ਚੇਨੱਈ, 7 ਸਤੰਬਰ
ਆਪਣੇ ਕੈਬਨਿਟ ਸਾਥੀ ਉਦੈਨਿਧੀ ਸਟਾਲਨਿ ਵੱਲੋਂ ਦਿੱਤੇ ਗਏ ਸਨਾਤਨ ਧਰਮ ਵਿਰੋਧੀ ਬਿਆਨਾਂ ਦਾ ਬਚਾਅ ਕਰਦਿਆਂ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਨਿ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਸਨਾਤਨ ਧਰਮ ’ਚ ਪ੍ਰਚਾਰੇ ਗਏ ਕੁਝ ਅਣਮਨੁੱਖੀ ਸਿਧਾਂਤਾਂ ਬਾਰੇ ਕੁਝ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ‘ਇੰਡੀਆ’ ਗੱਠਜੋੜ ’ਚ ਵੰਡੀਆਂ ਪੈਦਾ ਕਰਨ ਦੀਆ ਕੋਸ਼ਿਸ਼ਾਂ ਕਰ ਰਹੀ ਹੈ। ਸਟਾਲਨਿ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਮਿਲ ਨਾਡੂ ਦੇ ਮੰਤਰੀ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਤਾਕਤਾਂ ਨਾਲ ਰਲਣ ’ਤੇ ਵੀ ਹੈਰਾਨੀ ਜਤਾਈ। ਉਨ੍ਹਾਂ ਕਿਹਾ,‘‘ਰਾਸ਼ਟਰੀ ਮੀਡੀਆ ਦੀਆਂ ਸੁਰਖੀਆਂ ਸੁਣ ਕੇ ਨਿਰਾਸ਼ਾ ਹੋਈ ਹੈ ਕਿ ਪ੍ਰਧਾਨ ਮੰਤਰੀ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਆਖਿਆ ਕਿ ਉਦੈਨਿਧੀ ਦੇ ਬਿਆਨ ਦਾ ਢੁੱਕਵਾਂ ਜਵਾਬ ਦਿੱਤਾ ਜਾਵੇ। ਪ੍ਰਧਾਨ ਮੰਤਰੀ ਕੋਲ ਕਿਸੇ ਵੀ ਦਾਅਵੇ ਜਾਂ ਰਿਪੋਰਟ ਦੀ ਪੜਤਾਲ ਲਈ ਸਾਰੇ ਸਰੋਤ ਹਨ। ਕੀ ਉਹ ਉਦੈਨਿਧੀ ਬਾਰੇ ਫੈਲਾਏ ਜਾ ਰਹੇ ਝੂਠ ਤੋਂ ਜਾਣੂ ਨਹੀਂ ਹਨ ਜਾਂ ਸਾਰਾ ਕੁਝ ਜਾਣਦੇ ਹੋਏ ਵੀ ਉਹ ਇੰਜ ਕਰ ਰਹੇ ਹਨ?’’ ਸਟਾਲਨਿ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹੇ ਹਨ ਅਤੇ ਉਹ ਸਨਾਤਨ ਮੁੱਦੇ ਨੂੰ ਭੜਕਾ ਕੇ ਉਨ੍ਹਾਂ ਤੋਂ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ‘ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਉਨ੍ਹਾਂ ਦੇ ਮੰਤਰੀਆਂ ਨੇ ਮਨੀਪੁਰ ਵਰਗੇ ਮੁੱਦਿਆਂ ਜਾਂ ਕੈਗ ਰਿਪੋਰਟ ’ਚ ਸਾਢੇ 7 ਲੱਖ ਕਰੋੜ ਰੁਪਏ ਮੁੱਲ ਦੀਆਂ ਬੇਨਿਯਮੀਆਂ ਦਾ ਕੋਈ ਜਵਾਬ ਦਿੱਤਾ ਹੈ। ਪਰ ਉਨ੍ਹਾਂ ਸਨਾਤਨ ਬਾਰੇ ਕੈਬਨਿਟ ਦੀ ਮੀਟਿੰਗ ਸੱਦੀ। ਕੀ ਇਹ ਆਗੂ ਪੱਛੜੀਆਂ ਜਾਤਾਂ, ਅਨੁਸੂਚਿਤ ਜਾਤਾਂ, ਆਦਵਿਾਸੀਆਂ ਅਤੇ ਔਰਤਾਂ ਦੀ ਰਾਖੀ ਕਰ ਸਕਦੇ ਹਨ।’ ਉਨ੍ਹਾਂ ਕਿਹਾ ਕਿ ਭਾਜਪਾ ਪੱਖੀ ਤਾਕਤਾਂ ਨੇ ਉਦੈਨਿਧੀ ਦੇ ਸਟੈਂਡ ਖ਼ਿਲਾਫ਼ ਝੂਠਾ ਬਿਰਤਾਂਤ ਫੈਲਾਇਆ ਹੈ ਕਿ ਉਸ ਨੇ ਸਨਾਤਨ ਵਿਚਾਰਾਂ ਵਾਲੇ ਲੋਕਾਂ ਦੇ ਕਤਲੇਆਮ ਦੀ ਗੱਲ ਆਖੀ ਹੈ। ‘ਉਦੈਨਿਧੀ ਨੇ ਉਨ੍ਹਾਂ ਸਨਾਤਨ ਸਿਧਾਂਤਾਂ ਬਾਰੇ ਵਿਚਾਰ ਪੇਸ਼ ਕੀਤੇ ਸਨ ਜੋ ਅਨੁਸੂਚਿਤ ਜਾਤਾਂ, ਆਦਵਿਾਸੀਆਂ ਅਤੇ ਔਰਤਾਂ ਖ਼ਿਲਾਫ਼ ਵਿਤਕਰਾ ਕਰਦੇ ਹਨ ਅਤੇ ਉਸ ਦਾ ਕਿਸੇ ਧਰਮ ਜਾਂ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਭਾਜਪਾ ਵੱਲੋਂ ਪਾਲੇ-ਪੋਸੇ ਗਏ ਸੋਸ਼ਲ ਮੀਡੀਆ ਹਜੂਮ ਨੇ ਉੱਤਰੀ ਸੂਬਿਆਂ ’ਚ ਝੂਠ ਫੈਲਾਇਆ ਹੈ। ਮੰਤਰੀ ਉਦੈਨਿਧੀ ਨੇ ਕਦੇ ਵੀ ਕਤਲੇਆਮ ਸ਼ਬਦ ਦੀ ਵਰਤੋਂ ਤਾਮਿਲ ਜਾਂ ਅੰਗਰੇਜ਼ੀ ’ਚ ਨਹੀਂ ਕੀਤੀ। ਫਿਰ ਵੀ ਅਜਿਹਾ ਝੂਠ ਫੈਲਾਇਆ ਜਾ ਰਿਹਾ ਹੈ।’ ਹੁਕਮਰਾਨ ਧਿਰ ਡੀਐੱਮਕੇ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਤੇ ਹੋਰਾਂ ਨੇ ਝੂਠੇ ਬਿਰਤਾਂਤ ਨੂੰ ਸਾਂਝਾ ਕਰਦਿਆਂ ਉਦੈਨਿਧੀ ਦੀ ਨਿਖੇਧੀ ਕੀਤੀ ਹੈ ਜਦਕਿ ਉਦੈਨਿਧੀ ਨੇ ਆਪਣੇ ਬਿਆਨ ਬਾਰੇ ਸਪੱਸ਼ਟੀਕਰਨ ਦਿੱਤਾ ਹੈ ਪਰ ਕੇਂਦਰੀ ਮੰਤਰੀ ਆਪਣੇ ਬਿਆਨਾਂ ਤੋਂ ਪਿੱਛੇ ਨਹੀਂ ਹਟੇ ਹਨ। -ਪੀਟੀਆਈ
ਏ ਰਾਜਾ ਦਾ ਸਨਾਤਨ ਧਰਮ ਵਿਰੋਧੀ ਬਿਆਨ ‘ਇੰਡੀਆ’ ਗੱਠਜੋੜ ਦੀ ਮਾਨਸਿਕਤਾ ਦਰਸਾਉਣ ਵਾਲਾ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਡੀਐੱਮਕੇ ਆਗੂ ਏ ਰਾਜਾ ਦੀ ਸਨਾਤਨ ਧਰਮ ਵਿਰੋਧੀ ਟਿੱਪਣੀ ਨੂੰ ਅਪਮਾਨਜਨਕ ਅਤੇ ਚੁੱਭਵੀਂ ਕਰਾਰ ਦਿੰਦਿਆਂ ਕਿਹਾ ਕਿ ਇਹ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਮਾਨਸਿਕ ਦੀਵਾਲੀਅਪਣ ਅਤੇ ਡੂੰਘੇ ਹਿੰਦੂਫੋਬੀਆ ਨੂੰ ਦਰਸਾਉਂਦਾ ਹੈ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਨਾਮ ਬਦਲਣ ਨਾਲ ਮਨਸ਼ਾ ਅਤੇ ਕਿਰਦਾਰ ਨਹੀਂ ਛੁਪਦੇ। ਉਨ੍ਹਾਂ ਦਾ ਇਹ ਪ੍ਰਤੀਕਰਮ ਰਾਜਾ ਦੇ ਉਸ ਬਿਆਨ ਮਗਰੋਂ ਆਇਆ ਹੈ ਜਿਸ ’ਚ ਡੀਐੱਮਕੇ ਆਗੂ ਨੇ ਕਥਿਤ ਤੌਰ ’ਤੇ ਆਖਿਆ ਸੀ ਕਿ ਸਨਾਤਨ ਧਰਮ ਦੀ ਤੁਲਨਾ ਏਡਜ਼ ਅਤੇ ਕੋਹੜ ਜਿਹੀਆਂ ਬਿਮਾਰੀਆਂ ਨਾਲ ਕੀਤੀ ਜਾਣੀ ਚਾਹੀਦੀ ਹੈ ਜਨਿ੍ਹਾਂ ਨਾਲ ਸਮਾਜਿਕ ਕਲੰਕ ਜੁੜਿਆ ਹੋਇਆ ਹੈ। ਭਾਜਪਾ ਆਗੂ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇਖ ਰਿਹਾ ਹੈ ਕਵਿੇਂ ਕਾਂਗਰਸ ਅਤੇ ਉਸ ਦੇ ਭਾਈਵਾਲ ਦੋਸਤ ਜਾਣਬੁੱਝ ਕੇ ਭਾਰਤ ਦੀ ਆਤਮਾ, ਭਾਵਨਾ ਅਤੇ ਜੜ੍ਹਾਂ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਫ਼ਰਤ ਫੈਲਾਉਣ ਵਾਲਿਆਂ ਨੂੰ ਚੇਤੇ ਕਰਵਾਇਆ ਜਾਣਾ ਚਾਹੀਦਾ ਹੈ ਕਿ ਸਨਾਤਨ ਅਮਰ ਅਤੇ ਸੱਚ ਹੈ। -ਪੀਟੀਆਈ
ਅਹਿਮ ਮੁੱਦਿਆਂ ਤੋਂ ਧਿਆਨ ਵੰਡਾਉਣ ਦੀ ਸਾਜ਼ਿਸ਼: ਉਦੈਨਿਧੀ
ਚੇਨੱਈ: ਸਨਾਤਨ ਧਰਮ ਵਿਰੋਧੀ ਬਿਆਨਾਂ ਕਾਰਨ ਭਾਜਪਾ ਦੇ ਨਿਸ਼ਾਨੇ ’ਤੇ ਆਏ ਡੀਐੱਮਕੇ ਆਗੂ ਅਤੇ ਤਾਮਿਲ ਨਾਡੂ ਦੇ ਮੰਤਰੀ ਉਦੈਨਿਧੀ ਸਟਾਲਨਿ ਨੇ ਭਗਵਾ ਪਾਰਟੀ ਦੇ ਆਗੂਆਂ ’ਤੇ ਉਨ੍ਹਾਂ ਦੇ ਬਿਆਨ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ’ਚ ਸਾਰੇ ਕੇਸਾਂ ਦਾ ਕਾਨੂੰਨੀ ਤੌਰ ’ਤੇ ਸਾਹਮਣਾ ਕਰਨ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮਨੀਪੁਰ ਹਿੰਸਾ ਸਬੰਧੀ ਸਵਾਲਾਂ ਤੋਂ ਡਰਦਿਆਂ ਵਿਦੇਸ਼ ਦੇ ਦੌਰੇ ਕਰ ਰਹੇ ਹਨ। ਉਨ੍ਹਾਂ ਹੈਰਾਨੀ ਜਤਾਈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ‘ਫੇਕ ਨਿਊਜ਼’ ਦੇ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਉਦੈਨਿਧੀ ਨੇ ਕਿਹਾ ਕਿ ਉਹ ਆਗੂਆਂ ਖ਼ਿਲਾਫ਼ ਕੇਸ ਕਰ ਸਕਦੇ ਹਨ ਪਰ ਉਹ ਇੰਜ ਨਹੀਂ ਕਰਨਗੇ। ਉਨ੍ਹਾਂ ਡੀਐੱਮਕੇ ਬਾਨੀ ਸੀ ਐੱਨ ਅੰਨਾਦੁਰਈ ਦੇ ਬਿਆਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਡੀਐੱਮਕੇ ਉਨ੍ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਜੋ ਸਾਰਿਆਂ ਨੂੰ ਬਰਾਬਰ ਸਮਝਦੇ ਹਨ। -ਪੀਟੀਆਈ
ਸਨਾਤਨ ਧਰਮ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ: ਸਮ੍ਰਿਤੀ ਇਰਾਨੀ
ਨਵੀਂ ਦਿੱਲੀ: ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਨਿ ਵੱਲੋਂ ਸਨਾਤਨ ਧਰਮ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦਾ ਜਾਪ ਇਨ੍ਹਾਂ ਉੱਚਾ ਹੋਵੇ ਕਿ ਉਹ ਸਨਾਤਨ ਧਰਮ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸੁਣਾਈ ਦੇਵੇ। ਉਨ੍ਹਾਂ ਕਿਹਾ,‘‘ਜਦੋਂ ਤੱਕ ਭਗਤ ਜਿਊਂਦੇ ਹਨ ਤਾਂ ਕੋਈ ਵੀ ਸਾਡੇ ਧਰਮ ਅਤੇ ਵਿਸ਼ਵਾਸ ਨੂੰ ਚੁਣੌਤੀ ਨਹੀਂ ਦੇ ਸਕਦਾ।’’ ਉਨ੍ਹਾਂ ਜਨਮਅਸ਼ਟਮੀ ਮੌਕੇ ਦਵਾਰਕਾ ਦੇ ਇਕ ਸਮਾਗਮ ’ਚ ਹਿੱਸਾ ਲੈਂਦਿਆਂ ਉਦੈਨਿਧੀ ਦੀ ਹਮਾਇਤ ਕਰਨ ਵਾਲਿਆਂ ’ਤੇ ਵੀ ਨਿਸ਼ਾਨਾ ਸੇਧਿਆ। -ਏਐੱਨਆਈ
ਉਦੈਨਿਧੀ ਤੇ ਏ ਰਾਜਾ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ
ਨਵੀਂ ਦਿੱਲੀ: ਤਾਮਿਲ ਨਾਡੂ ਦੇ ਮੰਤਰੀ ਉਦੈਨਿਧੀ ਸਟਾਲਨਿ ਵੱਲੋਂ ਸਨਾਤਨ ਧਰਮ ਬਾਰੇ ਟਿੱਪਣੀ ਕੀਤੇ ਜਾਣ ਮਗਰੋਂ ਭਖਵੀਂ ਬਹਿਸ ਛਿੜਨ ਵਿਚਾਲੇ ਅੱਜ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੇ ਜਾਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਰ ਨੇ ਸਨਾਤਨ ਧਰਮ ’ਤੇ ਟਿੱਪਣੀਆਂ ਲਈ ਡੀਐੱਮਕੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਏ ਰਾਜਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ ਹੈ। ਐਡਵੋਕੇਟ ਵਨਿੀਤ ਜਿੰਦਲ ਵੱਲੋਂ ਸੁਪਰੀਮ ਕੋਰਟ ’ਚ ਦਾਇਰ ਕੀਤੀ ਪਟੀਸ਼ਨ ’ਚ ਦਿੱਲੀ ਤੇ ਚੇਨੱਈ ਪੁਲੀਸ ਖ਼ਿਲਾਫ਼ ਹੱਤਕ ਦਾ ਨੋਟਿਸ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ ਹੈ। ਪਟੀਸ਼ਨਰ ਨੇ ਪੁਲੀਸ ’ਤੇ ਨਫਰਤ ਫੈਲਾਉਣ ਵਾਲੇ ਭਾਸ਼ਣ ਦੇ ਮਾਮਲੇ ’ਚ ਸਿਖਰਲੀ ਅਦਾਲਤ ਦੇ ਨਿਰਦੇਸ਼ ਲਾਗੂ ਨਾ ਕਰਨ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਸਾਲ 28 ਅਪਰੈਲ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਜੇਕਰ ਨਫਰਤੀ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਵੀ ਦਿੰਦਾ ਤਾਂ ਵੀ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ। ਪਟੀਸ਼ਨਰ ਨੇ ਮੰਗ ਕੀਤੀ ਕਿ ਪੁਲੀਸ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਉਦੈਨਿਧੀ ਸਟਾਲਨਿ ਤੇ ਰਾਜਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਵੇ। -ਪੀਟੀਆਈ