US Advertisement Controversy: ਵਿਵਾਦਤ ਅਮਰੀਕੀ ਇਸ਼ਤਿਹਾਰ ਲਈ Congress ਨੇ Modi ਸਰਕਾਰ ਘੇਰੀ
‘ਸਿੰਘ ਇਜ਼ ਕਿੰਗ’ ਤੋਂ ‘ਸਾਡੀਆਂ ਸੜਕਾਂ ਤੋਂ ਉਤਰ ਜਾਓ’ ਤੱਕ ਦਾ ਨਿਘਾਰ ਕਿੰਨਾ ਦੁਖਦਾਈ: ਬਾਜਵਾ
ਕਾਂਗਰਸ ਦੇ ਜਨਰਲ ਸਕੱਤਰ ਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਅੱਜ ਅਮਰੀਕੀ ਗ੍ਰਹਿ ਵਿਭਾਗ ਦੇ ਉਸ ਇਸ਼ਤਿਹਾਰ ਦੀ ਸਖ਼ਤ ਆਲੋਚਨਾ ਕੀਤੀ ਹੈ ਜਿਸ ਵਿੱਚ ‘ਮਿਸਟਰ ਸਿੰਘ’ ਨੂੰ ਖ਼ੁਦ ਦੇਸ਼ ਨਿਕਾਲਾ ਲੈਣ ਲਈ ਕਿਹਾ ਗਿਆ ਹੈ। ਕਾਂਗਰਸ ਨੇ ਇਸ ਨੂੰ ਸਾਰੇ ਭਾਰਤੀਆਂ ਦਾ ਅਪਮਾਨ ਕਰਾਰ ਦਿੰਦਿਆਂ ਸਵਾਲ ਕੀਤਾ ਕਿ ਇਸ ਮਾਮਲੇ ’ਤੇ ਮੋਦੀ ਸਰਕਾਰ ਵੱਲੋਂ ਕੋਈ ਵੀ ਮਜ਼ਬੂਤ ਜਨਤਕ ਜਵਾਬ ਕਿਉਂ ਨਹੀਂ ਦਿੱਤਾ ਗਿਆ। ਵਿਰੋਧੀ ਪਾਰਟੀ ਨੇ ਮੋਦੀ ਸਰਕਾਰ ਨੂੰ ਕਮਜ਼ੋਰ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਦੇਸ਼ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਇਹ ਭਾਰਤ ਦੇ ਹਿੱਤਾਂ ਦੀ ਮਜ਼ਬੂਤੀ ਨਾਲ ਵਕਾਲਤ ਕਰਨ ਵਿੱਚ ਅਸਮਰੱਥ ਕਿਉਂ ਹੈ। ਕਾਂਗਰਸ ਦੀ ਇਹ ਸਖਤ ਪ੍ਰਤੀਕਿਰਿਆ ਅਮਰੀਕੀ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਉਸ ਇਸ਼ਤਿਹਾਰ ਤੋਂ ਬਾਅਦ ਆਈ ਹੈ ਜਿਸ ਵਿੱਚ ‘ਮਿਸਟਰ ਸਿੰਘ’ ਨੂੰ ਖ਼ੁਦ ਦੇਸ਼ ਨਿਕਾਲਾ ਲੈਣ ਲਈ ਕਿਹਾ ਗਿਆ ਸੀ। ਉੱਧਰ, ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੁੱਦੇ ’ਤੇ ਸਰਕਾਰ ਦੀ ਆਲੋਚਨਾ ਕੀਤੀ ਹੈ। ਬਾਜਵਾ ਨੇ ‘ਐਕਸ’ ਉੱਤੇ ਕਿਹਾ, ‘‘ਇੱਕ ਸਮਾਂ ਸੀ ਜਦੋਂ ‘ਸਿੰਘ ਇਜ਼ ਕਿੰਗ’ ਭਾਰਤ ਦੇ ਪ੍ਰਧਾਨ ਮੰਤਰੀ ਦੇ ਕੱਦ ਨੂੰ ਦਰਸਾਉਂਦਾ ਸੀ। ਡਾ. ਮਨਮੋਹਨ ਸਿੰਘ ਦਾ ਵਾਸ਼ਿੰਗਟਨ ਵਿੱਚ ਬਹੁਤ ਵੱਡਾ ਸਨਮਾਨ ਸੀ। ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ‘ਇਮਾਨਦਾਰ ਤੇ ਸਮਝਦਾਰ ਵਿਅਕਤੀ’ ਕਿਹਾ ਸੀ, ਜਦੋਂ ਕਿ ਰਾਸ਼ਟਰਪਤੀ ਜੌਰਜ ਡਬਲਿਊ ਬੁਸ਼ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਬਦਲਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕੀਤਾ ਸੀ।’’ ਦੂਜੇ ਪਾਸੇ, ਅੱਜ ਟਰੰਪ ਪ੍ਰਸ਼ਾਸਨ ਦਾ ਗ੍ਰਹਿ ਵਿਭਾਗ ‘ਮਿਸਟਰ ਸਿੰਘ’ ਦਸਤਾਰ ਸਜਾਉਣ ਵਾਲੇ ਸਿੱਖ ਨੂੰ ਇਨ੍ਹਾਂ ਸ਼ਬਦਾਂ ਨਾਲ ਨਿਸ਼ਾਨਾ ਬਣਾਉਂਦਾ ਹੈ, ‘‘ਸਾਡੀਆਂ ਸੜਕਾਂ ਤੋਂ ਉਤਰ ਜਾਓ ਅਤੇ ‘ਖ਼ੁਦ ਦੇਸ਼ ਨਿਕਾਲਾ ਲਓ ਜਾਂ ਨਤੀਜਾ ਭੁਗਤੋ।’’ ਬਾਜਵਾ ਨੇ ਕਿਹਾ, ‘‘ਸਿੰਘ ਇਜ਼ ਕਿੰਗ’ ਤੋਂ ਲੈ ਕੇ ‘ਮਿਸਟਰ ਸਿੰਘ, ਸਾਡੀਆਂ ਸੜਕਾਂ ਤੋਂ ਉਤਰ ਜਾਓ’ ਤੱਕ ਦਾ ਨਿਘਾਰ ਕਿੰਨਾ ਦੁਖਦਾਈ ਹੈ।’’

