ਯੂਨੀਵਰਸਿਟੀ ਮੋਰਚੇ ਨੂੰ ਮਿਲੀ ਹੋਰ ਹਮਾਇਤ
ਸੈਨੇਟ ਚੋਣਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਵਾਈਸ ਚਾਂਸਲਰ ਦਫ਼ਤਰ ਅੱਗੇ ਚੱਲ ਰਿਹਾ ਧਰਨਾ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਐੱਸ ਓ ਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਐਡਵੋਕੇਟ ਭੀਮ ਵੜੈਚ ਅਤੇ ਐਡਵੋਕੇਟ ਅਮਰਜੀਤ ਸਿੰਘ ਸਮੇਤ ਕਈ ਹੋਰਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਵਿਦਿਆਰਥੀਆਂ ਦੇ ਧਰਨੇ ਨੂੰ ਡਟ ਕੇ ਹਮਾਇਤ ਦੇਣ ਦਾ ਐਲਾਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਖਹਿਰਾ ਨੇ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੀ ਪਛਾਣ, ਸੱਭਿਆਚਾਰ ਅਤੇ ਹੋਂਦ ਦੀ ਪ੍ਰਤੀਕ ਹੈ। ਇਸ ਨਾਲ ਹਰੇਕ ਪੰਜਾਬੀ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ’ਵਰਸਿਟੀ ਦੀ ਖੁਦਮੁਖ਼ਤਾਰੀ ਉਤੇ ਲਗਾਤਾਰ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸੈਨੇਟ ਦੀ ਨਫ਼ਰੀ ਘਟਾਉਣਾ ਅਤੇ ਗ੍ਰੈਜੂਏਟ ਕਾਂਸਟੀਚੁਐਂਸੀ ਖ਼ਤਮ ਕਰਨ ਦੀ ਕੋਸ਼ਿਸ਼ ਬਹੁਤ ਹੀ ਨਿੰਦਣਯੋਗ ਹੈ। ਇਸ ਮੌਕੇ ਵਿਦਿਆਰਥੀ ਆਗੂਆਂ ਨੇ ਦੁਹਰਾਇਆ ਕਿ ਉਨ੍ਹਾਂ ਦਾ ਲੋਕਤੰਤਰੀ ਢੰਗ ਨਾਲ ਵਿੱਢਿਆ ਹੋਇਆ ਸ਼ਾਂਤਮਈ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸੈਨੇਟ ਚੋਣਾਂ ਲਈ ਅਧਿਕਾਰਤ ਤੌਰ ’ਤੇ ਲਿਖਤੀ ਸਮਾਂ-ਸਾਰਣੀ ਜਾਰੀ ਨਹੀਂ ਕਰਦਾ। ਆਗੂਆਂ ਨੇ ਸਮੂਹਿਕ ਤੌਰ ’ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਤਿਹਾਸਕ ਅਤੇ ਕਾਨੂੰਨੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੈਨੇਟ ਚੋਣਾਂ ਨੂੰ ਭੰਗ ਕਰਨਾ ਜਾਂ ਦੇਰੀ ਕਰਨਾ ਗ਼ੈਰ-ਸੰਵਿਧਾਨਕ ਹੈ। ਉਨ੍ਹਾਂ ਧਰਨੇ ਵਿੱਚ ਚਾਹ, ਲੰਗਰ ਤੇ ਦੁੱਧ ਭੇਜਣ ਲਈ ਪਿੰਡਾਂ ਵਾਲਿਆਂ ਤੇ ਹੋਰਾਂ ਦਾ ਧੰਨਵਾਦ ਵੀ ਕੀਤਾ।
ਬਿੱਟੂ ਦੇ ਬਿਆਨ ਦੀ ਨਿਖੇਧੀ
ਵਿਦਿਆਰਥੀ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ 10 ਨਵੰਬਰ ਨੂੰ ਕੀਤੇ ਇਕੱਠ ਬਾਰੇ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਦਿਨ ਕੈਂਪਸ ਵਿੱਚ ਸਿਰਫ਼ ਇੱਕ ਸਟੇਜ ਹੀ ਚਲਾਈ ਗਈ ਸੀ ਅਤੇ ਇਕੱਠ ਵਿੱਚ ਜਿੰਨੇ ਵੀ ਲੋਕ ਸ਼ਾਮਲ ਹੋਏ, ਉਹ ਸਾਰੇ ਪੰਜਾਬ ਯੂਨੀਵਰਸਿਟੀ ਬਚਾਉਣ ਲਈ ਚਿੰਤਤ ਸਨ।
