ਨਵੀਂ ਦਿੱਲੀ, 14 ਅਪਰੈਲ
ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਭਾਰਤ ਜਲਵਾਯੂ ਸੁਧਾਰ ਨਾਲ ਜੁੜੀਆਂ ਆਪਣੀਆਂ ਇੱਛਾਵਾਂ ਨੂੰ ਜ਼ਰੂਰ ਉਭਾਰੇਗਾ ਪਰ ਕਿਸੇ ਦੇ ਦਬਾਅ ਵਿਚ ਆ ਕੇ ਅਜਿਹਾ ਨਹੀਂ ਕਰੇਗਾ। ਜਾਵੜੇਕਰ ਨੇ ਨਾਲ ਹੀ ਕਿਹਾ ਕਿ ਭਾਰਤ ਕਿਸੇ ਨੂੰ ਵੀ ਉਸ ਦੀ ਇਤਿਹਾਸਕ ਜ਼ਿੰਮੇਵਾਰੀ ਭੁੱਲਣ ਨਹੀਂ ਦੇਵੇਗਾ। ਜਾਵੜੇਕਰ ਨੇ ਕਿਹਾ ਕਿ ਭਾਰਤ ਦੂਜਿਆਂ ਦੀ ਗਲਤੀਆਂ ਕਾਰਨ ਅੱਜ ਭੁਗਤ ਰਿਹਾ ਹੈ ਤੇ ‘ਇਹ ਅੱਜ ਵਾਪਰ ਰਹੀ ਜਲਵਾਯੂ ਤਬਦੀਲੀ ਲਈ ਜ਼ਿੰਮੇਵਾਰ ਨਹੀਂ ਹੈ।’ ਵਾਤਾਵਰਨ ਮੰਤਰੀ ਨੇ ਕਿਹਾ ਕਿ ਜਿਸ ਚੀਜ਼ ਨੂੰ ਅਸੀਂ ਅੱਜ ਭੁਗਤ ਰਹੇ ਹਾਂ ‘ਉਹ 100 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਯੂਰੋਪੀ ਤੇ ਅਮਰੀਕੀ ਮੁਲਕਾਂ ਅਤੇ ਚੀਨ ਨੇ, ਪਿਛਲੇ 30 ਸਾਲਾਂ ਦੌਰਾਨ ਗ੍ਰੀਨਹਾਊਸ ਗੈਸਾਂ ਵੱਡੀ ਮਾਤਰਾ ਵਿਚ ਵਾਤਾਵਰਨ ’ਚ ਛੱਡੀਆਂ ਹਨ, ਇਸ ਲਈ ਭਾਰਤ ਤੇ ਸੰਸਾਰ ਦੂਜਿਆਂ ਦਾ ਕੀਤਾ ਭੁਗਤ ਰਿਹਾ ਹੈ।’ ਜਾਵੜੇਕਰ ਨੇ ਇਹ ਟਿੱਪਣੀਆਂ ਫਰਾਂਸੀਸੀ ਦੂਤਾਵਾਸ ਵਿਚ ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੀ ਡਰਾਇਨ ਨਾਲ ਮੁਲਾਕਾਤ ਤੋਂ ਬਾਅਦ ਕੀਤੀਆਂ। ਡਰਾਇਨ ਨੇ ਕਿਹਾ ਕਿ ਜਲਵਾਯੂ ਤਬਦੀਲੀ ਰੋਕਣ ਲਈ 2030 ਤੱਕ ਨਵੇਂ ਸਿਰੇ ਤੋਂ ਯੋਗਦਾਨ ਦੇ ਪੈਮਾਨੇ ਤੈਅ ਕਰਨੇ ਹੋਣਗੇ। ਲੰਮੇ ਸਮੇਂ ਦੀ ਰਣਨੀਤੀ ਬਣਾਉਣ ਪਵੇਗੀ। ਸਾਰਿਆਂ ਨੂੰ ਕੋਲੇ ਨਾਲ ਚੱਲਣ ਵਾਲੇ ਨਵੇਂ ਥਰਮਲ ਪਲਾਂਟ ਉਸਾਰਨੇ ਬੰਦ ਕਰਨੇ ਪੈਣਗੇ। ਜਾਵੜੇਕਰ ਨੇ ਕਿਹਾ ਕਿ ਭਾਰਤ ਨੇ ਜਿੰਨਾ ਵਾਅਦਾ ਕੀਤਾ ਸੀ, ਉਸ ਤੋਂ ਵੱਧ ਸਿਰੇ ਚਾੜ੍ਹਿਆ ਹੈ। -ਪੀਟੀਆਈ
ਆਲਮੀ ਤਪਸ਼ ਦੋ ਡਿਗਰੀ ਸੈਲਸੀਅਸ ਤੱਕ ਨਾ ਰੋਕੀ ਤਾਂ ਨਤੀਜੇ ਤਬਾਹਕੁਨ ਹੋਣਗੇ: ਫਰਾਂਸ
ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੀ ਡਰਾਇਨ ਨੇ ਕਿਹਾ ਕਿ ਨਤੀਜੇ ਤਬਾਹਕੁਨ ਹੋਣਗੇ ਜੇਕਰ ਸੰਸਾਰ ਆਲਮੀ ਤਪਸ਼ ਨੂੰ ਦੋ ਡਿਗਰੀ ਸੈਲਸੀਅਸ ਤੱਕ ਰੱਖਣ ਵਿਚ ਕਾਮਯਾਬ ਨਹੀਂ ਹੁੰਦਾ, ਜਾਂ 1.5 ਡਿਗਰੀ ਸੈਲਸੀਅਸ ਤੱਕ ਵੀ। ਇਸ ਲਈ ਬੇਹੱਦ ਜ਼ਰੂਰੀ ਹੈ ਕਿ ਸਾਰੇ ਮੁਲਕ ਜਲਵਾਯੂ ਪ੍ਰਤੀ ਆਪਣੀ ਵਚਨਬੱਧਤਾ ਨੂੰ ਗਲਾਸਗੋ ਵਿਚ ਹੋਣ ਵਾਲੇ ਸੀਓਪੀ26 ਸੰਮੇਲਨ ਤੋਂ ਪਹਿਲਾਂ ਤੈਅ ਟੀਚਿਆਂ ਤੋਂ ਉਪਰ ਲੈ ਕੇ ਜਾਣ, ਜਿਵੇਂ ਕਿ ਪੈਰਿਸ ਸਮਝੌਤੇ ਵਿਚ ਕਿਹਾ ਗਿਆ ਹੈ।