Delhi blast: ਸਹਾਰਨਪੁਰ ਦੇ ਡਾਕਟਰ ਨੇ ਗ੍ਰਿਫ਼ਤਾਰੀ ਦੀਆਂ ਅਫਵਾਹਾਂ ਨੂੰ ਨਕਾਰਿਆ
ਦਿੱਲੀ ਧਮਾਕਾ ਜਾਂਚ ਵਿੱਚ ਕਰ ਰਿਹਾ ਹਾਂ ਸਹਿਯੋਗ: ਡਾਕਟਰ
ਸਹਾਰਨਪੁਰ ਦੇ ਫੇਮਸ ਮੈਡੀਕੇਅਰ ਹਸਪਤਾਲ ਵਿੱਚ ਡਾਕਟਰ ਬਾਬਰ ਨੇ ਬੁੱਧਵਾਰ ਨੂੰ ਉਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਕਿ ਉਸ ਨੂੰ ਉਸ ਦੇ ਸਹਿਕਰਮੀ ਡਾ. ਆਦਿਲ ਅਹਿਮਦ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ’ਤੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸਬੰਧ ਹੋਣ ਦਾ ਦੋਸ਼ ਹੈ।
ਡਾ. ਬਾਬਰ ਨੇ ਕਿਹਾ ਕਿ ਉਹ ਹਸਪਤਾਲ ਵਿੱਚ ਮੌਜੂਦ ਹੈ ਅਤੇ ਕਿਸੇ ਨੂੰ ਵੀ ਮਿਲਣ ਲਈ ਉਪਲਬਧ ਹੈ। ਉਨ੍ਹਾਂ ਕਿਹਾ, "ਮੈਂ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਿਹਾ ਹਾਂ, ਪਰ ਲੋਕਾਂ ਨੂੰ ਝੂਠੀਆਂ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ।"
ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਹਸਪਤਾਲ ਵਿੱਚ ਕੰਮ ਕਰ ਰਹੇ ਹਨ, ਜਦੋਂ ਕਿ ਡਾ. ਆਦਿਲ ਮਾਰਚ ਵਿੱਚ ਸ਼ਾਮਲ ਹੋਏ ਸਨ। ਜਨਰਲ ਫਿਜ਼ੀਸ਼ੀਅਨ ਨੇ ਕਿਹਾ, "ਮੈਂ ਉਸ ਨੂੰ ਹਸਪਤਾਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਮਿਲਿਆ। ਇਸ ਤੋਂ ਪਹਿਲਾਂ, ਮੇਰੀ ਉਸ ਨਾਲ ਕੋਈ ਜਾਣ-ਪਛਾਣ ਨਹੀਂ ਸੀ। ਉਸਦਾ ਵਿਵਹਾਰ ਨਿਮਰ ਅਤੇ ਪੇਸ਼ੇਵਰ ਸੀ, ਅਤੇ ਨਾ ਹੀ ਮਰੀਜ਼ਾਂ ਅਤੇ ਨਾ ਹੀ ਸਟਾਫ ਨੇ ਕਦੇ ਉਸ ਵਿਰੁੱਧ ਕੋਈ ਸ਼ਿਕਾਇਤ ਕੀਤੀ।’’
ਆਦਿਲ ਦੀਆਂ ਕਥਿਤ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਮੂਲੀਅਤ ’ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਬਾਬਰ ਨੇ ਕਿਹਾ, ‘‘ਇਹ ਦੁਖਦਾਈ ਹੈ ਕਿ ਅਜਿਹੇ ਪੜ੍ਹੇ-ਲਿਖੇ ਲੋਕ ਸ਼ਰਮਨਾਕ ਕਾਰਵਾਈਆਂ ਵਿੱਚ ਸ਼ਾਮਲ ਹਨ।’’ ਡਾ. ਬਾਬਰ ਨੇ ਆਦਿਲ ਦੇ ਵਿਆਹ ਵਿੱਚ ਆਪਣੀ ਸ਼ਮੂਲੀਅਤ ਬਾਰੇ ਕਿਹਾ, "ਅਸੀਂ ਹਸਪਤਾਲ ਤੋਂ ਚਾਰ ਜਣੇ ਉਸ ਦੇ ਵਿਆਹ ਵਿੱਚ ਗਏ ਸੀ। ਅਸੀਂ ਇੱਕ ਸਾਥੀ ਡਾਕਟਰ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਸਹਿਕਰਮੀਆਂ ਵਜੋਂ ਗਏ ਸੀ, ਨਾ ਕਿ ਕਿਸੇ ਅਤਿਵਾਦੀ ਦੇ।’’ -ਪੀਟੀਆਈ

