DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US Midterm Elections: ਕਰਾਰੀ ਹਾਰ ਤੋਂ ਬਾਅਦ ਪੱਲਾ ਝਾੜਦੇ ਨਜ਼ਰ ਆਏ ਡੋਨਾਲਡ ਟਰੰਪ, ਦੂਜਿਆਂ 'ਤੇ ਮੜ੍ਹਿਆ ਠੀਕਰਾ

ਟਰੰਪ ਨੇ ਕਿਹਾ, "ਮੈਂ ਇਸ ਨੂੰ ਆਪਣੀ ਹਾਰ ਨਹੀਂ ਮੰਨਣਾ ਚਾਹੁੰਦਾ, ਮੈਂ ਖ਼ੁਦ ਚੋਣ ਮੈਦਾਨ ਵਿੱਚ ਨਹੀਂ ਸੀ।"

  • fb
  • twitter
  • whatsapp
  • whatsapp
featured-img featured-img
ਫੋਟੋ: ANI
Advertisement

ਅਮਰੀਕੀ ਮੱਧ-ਕਾਲੀ  ਚੋਣਾਂ ਵਿੱਚ ਰਿਪਬਲੀਕਨ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਸਾਫ਼ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਖ਼ੁਦ ਧੂੰਆਂਧਾਰ ਸਭਾਵਾਂ ਕੀਤੀਆਂ ਸਨ ਅਤੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਨੂੰ ਹੀ ਉਮੀਦਵਾਰ ਸਮਝ ਕੇ ਵੋਟ ਪਾਉਣ, ਪਰ ਹਾਰ ਮਗਰੋਂ ਹੁਣ ਉਹ ਇਸ ਦਾ ਠੀਕਰਾ ਦੂਜਿਆਂ ਦੇ ਸਿਰ ਭੰਨ ਰਹੇ ਹਨ।

ਇਨ੍ਹਾਂ ਚੋਣ ਨਤੀਜਿਆਂ ਕਾਰਨ ਅਮਰੀਕੀ ਸੰਸਦ (ਕਾਂਗਰਸ) ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਦਬਦਬਾ ਮੁੜ ਕਾਇਮ ਹੋ ਗਿਆ ਹੈ। ਡੈਮੋਕ੍ਰੇਟਸ ਨੇ ਉਨ੍ਹਾਂ ਕਈ ਸੀਟਾਂ 'ਤੇ ਵੀ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਨੂੰ ਰਿਪਬਲੀਕਨ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ। ਸਾਊਥ ਕੈਰੋਲਾਇਨਾ ਅਤੇ ਕੰਸਾਸ ਵਿੱਚ ਵੀ ਡੈਮੋਕ੍ਰੇਟਿਕ ਉਮੀਦਵਾਰ ਜੇਤੂ ਰਹੇ, ਜਿੱਥੇ 1932 ਤੋਂ ਬਾਅਦ ਕੋਈ ਡੈਮੋਕ੍ਰੇਟਿਕ ਸੈਨੇਟਰ ਨਹੀਂ ਚੁਣਿਆ ਗਿਆ ਸੀ। ਇਸ ਤੋਂ ਇਲਾਵਾ ਟੈਕਸਾਸ ਵਿੱਚ ਵੀ ਡੈਮੋਕ੍ਰੇਟਸ ਨੇ ਕਈ ਦਹਾਕਿਆਂ ਬਾਅਦ ਜਿੱਤ ਦਰਜ ਕੀਤੀ ਹੈ।

Advertisement

ਚੋਣ ਨਤੀਜਿਆਂ ਤੋਂ ਬਾਅਦ ਫ਼ੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, "ਮੈਂ ਇਸ ਨੂੰ ਆਪਣੀ ਹਾਰ ਨਹੀਂ ਮੰਨਣਾ ਚਾਹੁੰਦਾ, ਮੈਂ ਖ਼ੁਦ ਚੋਣ ਮੈਦਾਨ ਵਿੱਚ ਨਹੀਂ ਸੀ।" ਉਨ੍ਹਾਂ ਦਾਅਵਾ ਕੀਤਾ ਕਿ ਵੋਟਰਾਂ ਨੂੰ ਚੋਣ ਲੜ ਰਹੇ ਉਮੀਦਵਾਰ ਪਸੰਦ ਨਹੀਂ ਆਏ। ਹਾਲਾਂਕਿ, 'ਏਪੀ ਵੋਟਰ ਪੋਲ' ਦੇ ਅੰਕੜੇ ਦੱਸਦੇ ਹਨ ਕਿ ਖ਼ੁਦ ਟਰੰਪ ਹੀ ਰਿਪਬਲੀਕਨ ਉਮੀਦਵਾਰਾਂ ਲਈ ਵੱਡੀ ਕਮਜ਼ੋਰੀ ਸਾਬਤ ਹੋਏ, ਕਿਉਂਕਿ ਦੇਸ਼ ਭਰ ਵਿੱਚ ਸਿਰਫ਼ 40 ਫ਼ੀਸਦੀ ਵੋਟਰਾਂ ਨੇ ਹੀ ਉਨ੍ਹਾਂ ਦੇ ਕੰਮਕਾਜ ਦੀ ਸ਼ਲਾਘਾ ਕੀਤੀ।

Advertisement

 ਆਪਣੇ ਪਹਿਲੇ ਕਾਰਜਕਾਲ ਦੌਰਾਨ 2018 ਦੀਆਂ ਚੋਣਾਂ ਵਿੱਚ ਹਾਰ ਮੌਕੇ ਵੀ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਹਾਰੀ ਹੋਏ ਉਮੀਦਵਾਰਾਂ ਦਾ ਮਜ਼ਾਕ ਉਡਾਇਆ ਸੀ। ਇਸ ਵਾਰ ਵੀ ਚੋਣ ਪ੍ਰਚਾਰ ਦੌਰਾਨ ‘ਏਪੀ’ ਦੇ ਵਿਸ਼ਲੇਸ਼ਣ ਮੁਤਾਬਕ ਟਰੰਪ ਨੇ ਘੱਟੋ-ਘੱਟ 40 ਮੌਕਿਆਂ 'ਤੇ ਵੋਟਰਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਹੀ ਉਮੀਦਵਾਰ ਸਮਝ ਕੇ ਵੋਟ ਪਾਉਣ, ਪਰ ਹੁਣ ਨਤੀਜੇ ਉਲਟ ਆਉਣ 'ਤੇ ਉਹ ਆਪਣਾ ਬਿਆਨ ਬਦਲ ਰਹੇ ਹਨ।

2010 ਵਿੱਚ ਬਾਰਕ ਹੁਸੈਨ ਓਬਾਮਾ ਅਤੇ 2006 ਵਿੱਚ ਜਾਰਜ ਡਬਲਯੂ. ਬੁਸ਼ ਨੇ ਆਪਣੀਆਂ ਪਾਰਟੀਆਂ ਦੀ ਹਾਰ ਨੂੰ ‘ਕਰਾਰਾ ਝਟਕਾ’ ਮੰਨਿਆ ਸੀ। ਪਰ ਟਰੰਪ ਨੇ ਚੋਣਾਂ ਤੋਂ ਪਹਿਲਾਂ ਹੀ ਰਣਨੀਤੀ ਬਣਾ ਲਈ ਸੀ ਕਿ ਹਾਰ ਦਾ ਦੋਸ਼ ਉਨ੍ਹਾਂ ਦੇ ਸਿਰ ਨਹੀਂ ਆਉਣਾ ਚਾਹੀਦਾ। ਉਨ੍ਹਾਂ ਟੈਕਸਾਸ ਅਤੇ ਹੋਰਨਾਂ ਥਾਵਾਂ 'ਤੇ ਹਾਰਨ ਵਾਲੇ ਉਮੀਦਵਾਰਾਂ ਅਤੇ ਨੇਤਾਵਾਂ ਨੂੰ ਕਮਜ਼ੋਰ ਦੱਸਦਿਆਂ ਉਨ੍ਹਾਂ ਨੂੰ ਹੀ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ।

Advertisement
×