ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ ਨੇ ਸਾਲ ’ਚ 3155 ਭਾਰਤੀ ਡਿਪੋਰਟ ਕੀਤੇ

ਕੇਂਦਰ ਸਰਕਾਰ ਨੇ ਸੰਸਦ ’ਚ ਅੰਕੜੇ ਪੇਸ਼ ਕੀਤੇ; 2024 ਵਿੱਚ 1368 ਭਾਰਤੀਆਂ ਨੂੰ ਭੇਜਿਆ ਗਿਆ ਸੀ ਵਾਪਸ
Advertisement

ਕੇਂਦਰ ਸਰਕਾਰ ਨੇ ਸੰਸਦ ਵਿੱਚ ਦੱਸਿਆ ਕਿ 2025 ਵਿੱਚ 21 ਨਵੰਬਰ ਤੱਕ 3155 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਡਿਪੋਰਟ ਕਰਨ ਤੋਂ ਪਹਿਲਾਂ ਸਬੰਧਤ ਵਿਅਕਤੀ ਦੀ ਭਾਰਤੀ ਨਾਗਰਿਕਤਾ ਦੀ ਪੂਰੀ ਪੜਤਾਲ ਕੀਤੀ ਜਾਂਦੀ ਹੈ।

ਮੰਤਰਾਲੇ ਅਨੁਸਾਰ ਅਮਰੀਕਾ ਆਮ ਤੌਰ ’ਤੇ ਉਨ੍ਹਾਂ ਨੂੰ ਵਾਪਸ ਭੇਜਦਾ ਹੈ ਜੋ ਗ਼ੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਹੋਣ, ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਰਹਿ ਰਹੇ ਹੋਣ, ਬਿਨਾਂ ਦਸਤਾਵੇਜ਼ਾਂ ਤੋਂ ਫੜੇ ਜਾਣ ਜਾਂ ਜਿਨ੍ਹਾਂ ’ਤੇ ਕੋਈ ਅਪਰਾਧਿਕ ਕੇਸ ਦਰਜ ਹੋਵੇ। ਅੰਕੜਿਆਂ ਮੁਤਾਬਕ ਡਿਪੋਰਟ ਕੀਤੇ ਗਏ ਭਾਰਤੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 2024 ਵਿੱਚ ਇਹ ਅੰਕੜਾ 1368 ਸੀ ਅਤੇ 2023 ਵਿੱਚ ਸਿਰਫ਼ 617 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ। ਮੰਤਰੀ ਨੇ ਦੱਸਿਆ ਕਿ ਡੰਕੀ ਰੂਟ ਰਾਹੀਂ ਜਾਣ ਵਾਲਿਆਂ ਦਾ ਵੱਖਰਾ ਰਿਕਾਰਡ ਨਹੀਂ ਰੱਖਿਆ ਜਾਂਦਾ ਕਿਉਂਕਿ ਜ਼ਿਆਦਾਤਰ ਦੇਸ਼ ਅਜਿਹੇ ਵੇਰਵੇ ਸਾਂਝੇ ਨਹੀਂ ਕਰਦੇ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਕੁਵੈਤ ਦੀਆਂ ਜੇਲ੍ਹਾਂ ਵਿੱਚ 31 ਅਕਤੂਬਰ 2025 ਤੱਕ 316 ਭਾਰਤੀ ਕੈਦੀ ਬੰਦ ਸਨ। ਇਸ ਤੋਂ ਇਲਾਵਾ ਭਾਰਤੀਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਿਦੇਸ਼ ਮੰਤਰਾਲੇ ਨੇ ਵਿੱਤੀ ਵਰ੍ਹੇ 2025 ਦੌਰਾਨ ਇਕੁਆਡੋਰ ਵਿੱਚ ਨਵਾਂ ਮਿਸ਼ਨ ਅਤੇ ਅਮਰੀਕਾ ਤੇ ਰੂਸ ਵਿੱਚ ਚਾਰ ਨਵੇਂ ਕੌਂਸਲੇਟ ਖੋਲ੍ਹੇ ਹਨ। ਵਿਦੇਸ਼ ਰਾਜ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਉਦੇਸ਼ ਦੁਨੀਆ ਭਰ ਵਿੱਚ ਭਾਰਤ ਦੀ ਮੌਜੂਦਗੀ ਵਧਾਉਣਾ ਅਤੇ ਦੋਸਤਾਨਾ ਦੇਸ਼ਾਂ ਨਾਲ ਮਿਲ ਕੇ ਵਿਕਾਸ ਲਈ ਸਾਜ਼ਗਾਰ ਮਾਹੌਲ ਸਿਰਜਣਾ ਹੈ। ਨਵੇਂ ਮਿਸ਼ਨ ਅਤੇ ਕੌਂਸਲੇਟ ਖੋਲ੍ਹਣ ਦਾ ਫੈਸਲਾ ਉਨ੍ਹਾਂ ਦੇਸ਼ਾਂ ਨਾਲ ਰਣਨੀਤਕ ਸਹਿਯੋਗ, ਵਪਾਰਕ ਸੰਭਾਵਨਾਵਾਂ ਅਤੇ ਉੱਥੇ ਵੱਸਦੇ ਭਾਰਤੀ ਭਾਈਚਾਰੇ ਦੀ ਗਿਣਤੀ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।

Advertisement

Advertisement
Show comments