DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab: ਸਬਸਿਡੀ ਯੂਰੀਆ ਖਾਦ ਘੁਟਾਲੇ ਸਬੰਧੀ ਦੋ ਕੰਪਨੀਆਂ ਦੇ ਮਾਲਕਾਂ ਤੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ

Punjab: ਖੇਤੀ ਸਬਸਿਡੀ ਵਾਲੀ ਯੂਰੀਆ ਦੀ ਨਿਕਾਸੀ ਦਾ ਧੰਦਾ ਬੇਪਰਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Punjab News: ਪੰਜਾਬ ਸਰਕਾਰ ਨੇ ਸੂਬੇ ’ਚ ਯੂਰੀਆ ਖਾਦ ਘੁਟਾਲੇ ਦੇ ਸਬੰਧ ’ਚ ਦੋ ਖਾਦ ਕੰਪਨੀਆਂ ਦੇ ਮਾਲਕਾਂ ਤੇ ਤਿੰਨ ਉੱਚ ਅਫਸਰਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਖੇਤੀ ਮਹਿਕਮੇ ਦੀ ਸ਼ਿਕਾਇਤ ’ਤੇ ਦੋ ਕੰਪਨੀਆਂ ਖ਼ਿਲਾਫ਼ ਤਿੰਨ ਕੇਸ ਦਰਜ ਹੋਏ ਹਨ। ਇਨ੍ਹਾਂ ਕੰਪਨੀਆਂ ਵੱਲੋਂ ਖੇਤੀ ਖੇਤਰ ਦੀ ਕੇਂਦਰੀ ਸਬਸਿਡੀ ਵਾਲੀ ਯੂਰੀਆ ਖਾਦ ਦੀ ਸਪਲਾਈ ਸਨਅਤੀ ਕੈਟਲ ਫੀਡ ਪਲਾਂਟਾਂ ’ਚ ਕੀਤੀ ਗਈ ਸੀ। ਯੂਰੀਆ ਖਾਦ ਦੇ ਬੈਗਾਂ ’ਤੇ ਨਵੇਂ ਲੇਬਲ ਲਗਾ ਕੇ ਮਾਰਕਫੈੱਡ ਤੇ ਮਿਲਕਫੈੱਡ ਦੇ ਕੈਟਲ ਫੀਡ ਪਲਾਂਟਾਂ ਨੂੰ ਸਪਲਾਈ ਦਿੱਤੀ ਗਈ।

ਇਨ੍ਹਾਂ ਕਾਲਮਾਂ ’ਚ ਖਾਦ ਸਕੈਂਡਲ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ ਤੇ ਸੱਤ ਅਧਿਕਾਰੀਆਂ ਨੂੰ ਚਾਰਜਸ਼ੀਟ ਵੀ ਜਾਰੀ ਕੀਤੀ ਗਈ। ਸਿਟੀ ਕਪੂਰਥਲਾ ਥਾਣੇ ’ਚ ਮਨੀਸ਼ਾ ਟਰੇਡਿੰਗ ਕੰਪਨੀ ਦੇ ਅਸ਼ਵਨੀ ਭਾਰਦਵਾਜ ਅਤੇ ਮਾਰਕਫੈੱਡ ਦੇ ਅਧਿਕਾਰੀ ਅਰਜਨ ਭਾਰਦਵਾਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

ਕਪੂਰਥਲਾ ’ਚ ਮਾਰਕਫੈੱਡ ਦੀ ਕੈਟਲ ਫੀਡ ਫੈਕਟਰੀ ’ਚ ਮਨੀਸ਼ਾ ਟਰੇਡਿੰਗ ਕੰਪਨੀ ਵੱਲੋਂ ਨੀਮ ਕੋਟਿਡ ਯੂਰੀਆ ਖਾਦ ਦੀ ਸਪਲਾਈ ਦਿੱਤੀ ਗਈ ਸੀ। ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ’ਚ ਫਰਟੀਲਾਈਜ਼ਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਸ਼ਿਕਾਇਤ ’ਤੇ ਮੈਸਰਜ਼ ਇੰਡੋ ਆਰਗੈਨਿਕ ਗਿੱਦੜਬਾਹਾ, ਮੈਸਰਜ਼ ਮਨੀਸ਼ਾ ਟਰੇਡਿੰਗ ਕੰਪਨੀ ਅਤੇ ਮਿਲਕਫੈੱਡ ਦੇ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ-2023, ਜ਼ਰੂਰੀ ਵਸਤਾਂ ਐਕਟ-1955 ਅਤੇ ਖਾਦ (ਕੰਟਰੋਲ) ਆਰਡਰ-1985 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Advertisement

ਥਾਣਾ ਸਿਟੀ ਖੰਨਾ-2 ’ਚ ਇੰਡੋ ਆਰਗੈਨਿਕ ਅਤੇ ਮਨੀਸ਼ਾ ਟਰੇਡਿੰਗ ਕੰਪਨੀ ਦੇ ਮਾਲਕ ਤੋਂ ਇਲਾਵਾ ਮਿਲਕਫੈੱਡ ਦੇ ਖੰਨਾ ਵਿਚਲੇ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ ਆਦਿ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਖੇਤੀ ਮਹਿਕਮੇ ਦੀਆਂ ਟੀਮਾਂ ਨੇ ਕਿਸਾਨ ਆਗੂਆਂ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਉਪਰੋਕਤ ਕੈਟਲ ਫੀਡ ਪਲਾਂਟਾਂ ’ਤੇ ਛਾਪੇ ਮਾਰ ਕੇ ਖਾਦ ਦੇ ਨਮੂਨੇ ਭਰੇ ਸਨ। ਇਸ ਨਾਲ ਪੁਸ਼ਟੀ ਹੋ ਗਈ ਕਿ ਖੇਤੀ ਸੈਕਟਰ ਦੀ ਖਾਦ ਸਨਅਤੀ ਖੇਤਰ ’ਚ ਸਪਲਾਈ ਕੀਤੀ ਜਾਂਦੀ ਹੈ।

ਕੈਟਲ ਫੀਡ ਇੰਡਸਟਰੀ ’ਚ ਟੈਕਨੀਕਲ ਗਰੇਡ ਯੂਰੀਆ ਦੀ ਵਰਤੋਂ ਹੁੰਦੀ ਹੈ, ਉਸ ’ਤੇ ਨਿੰਮ ਦੇ ਤੇਲ ਦੀ ਪਰਤ ਨਹੀਂ ਚੜ੍ਹੀ ਹੁੰਦੀ ਅਤੇ ਇਸ ਦੀ ਪੈਕਿੰਗ ਚਿੱਟੇ ਰੰਗ ਦੇ ਥੈਲਿਆਂ ’ਚ ਹੁੰਦੀ ਹੈ। ਟੈਕਨੀਕਲ ਗਰੇਡ ਯੂਰੀਆ ਦੀ ਕੀਮਤ ਕਰੀਬ 61 ਰੁਪਏ ਪ੍ਰਤੀ ਕਿਲੋ ਹੁੰਦੀ ਹੈ ਤੇ ਇਹ ਬਿਨਾਂ ਸਬਸਿਡੀ ਤੋਂ ਹੁੰਦੀ ਹੈ। ਕਿਸਾਨਾਂ ਨੂੰ ਸਪਲਾਈ ਹੁੰਦੀ ਸਬਸਿਡੀ ਵਾਲੀ ਯੂਰੀਆ ਖਾਦ ’ਤੇ ਨਿੰਮ ਦੇ ਤੇਲ ਦੀ ਪਰਤ ਚੜ੍ਹਾਈ ਜਾਂਦੀ ਹੈ ਅਤੇ ਪੀਲੇ ਰੰਗ ਦੇ ਥੈਲਿਆਂ ’ਚ ਸਪਲਾਈ ਹੁੰਦੀ ਹੈ। ਖੇਤੀ ਸਬਸਿਡੀ ਵਾਲੀ ਯੂਰੀਆ ਖਾਦ ਦੀ ਕੀਮਤ 5.91 ਰੁਪਏ ਪ੍ਰਤੀ ਕਿਲੋ ਹੁੰਦੀ ਹੈ। ਖੇਤੀ ਸਬਸਿਡੀ ਵਾਲੀ ਯੂਰੀਆ ਦੀ ਦੁਰਵਰਤੋਂ ਨੂੰ ਰੋਕਣ ਲਈ ਹੀ ਨਿੰਮ ਦੇ ਤੇਲ ਦੀ ਪਰਤ ਚੜ੍ਹਾਈ ਜਾਂਦੀ ਹੈ।

ਸ਼ੱਕ ਹੈ ਕਿ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਕੰਪਨੀਆਂ ਖੇਤੀ ਸੈਕਟਰ ’ਚੋਂ ਸਬਸਿਡੀ ਵਾਲੀ ਸਸਤੀ ਯੂਰੀਆ ਲੈ ਕੇ ਮਹਿੰਗੇ ਭਾਅ ਸਨਅਤੀ ਪਲਾਂਟਾਂ ਨੂੰ ਸਪਲਾਈ ਕਰਦੀਆਂ ਸਨ। ਪਿਛਲੇ ਮਹੀਨੇ ਪਟਿਆਲਾ ਜ਼ਿਲ੍ਹੇ ਦੇ ਥਾਣਾ ਖੇੜੀ ਗੰਡਿਆਂ ’ਚ ਰਾਜਪੁਰਾ ਦੇ ਮੈਸਰਜ਼ ਰਾਮ ਪ੍ਰੋਟੀਨ ਦੇ ਸਾਜਲ ਗੁਡਵਾਨੀ ਤੇ ਮੋਹਿਤ ਕੁਮਾਰ ਤੋਂ ਇਲਾਵਾ ਮੈਸਰਜ਼ ਮੰਗਲਾ ਕੈਮੀਕਲ, ਨਵੀਂ ਦਿੱਲੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਖੇਤੀ ਸਬਸਿਡੀ ਵਾਲੀ ਯੂਰੀਆ ਸਨਅਤੀ ਖੇਤਰ ’ਚ ਸਪਲਾਈ ਕੀਤੀ ਗਈ ਸੀ।

ਗੁਜਰਾਤ ਪੁਲੀਸ ਨੇ ਵੀ ਕੰਪਨੀ ਘੇਰੀ

ਮੈਸਰਜ਼ ਮਨੀਸ਼ਾ ਟਰੇਡਿੰਗ ਨਵੀਂ ਦਿੱਲੀ ਵੱਲੋਂ ਇਕੱਲੇ ਪੰਜਾਬ ’ਚ ਹੀ ਨਹੀਂ ਬਲਕਿ ਗੁਜਰਾਤ ’ਚ ਵੀ ਇਹੋ ਧੰਦਾ ਕੀਤਾ ਜਾ ਰਿਹਾ ਹੈ। ਗੁਜਰਾਤ ਦੇ ਜ਼ਿਲ੍ਹਾ ਵਡੋਦਰਾ ਅਧੀਨ ਪੈਂਦੇ ਥਾਣਾ ਸਾਵਲੀ ’ਚ ਵੀ 18 ਜੂਨ ਨੂੰ ਮਨੀਸ਼ਾ ਟਰੇਡਿੰਗ ਕੰਪਨੀ ਦੇ ਮਾਲਕ ਅਸ਼ਵਨੀ ਭਾਰਦਵਾਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਗੁਜਰਾਤ ’ਚ ਇਸ ਕੰਪਨੀ ਨੇ ਗਰੀਨ ਪਲਾਈ ਸਪੈਸ਼ਲਿਟੀ ਨੂੰ ਖੇਤੀ ਸਬਸਿਡੀ ਵਾਲਾ ਯੂਰੀਆ ਸਪਲਾਈ ਕੀਤਾ ਸੀ।

Advertisement
×