ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਾ, 201 ਹਲਾਕ
ਮਿਨਾਬ ਵਿੱਚ ਲਡ਼ਕੀਅਾਂ ਦੇ ਸਕੂਲ ’ਤੇ ਹਮਲੇ ਵਿੱਚ 85 ਮੌਤਾਂ; ਇਰਾਨੀ ਰੱਖਿਆ ਮੰਤਰੀ ਤੇ ਰੈਵੋਲਿਊਸ਼ਨਰੀ ਗਾਰਡ ਕਮਾਂਡਰ ਮਾਰੇ ਜਾਣ ਦਾ ਦਾਅਵਾ
ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੀ ਕਾਰਵਾਈ ਕਰਦਿਆਂ ਸ਼ਨਿਚਰਵਾਰ ਨੂੰ ਇਰਾਨ ’ਤੇ ਜ਼ੋਰਦਾਰ ਹਮਲੇ ਕੀਤੇ। ਇਰਾਨੀ ਮੀਡੀਆ ਨੇ ਰੈੱਡ ਕ੍ਰਿਸੈਂਟ ਦੇ ਹਵਾਲੇ ਨਾਲ ਕਿਹਾ ਕਿ 24 ਸੂਬਿਆਂ ’ਚ ਹੋਏ ਹਮਲਿਆਂ ਦੌਰਾਨ 201 ਵਿਅਕਤੀ ਮਾਰੇ ਗਏ ਅਤੇ 747 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ’ਚ ਮਿਨਾਬ ਸ਼ਹਿਰ ਦੇ ਸਕੂਲ ’ਤੇ ਹੋਏ ਹਮਲੇ ’ਚ ਮਾਰੇ ਗਏ 85 ਜਣੇ ਵੀ ਸ਼ਾਮਲ ਹਨ। ਮਿ੍ਰਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਹਮਲਿਆਂ ’ਚ ਇਰਾਨ ਦਾ ਰੱਖਿਆ ਮੰਤਰੀ ਅਮੀਰ ਨਸੀਰਜ਼ਦੇਹ ਅਤੇ ਰੈਵੋਲਿਊਸ਼ਨਰੀ ਗਾਰਡਸ ਕਮਾਂਡਰ ਮੁਹੰਮਦ ਪਾਕਪੋਰ ਮਾਰੇ ਗਏ ਹਨ।
ਹਮਲਿਆਂ ’ਚ ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੇਈ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਸਪੱਸ਼ਟ ਨਹੀਂ ਹੋਇਆ ਕਿ 86 ਵਰ੍ਹਿਆਂ ਦੇ ਖਮੇਨੇਈ ਹਮਲੇ ਸਮੇਂ ਉਥੇ ਮੌਜੂਦ ਸਨ ਜਾਂ ਨਹੀਂ। ਸੂਤਰਾਂ ਨੇ ਸੁਪਰੀਮ ਆਗੂ ਦੇ ਸਹੀ ਸਲਾਮਤ ਹੋਣ ਦਾ ਦਾਅਵਾ ਕੀਤਾ ਹੈ।
ਇਰਾਨ ਦੇ ਹੋਰਮੋਜ਼ਗਾਨ ਸੂਬੇ ਦੇ ਮਿਨਾਬ ਸ਼ਹਿਰ ’ਚ ਲੜਕੀਆਂ ਦੇ ਸਕੂਲ ’ਤੇ ਹਵਾਈ ਹਮਲੇ ਦੌਰਾਨ 85 ਜਣੇ ਮਾਰੇ ਗਏ। ਹਮਲੇ ’ਚ 45 ਜ਼ਖ਼ਮੀ ਹੋਏ ਹਨ। ਸ਼ਹਿਰ ’ਚ ਇਰਾਨ ਦੇ ਨੀਮ ਫ਼ੌਜੀ ਬਲ ਰੈਵੋਲਿਊਸ਼ਨਰੀ ਗਾਰਡ ਦਾ ਅੱਡਾ ਹੈ। ਇਰਾਨੀ ਮੀਡੀਆ ਨੇ ਦੇਸ਼ ਭਰ ’ਚ ਹਮਲੇ ਹੋਣ ਦਾ ਦਾਅਵਾ ਕੀਤਾ ਹੈ ਅਤੇ ਰਾਜਧਾਨੀ ਤਹਿਰਾਨ ’ਚੋਂ ਧੂੰਆਂ ਉੱਠਦਾ ਦੇਖਿਆ ਗਿਆ।
ਇਰਾਨੀ ਰੈਵੋਲਿਊਸ਼ਨਰੀ ਗਾਰਡ ਨੇ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ। ਇਰਾਨ ਵੱਲੋਂ ਕਤਰ, ਕੁਵੈਤ, ਯੂ ਏ ਈ, ਜੌਰਡਨ ਅਤੇ ਹੋਰ ਮੁਲਕਾਂ ’ਚ ਅਮਰੀਕੀ ਫ਼ੌਜੀ ਅੱਡਿਆਂ ’ਤੇ ਵੀ ਹਮਲੇ ਕੀਤੇ ਗਏ ਹਨ। ਬਹਿਰੀਨ ਨੇ ਕਿਹਾ ਕਿ ਅਮਰੀਕੀ ਜਲ ਸੈਨਾ ਦੇ ਪੰਜਵੇਂ ਬੇੜੇ ਦੇ ਹੈੱਡਕੁਆਰਟਰ ਨੂੰ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ। ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਰਾਜਧਾਨੀ ’ਚ ਇਰਾਨੀ ਮਿਜ਼ਾਈਲ ਹਮਲੇ ’ਚ ਇਕ ਵਿਅਕਤੀ ਹਲਾਕ ਹੋ ਗਿਆ। ਹਮਲਿਆਂ ਮਗਰੋਂ ਯੂ ਏ ਈ ਅਤੇ ਇਰਾਕ ਨੇ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ। ਕਤਰ, ਯੂ ਏ ਈ ਅਤੇ ਇਜ਼ਰਾਈਲ ’ਚ ਅਮਰੀਕੀ ਸਫ਼ਾਰਤਖਾਨਿਆਂ ਜਾਂ ਕੌਂਸਲਖ਼ਾਨਿਆਂ ਨੇ ਆਪਣੇ ਅਮਲੇ ਨੂੰ ਅਗਲੇ ਹੁਕਮਾਂ ਤੱਕ ਅੰਦਰ ਰਹਿਣ ਦੀ ਤਾਕੀਦ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਲੋਕਾਂ ਨੂੰ ਆਪਣੀ ਸਰਕਾਰ ਦਾ ਤਖ਼ਤਾ ਪਲਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਪੋਸਟ ’ਚ ਦਾਅਵਾ ਕੀਤਾ ਕਿ ਇਰਾਨ ਪਰਮਾਣੂ ਹਥਿਆਰ ਅਤੇ ਮਿਜ਼ਾਈਲ ਪ੍ਰਣਾਲੀਆਂ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਅਮਰੀਕਾ ਤੱਕ ਪਹੁੰਚ ਸਕਦੀਆਂ ਸਨ। ਟਰੰਪ ਨੇ ਮੰਨਿਆ ਕਿ ਇਰਾਨ ’ਤੇ ਹਮਲਿਆਂ ਮਗਰੋਂ ਅਮਰੀਕੀਆਂ ਨੂੰ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਇਰਾਨੀ ਰੈਵੋਲਿਊਸ਼ਨਰੀ ਗਾਰਡ ਨੂੰ ਹਥਿਆਰ ਸੁੱਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹਾ ਕਰਨ ’ਤੇ ਜਵਾਨਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਸਾਂਝਾ ਹਮਲਾ ਇਰਾਨ ਤੋਂ ਪੈਦਾ ਹੋਏ ਖਤਰੇ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਹੈ। ਇਰਾਨੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਆਪਣੀ ਜਨਮ ਭੂਮੀ ਦੀ ਰੱਖਿਆ ਅਤੇ ਦੁਸ਼ਮਣ ਫ਼ੌਜ ਦੇ ਹਮਲੇ ਦਾ ਟਾਕਰਾ ਕਰਨ ਤੋਂ ਪਿੱਛੇ ਨਹੀਂ ਹਟਣਗੇ। ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਇਰਾਨ ਨੇ ਸਵੈ ਰੱਖਿਆ ਲਈ ਜਵਾਬੀ ਹਮਲੇ ਕੀਤੇ ਹਨ ਅਤੇ ਉਹ ਯੂਰੇਨੀਅਮ ਸੋਧਣ ਸਮੇਤ ਆਪਣੇ ਹੋਰ ਹੱਕਾਂ ਨੂੰ ਨਹੀਂ ਛੱਡਣਗੇ। ਉਨ੍ਹਾਂ ਮੁਲਕ ਦੇ ਇਕ ਜਾਂ ਦੋ ਕਮਾਂਡਰ ਮਾਰੇ ਜਾਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਬਾਕੀ ਸਾਰੇ ਅਧਿਕਾਰੀ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਜਾਣਦਾ ਹੈ ਕਿ ਇਰਾਨ ਨਾਲ ਕਿਵੇਂ ਗੱਲਬਾਤ ਕੀਤੀ ਜਾਵੇ। ਅਰਾਗਚੀ ਨੇ ਕਿਹਾ ਕਿ ਇਰਾਨ ਦੀ ਹਕੂਮਤ ’ਚ ਬਦਲਾਅ ਦਾ ਅਮਰੀਕਾ ਦਾ ਮਿਸ਼ਨ ਅਸੰਭਵ ਹੈ। ਯਮਨ ’ਚ ਇਰਾਨ ਪੱਖੀ ਹੂਤੀਆਂ ਨੇ ਇਜ਼ਰਾਈਲ ਅਤੇ ਲਾਲ ਸਾਗਰ ’ਚ ਜਹਾਜ਼ਾਂ ’ਤੇ ਹਮਲੇ ਕਰਨ ਦਾ ਅਹਿਦ ਲਿਆ ਹੈ। ਹਮਲਿਆਂ ਮਗਰੋਂ ਤਹਿਰਾਨ ਦੇ ਬਾਹਰਵਾਰ ਖਮੇਨੇਈ ਦੇ ਟਿਕਾਣੇ ਵੱਲ ਨੂੰ ਜਾਂਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਇਜ਼ਰਾਈਲ ਵੱਲੋਂ ਇਰਾਨ ਦੇ ਫ਼ੌਜੀ, ਸਰਕਾਰੀ ਅਤੇ ਖ਼ੁਫ਼ੀਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਭਾਰਤ ਵੱਲੋਂ ਤਣਾਅ ਫ਼ੌਰੀ ਘਟਾਉਣ ਦਾ ਸੱਦਾ
ਨਵੀਂ ਦਿੱਲੀ: ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲੇ ਮਗਰੋਂ ਭਾਰਤ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਅਤੇ ਤਣਾਅ ਫ਼ੌਰੀ ਘਟਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੇ ਮੁਲਕਾਂ ਦੀ ਖ਼ੁਦਮੁਖਤਿਆਰੀ ਅਤੇ ਖ਼ਿੱਤੇ ਦੀ ਅਖੰਡਤਾ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਭਾਰਤ ਨੇ ਇਰਾਨ ਅਤੇ ਖਾੜੀ ਮੁਲਕਾਂ ਵਿਚਲੇ ਤਾਜ਼ਾ ਘਟਨਾਕ੍ਰਮ ’ਤੇ ਡੂੰਘੀ ਚਿੰਤਾ ਜਤਾਈ। ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਮੰਤਰਾਲੇ ਨੇ ਕਿਹਾ ਕਿ ਵਾਰਤਾ ਅਤੇ ਕੂਟਨੀਤੀ ਰਾਹੀਂ ਤਣਾਅ ਨੂੰ ਘਟਾਇਆ ਜਾਣਾ ਚਾਹੀਦਾ ਹੈ। -ਪੀਟੀਆਈ
ਰੂਸ ਤੇ ਚੀਨ ਵੱਲੋਂ ਸਲਾਮਤੀ ਕੌਂਸਲ ਦੀ ਮੀਿਟੰਗ ਸੱਦਣ ਦੀ ਮੰਗ
ਮਾਸਕੋ/ਲੰਡਨ: ਰੂਸ ਤੇ ਚੀਨ ਨੇ ਇਰਾਨ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਬੈਠਕ ਫੌਰੀ ਸੱਦਣ ਦੀ ਮੰਗ ਕੀਤੀ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਖੁਦਮੁਖਤਿਆਰ ਅਤੇ ਸੰਯੁਕਤ ਰਾਸ਼ਟਰ ਦੇ ਆਜ਼ਾਦ ਮੈਂਬਰ ਖ਼ਿਲਾਫ਼ ਸੋਚੀ-ਸਮਝੀ ਤੇ ਭੜਕਾਹਟ ਵਾਲੀ ਕਾਰਵਾਈ ਹੈ। ਮੰਤਰਾਲੇ ਨੇ ਹਮਲੇ ਤੁਰੰਤ ਰੋਕਣ ਦੀ ਮੰਗ ਕਰਦਿਆਂ ਕੂਟਨੀਤੀ ਵੱਲ ਪਰਤਣ ਲਈ ਕਿਹਾ। ਉਨ੍ਹਾਂ ਅਮਰੀਕਾ ਅਤੇ ਇਜ਼ਰਾਈਲ ’ਤੇ ਦੋਸ਼ ਲਾਇਆ ਕਿ ਉਹ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਫਿਕਰਮੰਦੀ ਜਤਾਉਂਦਿਆਂ ਸੱਤਾ ਤਬਦੀਲੀ ਦੀ ਕੋਸ਼ਿਸ਼ ਕਰ ਰਹੇ ਹਨ। -ਏਪੀ
ਭਾਰਤ ਨੇ 11 ਮੁਲਕਾਂ ਲਈ ਉਡਾਣਾਂ ਰੋਕੀਆਂ
ਨਵੀਂ ਦਿੱਲੀ (ਸ਼ੇਖਰ ਸਿੰਘ/ਪੀਟੀਆਈ): ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਪੱਛਮੀ ਏਸ਼ੀਆ ’ਚ ਵਧੇ ਤਣਾਅ ਮਗਰੋਂ ਅੱਜ 11 ਮੁਲਕਾਂ ਲਈ ਆਪਣੀਆਂ ਉਡਾਣਾਂ ਰੋਕ ਦਿੱਤੀਆਂ ਹਨ। ਮੰਤਰਾਲੇ ਨੇ ਇਸ ਸਬੰਧ ਵਿੱਚ ਤਾਲਮੇਲ ਯਕੀਨੀ ਬਣਾਉਣ ਲਈ ਏਅਰਲਾਈਨਾਂ, ਹਵਾਈ ਅੱਡਾ ਸੰਚਾਲਕਾਂ, ਭਾਰਤੀ ਹਵਾਈ ਅੱਡਾ ਅਥਾਰਿਟੀ ਅਤੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ ਜੀ ਸੀ ਏ) ਨਾਲ ਮੀਟਿੰਗ ਕੀਤੀ। ਏਅਰਲਾਈਨਾਂ ਨੂੰ ਹਾਲਾਤ ’ਤੇ ਨੇੜਿਓਂ ਨਜ਼ਰ ਰੱਖਣ ਅਤੇ ਹਵਾਈ ਅੱਡਿਆਂ ਨੂੰ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਪੱਛਮੀ ਏਸ਼ੀਆ ਦੇ ਵੱਖ ਵੱਖ ਦੇਸ਼ਾਂ ਵੱਲੋਂ ਹਵਾਈ ਖੇਤਰ ’ਤੇ ਲਾਈਆਂ ਪਾਬੰਦੀਆਂ ਕਾਰਨ ਭਾਰਤੀ ਏਅਰਲਾਈਨਾਂ ਨੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਾਂ ਉਨ੍ਹਾਂ ਨੂੰ ਅੱਧ ਵਿਚਕਾਰੋਂ ਹੀ ਮੋੜ ਦਿੱਤਾ ਹੈ। ਇਸੇ ਦੌਰਾਨ ਡੀ ਜੀ ਸੀ ਏ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਸਾਰੀਆਂ ਏਅਰਲਾਈਨਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਜਿਹੜੇ ਮੁਲਕਾਂ ਲਈ ਹਵਾਈ ਸੇਵਾ ਬੰਦ ਕੀਤੀ ਗਈ ਹੈ ਉਨ੍ਹਾਂ ’ਚ ਇਰਾਨ, ਇਜ਼ਰਾਈਲ, ਲਿਬਨਾਨ, ਸਾਊਦੀ ਅਰਬ, ਬਹਿਰੀਨ, ਓਮਾਨ, ਇਰਾਕ, ਜੌਰਡਨ, ਕੁਵੈਤ, ਯੂ ਏ ਈ ਅਤੇ ਕਤਰ ਵਰਗੇ 11 ਦੇਸ਼ ਸ਼ਾਮਲ ਹਨ। ਇਹ ਨਿਰਦੇਸ਼ 2 ਮਾਰਚ ਤੱਕ ਲਾਗੂ ਰਹਿਣਗੇ। ਇਸੇ ਤਰ੍ਹਾਂ ਇੰਡੀਗੋ ਨੇ ਅੱਜ ਮੱਧ-ਪੂਰਬ ਲਈ ਕਈ ਉਡਾਣਾਂ ਰੱਦ ਕਰਦਿਆਂ ਇਸ ਖਿੱਤੇ ਲਈ ਹਵਾਈ ਸੇਵਾ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਇਜ਼ਰਾਈਲ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਦਿੱਲੀ-ਤਲ ਅਵੀਵ ਉਡਾਣ ਮੁੰਬਈ ਵੱਲ ਮੋੜ ਦਿੱਤੀ ਸੀ। ਏਅਰ ਇੰਡੀਆ ਨੇ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ। ਏਅਰ ਇੰਡੀਆ ਐਕਸਪ੍ਰੈੱਸ ਅਤੇ ਸਪਾਈਸਜੈੱਟ ਨੇ ਆਪਣੇ ਨੈੱਟਵਰਕ ਵਿੱਚ ਵਿਘਨ ਪੈਣ ਦੀ ਗੱਲ ਕਹੀ ਹੈ।
ਭਾਰਤੀਆਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ
ਤਹਿਰਾਨ: ਖ਼ਿੱਤੇ ’ਚ ਤਣਾਅ ਪੈਦਾ ਹੋਣ ਮਗਰੋਂ ਇਰਾਨ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਪੂਰੀ ਚੌਕਸੀ ਵਰਤਦਿਆਂ ਜਿਥੋਂ ਤੱਕ ਸੰਭਵ ਹੋਵੇ ਘਰਾਂ ਅੰਦਰ ਹੀ ਰਹਿਣ। ਸਫ਼ਾਰਤਖਾਨੇ ਨੇ ‘ਐਕਸ’ ’ਤੇ ਕਿਹਾ, ‘‘ਖ਼ਿੱਤੇ ’ਚ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਇਰਾਨ ’ਚ ਸਾਰੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਰਹਿਣ, ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰਨ ਅਤੇ ਜਿਥੋਂ ਤੱਕ ਸੰਭਵ ਹੋਵੇ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।’’ ਉਨ੍ਹਾਂ ਕਿਹਾ ਕਿ ਉਹ ਖ਼ਬਰਾਂ ’ਤੇ ਨਜ਼ਰ ਬਣਾਈ ਰੱਖਣ, ਆਲੇ-ਦੁਆਲੇ ਦੇ ਹਾਲਾਤ ਪ੍ਰਤੀ ਜਾਗਰੂਕ ਰਹਿਣ ਅਤੇ ਸਫ਼ਾਰਤਖਾਨੇ ਦੇ ਅਗਲੇ ਨਿਰਦੇਸ਼ਾਂ ਦੀ ਉਡੀਕ ਕਰਨ। ਕਤਰ ਵਿਚਲੇ ਭਾਰਤੀ ਸਫ਼ਾਰਤਖਾਨੇ ਨੇ ਵੀ ਨਾਗਰਿਕਾਂ ਨੂੰ ਇਹਤਿਆਤ ਰੱਖਣ ਦੀ ਸਲਾਹ ਦਿੱਤੀ ਹੈ। -ਪੀਟੀਆਈ
ਭਾਰਤੀਆਂ ਦੀ ਸਲਾਮਤੀ ਲਈ ਕਦਮ ਚੁੱਕੇ ਸਰਕਾਰ: ਰਾਹੁਲ
ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਜ਼ਰਾਈਲ-ਅਮਰੀਕਾ ਅਤੇ ਇਰਾਨ ਦਰਮਿਆਨ ਵਧਦੇ ਤਣਾਅ ’ਤੇ ਚਿੰਤਾ ਜ਼ਾਹਿਰ ਕਰਦਿਆਂ ਭਾਰਤ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਮੱਧ-ਪੂਰਬ ਵਿਚ ਸਾਰੇ ਭਾਰਤੀਆਂ ਦੀ ਸੁਰੱਖਿਆ ਲਈ ਫੌਰੀ ਤੌਰ ’ਤੇ ਸਰਗਰਮੀ ਨਾਲ ਕਦਮ ਚੁੱਕੇ ਜਾਣ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਐਕਸ ’ਤੇ ਲਿਖਿਆ ਕਿ ਮੱਧ-ਪੂਰਬ ਵਿਚ ਭਾਰਤੀ ਨਾਗਰਿਕਾਂ ਦੀ ਸਲਾਮਤੀ ਸਾਡੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ। -ਪੀਟੀਆਈ
ਬਰਤਾਨੀਆ, ਫਰਾਂਸ ਤੇ ਜਰਮਨੀ ਵੱਲੋਂ ਵਾਰਤਾ ’ਤੇ ਜ਼ੋਰ
ਬ੍ਰਸੱਲਜ਼: ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲਿਆਂ ਨਾਲ ਆਲਮੀ ਆਗੂਆਂ ਨੂੰ ਮੱਧ ਪੂਰਬ ’ਚ ਤਣਾਅ ਹੋਰ ਵਧਣ ਦਾ ਖ਼ਦਸ਼ਾ ਹੈ। ਬਰਤਾਨੀਆ, ਫਰਾਂਸ ਤੇ ਜਰਮਨੀ ਨੇ ਇਰਾਨ ਵੱਲੋਂ ਕੀਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਸਲੇ ਦਾ ਹੱਲ ਗੱਲਬਾਤ ਰਾਹੀ ਕੱਢਿਆ ਜਾਣਾ ਚਾਹੀਦਾ ਹੈ। ਯੂਰਪੀ ਆਗੂਆਂ ਨੇ ਹੰਗਾਮੀ ਸੁਰੱਖਿਆ ਮੀਟਿੰਗਾਂ ਕਰ ਕੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। -ਏਪੀ
ਮੋਦੀ ਦੀ ਇਜ਼ਰਾਈਲ ਫੇਰੀ ਸ਼ਰਮਨਾਕ ਤੇ ‘ਬੇਵਕਤੀ’: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਇਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਮਗਰੋਂ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਇਜ਼ਰਾਈਲ ਫੇਰੀ ਨੂੰ ‘ਸ਼ਰਮਨਾਕ’ ਤੇ ‘ਬੇਵਕਤੀ’ ਕਰਾਰ ਦਿੱਤਾ ਹੈ। ਮੁੱਖ ਵਿਰੋਧੀ ਧਿਰ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਇਜ਼ਰਾਈਲ ਦੌਰੇ ਦੀ ਵਰਤੋਂ ਤਣਾਅ ਘੱਟ ਕਰਨ ਲਈ ਕਿਉਂ ਨਹੀਂ ਕੀਤੀ ਜਾਂ ਫਿਰ ਉਹ ਇਸ ਜੰਗ ਦੀ ਹਮਾਇਤ ਕਰਦੇ ਹਨ।
ਪਾਰਟੀ ਦੇ ਵਿਦੇਸ਼ ਮਾਮਲਿਆਂ ਬਾਰੇ ਵਿਭਾਗ ਦੇ ਚੇਅਰਮੈਨ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਦੋ-ਰੋਜ਼ਾ (25-26 ਫਰਵਰੀ) ਇਜ਼ਰਾਈਲ ਫੇਰੀ ਤੋਂ ‘ਵੱਡੀ ਫਿਕਰਮੰਦ’ ਹੈ, ਕਿਉਂਕਿ ਉਹ ਅਜਿਹੇ ਮੌਕੇ ਉਥੇ ਗਏ, ਜਦੋਂ ਮੱਧ ਪੂਰਬ ’ਚ ਤਣਾਅ ਸਿਖ਼ਰ ’ਤੇ ਹੈ। ਕਾਂਗਰਸ ਨੇ ਕਿਹਾ ਕਿ ਮੋਦੀ ਦਾ ਦੌਰਾ ‘ਬੇਵਕਤੀ’ ਹੈ ਕਿਉਂਕਿ ਇਹ ਪੱਖਪਾਤੀ ਗੱਠਜੋੜ ਦੀ ਧਾਰਨਾ ਪੈਦਾ ਕਰਦਾ ਹੈ ਅਤੇ ਬਿਨਾਂ ਭੜਕਾਹਟ ਤੋਂ ਕੀਤੇ ਇਸ ਹਮਲੇ ਦੀ ਚੁੱਪ ਰਹਿ ਕੇ ਕੀਤੀ ਹਮਾਇਤ ਦੇ ਗੰਭੀਰ ਰਣਨੀਤਕ ਸਿੱਟੇ ਹੋ ਸਕਦੇ ਹਨ। ਪਾਰਟੀ ਦੇ ਮੀਡੀਆ ਤੇ ਪਬਲੀਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ, ‘‘ਮੋਦੀ ਦੇ ਦੋਸਤ ਬੈਂਜਾਮਿਨ ਨੇਤਨਯਾਹੂ ਨੇ ਹੁਣ ‘ਭਾਰਤ ਦੇ ਪੁਰਾਣੇ ਦੋਸਤ’ ਇਰਾਨ ’ਤੇ ਹਮਲਾ ਕੀਤਾ ਹੈ। ਇਹ ਹਮਲੇ ਮੋਦੀ ਦੇ ਵਾਪਸ ਆਉਣ ਤੋਂ ਦੋ ਦਿਨ ਬਾਅਦ ਹੋਏ ਹਨ।’’ -ਪੀਟੀਆਈ

