ਨਵੀਂ ਦਿੱਲੀ: ਸਾਬਕਾ ਸੈਨਿਕਾਂ ਨੂੰ ਅਪਰੈਲ ਮਹੀਨੇ ਦੀ ਪੈਨਸ਼ਨ ਨਾ ਮਿਲਣ ਦੀਆਂ ਰਿਪੋਰਟਾਂ ਦੌਰਾਨ ਕਾਂਗਰਸ ਨੇ ਅੱਜ ਕੇਂਦਰ ਨੂੰ ਪੈਨਸ਼ਨਾਂ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ ਜਦਕਿ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਵਾਨਾਂ ਦਾ ਅਪਮਾਨ ਦੇਸ਼ ਦਾ ਅਪਮਾਨ ਹੈ। ‘ਇੱਕ ਰੈਂਕ, ਇੱਕ ਪੈਨਸ਼ਨ’ ਦਾ ਜ਼ਿਕਰ ਕਰਦਿਆਂ ਕਾਂਗਰਸ ਨੇ ਕਿਹਾ ਕਿਹਾ ਕਿ ਸਰਕਾਰ ਵੱਲੋਂ ਹਥਿਆਰਬੰਦ ਬਲਾਂ ਦੇ ਹਿੱਤਾਂ ’ਤੇ ਕੀਤਾ ਗਿਆ ਇਹ ਕੋਈ ‘ਪਹਿਲਾ ਹਮਲਾ’ ਨਹੀਂ ਹੈ ਅਤੇ ਨਾ ਹੀ ਇਹ ਆਖਰੀ ਹਮਲਾ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਮੋਦੀ ਸਰਕਾਰ ‘ਇੱਕ ਰੈਂਕ, ਇੱਕ ਪੈਨਸ਼ਨ’ ਉੱਤੇ ਧੋਖਾ ਕਰਨ ਮਗਰੋਂ ਹੁਣ ‘ਆਲ ਰੈਂਕ, ਨੋ ਪੈਨਸ਼ਨ’ ਦੀ ਨੀਤੀ ਅਪਣਾ ਰਹੀ ਹੈ।’ ਕਾਂਗਰਸ ਨੇ ਭਾਜਪਾ ’ਤੇ ਵਰ੍ਹਦਿਆਂ ਇਹ ਦੋਸ਼ ਵੀ ਲਾਇਆ ਕਿ ਉਹ ਆਪਣੇ ਪ੍ਰਾਪੇਗੰਡਾ ਲਈ ਸਾਬਕਾ ਸੈਨਿਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਰਾਹੁਲ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, ‘‘ਭਾਜਪਾ ਦਾ ਫਰਜ਼ੀ ਰਾਸ਼ਟਰਵਾਦ ਦਾ ਏਜੰਡਾ ਸਪੱਸ਼ਟ ਹੈ- ਪ੍ਰਾਪੇਗੰਡਾ ਲਈ ਹਥਿਆਰਬੰਦ ਬਲਾਂ ਦੀਆਂ ਭਾਵਨਾਵਾਂ ਦੀ ਵਰਤੋਂ ਕਰੋ ਅਤੇ ਇੱਕ ਵਾਰ ਸਿਆਸੀ ਮਤਲਬ ਪੂਰਾ ਹੋਣ ਮਗਰੋਂ ਉਨ੍ਹਾਂ ਨੂੰ ਭੁੱਲ ਜਾਓ।’’ -ਪੀਟੀਆਈ