿਕ ਹਿੱਤਾਂ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਦ੍ਰਿੜ੍ਹ ਹੈ।
ਇਸੇ ਦੌਰਾਨ ਥਿੰਕ ਟੈਂਕ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ ਟੀ ਆਰ ਆਈ) ਨੇ ਕਿਹਾ ਹੈ ਕਿ ਅਮਰੀਕੀ ਸੰਸਦ ਦੀ ਪ੍ਰਤੀਨਿਧ ਸਭਾ ’ਚੋਂ ਪਾਸ ਹੋਇਆ ਬਿੱਲ ਜੋ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਰੂਸ ਅਤੇ ਭਾਰਤ ਸਣੇ ਰੂਸੀ ਤੇਲ ਅਤੇ ਗੈਸ ਖ਼ਰੀਦਣ ਵਾਲੇ ਮੁਲਕਾਂ ’ਤੇ ਭਾਰੀ ਟੈਰਿਫ ਲਾਉਣ ਦਾ ਅਖ਼ਤਿਆਰ ਦਿੰਦਾ ਹੈ, ਉਸ ਕਾਰਨ ਨਵੀਂ ਦਿੱਲੀ ’ਤੇ 100 ਫ਼ੀਸਦ ਟੈਰਿਫ ਲੱਗ ਸਕਦਾ ਹੈ; ਹਾਲਾਂਕਿ ਭਾਰਤੀ ਬਰਾਮਦ ’ਤੇ ਨਵੇਂ ਟੈਰਿਫ ਦਾ ਅਸਲ ਕਾਰਨ ਦਾ ਉਦੋਂ ਹੀ ਪਤਾ ਲੱਗੇਗਾ, ਜਦੋਂ ਅਮਰੀਕਾ ਇਹ ਐਲਾਨ ਕਰੇਗਾ ਕਿ ਟੈਰਿਫ ਦੀਆਂ ਦਰਾਂ ਕਿਹੜੇ ਉਤਪਾਦਾਂ ’ਤੇ ਲਾਗੂ ਹੋਣਗੀਆਂ ਅਤੇ ਇਹ ਕਦੋਂ ਲਾਗੂ ਕੀਤਾ ਜਾਵੇਗਾ।
ਉੱਪਰਲੇ ਸਦਨ ਸੈਨੇਟ ’ਚ ਪਿਛਲੇ ਮਹੀਨੇ ਪਾਸ ਹੋਇਆ ਬਿੱਲ ਬੀਤੇ ਦਿਨ ਹੇਠਲੇ ਸਦਨ ਨੇ 262-159 ਵੋਟਾਂ ਨਾਲ ਪਾਸ ਕਰ ਦਿੱਤਾ ਅਤੇ ਇਹ ਹੁਣ ਕਾਨੂੰਨ ਬਣਨ ਲਈ ਟਰੰਪ ਕੋਲ ਜਾਵੇਗਾ। ਸੰਸਥਾ ਨੇ ਕਿਹਾ ਕਿ ਇਹ ਐਕਟ ਅਮਰੀਕੀ ਰਾਸ਼ਟਰਪਤੀ ਨੂੰ ਰੂਸੀ ਕੱਚੇ ਤੇਲ ਅਤੇ ਕੁਦਰਤੀ ਗੈਸ ਦੇ ਪੰਜ ਸਭ ਤੋਂ ਵੱਡੇ ਖ਼ਰੀਦਦਾਰਾਂ ਦੇ ਉਤਪਾਦਾਂ ’ਤੇ ਸੌ ਫ਼ੀਸਦ ਤੱਕ ਵਾਧੂ ਟੈਰਿਫ ਲਾਉਣ ਦੀ ਵੀ ਇਜਾਜ਼ਤ ਦਿੰਦਾ ਹੈ।
ਚੀਨ ਵੱਲੋਂ ਅਮਰੀਕੀ ਬਿੱਲ ਖ਼ਾਰਜ
ਪੇਈਚਿੰਗ: ਚੀਨ ਨੇ ਟੈਰਿਫ ਲਾਉਣ ਲਈ ਅਮਰੀਕਾ ਦੇ ‘ਲੰਮੇ ਸਮੇਂ ਦੇ ਅਧਿਕਾਰ ਖੇਤਰ’ ਨੂੰ ਰੱਦ ਕਰਦਿਆਂ ਕਿਹਾ ਕਿ ਹੋਰਨਾਂ ਦੇਸ਼ਾਂ ਨਾਲ ਉਸ ਦਾ ਆਮ ਵਪਾਰ ਅਤੇ ਆਰਥਿਕ ਸਹਿਯੋਗ ਕਿਸੇ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਇਸ ਬਿੱਲ ਬਾਰੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਚੀਨ ਕਿਸੇ ਵੀ ਅਜਿਹੀ ਕਾਰਵਾਈ ਦਾ ਵਿਰੋਧ ਕਰਦਾ ਹੈ ਜਿਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮਨਜ਼ੂਰੀ ਹਾਸਲ ਨਾ ਹੋਵੇ। ਗੁਓ ਨੇ ਕਿਹਾ, ‘‘ਚੀਨ ਲਗਾਤਾਰ ਉਸ ਲੰਮੇ ਸਮੇਂ ਦੇ ਅਧਿਕਾਰ ਖੇਤਰ ਦਾ ਵਿਰੋਧ ਕਰਦਾ ਹੈ ਜਿਸ ਦਾ ਕੌਮਾਂਤਰੀ ਕਾਨੂੰਨ ਵਿੱਚ ਕੋਈ ਆਧਾਰ ਨਹੀਂ ਅਤੇ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਅਧਿਕਾਰਤ ਨਹੀਂ ਹੈ।’’ -ਪੀਟੀਆਈ
‘ਖੁਸ਼ ਕਰਨ ਦੀ ਨੀਤੀ’ ਕਾਰਗਰ ਨਹੀਂ ਹੁੰਦੀ: ਕਾਂਗਰਸ
ਨਵੀਂ ਦਿੱਲੀ: ਅਮਰੀਕੀ ਪ੍ਰਤੀਨਿਧ ਸਭਾ ਨੇ ਰੂਸ ਤੋਂ ਤੇਲ ਅਤੇ ਗੈਸ ਖਰੀਦਣ ਵਾਲੇ ਵਪਾਰਕ ਭਾਈਵਾਲਾਂ ’ਤੇ ਪਾਬੰਦੀਆਂ ਲਗਾਉਣ ਦਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਧਿਕਾਰ ਦੇਣ ਵਾਲਾ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਤੁਸ਼ਟੀਕਰਨ ਦੀ ਨੀਤੀ ਕਦੇ ਲਾਹੇਵੰਦ ਨਹੀਂ ਹੁੰਦੀ ਅਤੇ ਨਾ ਹੋਵੇਗੀ’। ਪਾਰਟੀ ਨੇ ਸਰਕਾਰ ਤੋਂ ਇਸ ਮਾਮਲੇ ’ਤੇ ਆਪਣਾ ਰੁਖ ਸਪੱਸ਼ਟ ਕਰਨ ਅਤੇ ਭਾਰਤ ਦੀ ਊਰਜਾ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਕਾਂਗਰਸ ਆਗੂ ਜੈਰਾਮ ਰਮੇਸ਼ ਅਤੇ ਕੇ ਸੀ ਵੇਣੂਗੋਪਾਲ ਨੇ ਸਰਕਾਰ ’ਤੇ ਅਮਰੀਕੀ ਦਬਾਅ ਅੱਗੇ ਗੋਢੇ ਟੇਕਣ ਦੇ ਦੋਸ਼ ਲਾਏ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਆਰਥਿਕ ਹਿੱਤਾਂ ਅਤੇ ਊਰਜਾ ਸੁਰੱਖਿਆ ਦੀ ਰਾਖੀ ਲਈ ਲੋੜੀਂਦੇ ਕਦਮ ਚੁੱਕੇਗਾ। -ਪੀਟੀਆਈ

