ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਸਾਬਕਾ ਸਿੱਖ ਫ਼ੌਜੀ ਅਫ਼ਸਰ ਦੀ ਹਿਰਾਸਤ ਵਿਚ ਕੁੱਟਮਾਰ, ਗ਼ੈਰ ਕੁਦਰਤੀ ਅਪਰਾਧਾਂ ਤੇ ਧਰਮ ਦੇ ਅਪਮਾਨ ਖ਼ਿਲਾਫ਼ ਯੂਪੀ ਪੁਲੀਸ ਤੇ ਪੀਲੀਭੀਤ ਪ੍ਰਸ਼ਾਸਨ ਖ਼ਿਲਾਫ਼ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਾਬਕਾ ਫੌਜੀ ਅਫ਼ਸਰ ਰੇਸ਼ਮ ਸਿੰਘ ਆਪਣੀ ਮਾਤਾ ਤੇ ਦੋ ਭੈਣਾਂ ਨਾਲ 3 ਮਈ ਨੂੰ ਆਪਣੇ ਰਿਸ਼ਤੇਦਾਰ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਪੀਲੀਭੀਤ ਤੋਂ ਲਖੀਮਪੁਰ ਖੇੜੀ ਜਾ ਰਿਹਾ ਸੀ। ਰਸਤੇ ਵਿਚ ਪੀਲੀਭੀਤ ਪੁਲੀਸ ਨੇ ਉਸ ਨੂੰ ਨਾਕੇ ’ਤੇ ਰੋਕਿਆ ਤੇ ਜਦੋਂ ਉਹ ਆਪਣੀ ਅਲਟੋ ਕਾਰ ਦੇ ਪੇਪਰ ਕੱਢ ਰਿਹਾ ਸੀ ਤਾਂ ਪੁਲੀਸ ਅਧਿਕਾਰੀ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉੱਥੇ ਕੋਤਵਾਲੀ ਦਾ ਥਾਣੇਦਾਰ ਰਾਮ ਨਰੇਸ਼ ਸਿੰਘ ਤੇ ਹੋਰ ਪੁਲੀਸ ਵਾਲੇ ਵੀ ਆ ਗਏ ਤੇ ਰੇਸ਼ਮ ਸਿੰਘ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੂੰ ਪੁਲੀਸ ਥਾਣੇ ਲਿਜਾਇਆ ਗਿਆ ਤੇ ਤਸ਼ੱਦਦ ਢਾਹਿਆ ਗਿਆ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਪੁਲੀਸ ਮੁਲਾਜ਼ਮਾਂ ਨੇ ਸਿੱਖ ਕੌਮ ਦੀ ਧਾਰਮਿਕ ਭਾਵਨਾ ਦਾ ਅਪਮਾਨ ਕੀਤਾ ਤੇ ਰੇਸ਼ਮ ਸਿੰਘ ਦਾ ਤੇ ਉਸ ਦੇ ਧਰਮ ਦਾ ਵੀ ਨਿਰਾਦਰ ਕੀਤਾ। ਕਮੇਟੀ ਨੇ ਯੂਪੀ ਦੇ ਮੁੱਖ ਮੰਤਰੀ, ਕੇਂਦਰੀ ਗ੍ਰਹਿ ਸਕੱਤਰ ਤੇ ਡੀਜੀਪੀ ਯੂਪੀ ਨੂੰ ਫੌਜਦਾਰੀ ਸ਼ਿਕਾਇਤ ਭੇਜੀ ਹੈ ਜਿਸ ਵਿਚ ਦੋਸ਼ੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਯੂਪੀ ਦੇ ਪੀਲੀਭੀਤ ਵਿਚ ਪੁਰਾਨਪੁਰ ਕੋਤਵਾਲੀ ਅਧੀਨ ਵਾਪਰੀ ਇਸ ਘਟਨਾ ਲਈ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਵੀ ਦਰਜ ਕਰਵਾਏਗੀ।