UN Reports: ਇਜ਼ਰਾਈਲ ਵੱਲੋਂ ਗਾਜ਼ਾ ’ਚ ਬੱਚਿਆਂ ਦੀ ਨਸਲਕੁਸ਼ੀ
ਯੂ ਐੱਨ ਕਮਿਸ਼ਨ ਨੇ ਦੋਸ਼ ਲਾਏ; ਇਜ਼ਰਾਈਲ ਨੇ ਰਿਪੋਰਟ ਵਿਚਲੇ ਦਾਅਵੇ ਨਕਾਰੇ
ਸੰਯੁਕਤ ਰਾਸ਼ਟਰ ਵੱਲੋਂ ਨਿਯੁਕਤ ਸੁਤੰਤਰ ਮਾਹਿਰਾਂ ਦੀ ਟੀਮ ਨੇ ਇਜ਼ਰਾਈਲ ’ਤੇ ਗਾਜ਼ਾ ਵਿੱਚ ਬੱਚਿਆਂ ਨੂੰ ਜਾਣਬੁੱਝ ਕੇ ਗੋਲੀ ਮਾਰਨ ਦਾ ਦੋਸ਼ ਲਾਇਆ ਹੈ। ਟੀਮ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਇਲਾਕੇ ਵਿੱਚ ਨਸਲਕੁਸ਼ੀ ਕੀਤੀ ਹੈ। ਉੱਧਰ, ਇਜ਼ਰਾਈਲ ਨੇ ਗਾਜ਼ਾ ਵਿੱਚ ਢਾਈ ਸਾਲ ਦੀ ਆਪਣੀ ਜੰਗ ਦੌਰਾਨ ਨਸਲਕੁਸ਼ੀ ਕਰਨ ਦੇ ਦਾਅਵਿਆਂ ਨੂੰ ਜ਼ੋਰਦਾਰ ਢੰਗ ਨਾਲ ਨਕਾਰਿਆ ਹੈ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਅਧੀਨ ਕੰਮ ਕਰਨ ਵਾਲੀ ਤਫ਼ਤੀਸ਼ੀ ਸੰਸਥਾ ‘ਦਿ ਇੰਡੀਪੈਂਡੈਂਟ ਇੰਟਰਨੈਸ਼ਨਲ ਕਮਿਸ਼ਨ ਆਫ ਇਨਕੁਆਇਰੀ ਔਨ ਦਿ ਔਕੂਪਾਈਡ ਫਲਸਤੀਨੀ ਟੈਰੀਟਰੀ’ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਵਿੱਚ ਕਿਹਾ ਕਿ ਅਕਤੂਬਰ 2023 ਤੋਂ ਅਕਤੂਬਰ 2025 ਤੱਕ ਮਾਰੇ ਗਏ ਫ਼ਲਸਤੀਨੀ ਲੋਕਾਂ ਵਿੱਚੋਂ ਕਰੀਬ 30 ਫ਼ੀਸਦ ਕੁੱਲ 20,000 ਤੋਂ ਵੱਧ ਬੱਚੇ ਸਨ। ਮੰਨਿਆ ਜਾਂਦਾ ਹੈ ਕਿ ਹੋਰ ਵੀ ਬੱਚੇ ਲਾਪਤਾ ਹਨ ਜਾਂ ਬਿਨਾਂ ਨਿਸ਼ਾਨ ਵਾਲੀਆਂ ਕਬਰਾਂ ਵਿੱਚ ਦਫ਼ਨਾਏ ਗਏ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਾਜ਼ਾ ਵਿੱਚ ਇਸ ਸੰਘਰਸ਼ ਦਾ ਬੱਚਿਆਂ ’ਤੇ ਜੋ ਅਸਰ ਪਿਆ ਹੈ, ਉਹ ਜੰਗੀ ਅਪਰਾਧ ਅਤੇ ਨਸਲਕੁਸ਼ੀ ਦੇ ਬਰਾਬਰ ਹੈ। ਇਹ ਉਨ੍ਹਾਂ ਦੋਸ਼ਾਂ ਉੱਤੇ ਆਧਾਰਿਤ ਹਨ, ਜੋ ਸਤੰਬਰ ਵਿੱਚ ਇਜ਼ਰਾਈਲ ਵਿਰੁੱਧ ਪਹਿਲੀ ਵਾਰ ਲਾਏ ਗਏ ਸਨ। ਕਮਿਸ਼ਨ ਦੇ ਚੇਅਰਮੈਨ ਸ੍ਰੀਨਿਵਾਸਨ ਮੁਰਲੀਧਰ ਨੇ ਕਿਹਾ, ‘‘ਅਕਤੂਬਰ 2025 ਦੀ ਗੋਲੀਬੰਦੀ ਤੋਂ ਬਾਅਦ ਵੀ ਬੱਚੇ ਮਾਰੇ ਜਾ ਰਹੇ ਹਨ ਤੇ ਗੰਭੀਰ ਜ਼ਖ਼ਮੀ ਹੋ ਰਹੇ ਹਨ। ਇਜ਼ਰਾਈਲ ਗੋਲੀਬੰਦੀ ਤੇ ਕੌਮਾਂਤਰੀ ਕਾਨੂੰਨ ਤਹਿਤ ਫ਼ਲਸਤੀਨੀ ਬੱਚਿਆਂ ਨੂੰ ਮਿਲਣ ਵਾਲੀ ਸੁਰੱਖਿਆ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਿਹਾ ਹੈ।’’ ਰਿਪੋਰਟ ਵਿੱਚ ਕੁਝ ਖ਼ਾਸ ਇਲਾਕਿਆਂ ਦੀ ਵੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੇ ਬੱਚੇ ਤੇ ਨਵਜੰਮੇ ਮਾਰੇ ਜਾ ਰਹੇ ਹਨ।
ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ ਰਿਪੋਰਟ ਨੂੰ ‘ਝੂਠੀ ਤੇ ਬਦਨਾਮ ਕਰਨ ਵਾਲੀ’ ਕਰਾਰ ਦਿੱਤਾ ਅਤੇ ਕਿਹਾ ਕਿ ਰਿਪੋਰਟ ਵਿਚਲੇ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਮੰਤਰਾਲੇ ਨੇ ਕਮਿਸ਼ਨ ਦੀ ‘ਬੁਨਿਆਦੀ ਤੌਰ ’ਤੇ ਨੁਕਸਦਾਰ ਵਿਧੀ’ ਵਜੋਂ ਵੀ ਆਲੋਚਨਾ ਕੀਤੀ ਜਿਸ ਦਾ ਉਦੇਸ਼ ਸੱਚਾਈ ਦੀ ਭਾਲ ਕਰਨ ਦੀ ਬਜਾਏ ਇਜ਼ਰਾਈਲ ਨੂੰ ਵੱਖ ਕਰਨਾ ਅਤੇ ਬਦਨਾਮ ਕਰਨਾ ਹੈ।

