ਉਦੈਪੁਰ ਹੱਤਿਆ ਕਾਂਡ: ਕੇਂਦਰ ਨੇ ਜਾਂਚ ਐੱਨਆਈਏ ਨੂੰ ਸੌਂਪੀ : The Tribune India

ਉਦੈਪੁਰ ਹੱਤਿਆ ਕਾਂਡ: ਕੇਂਦਰ ਨੇ ਜਾਂਚ ਐੱਨਆਈਏ ਨੂੰ ਸੌਂਪੀ

ਗ੍ਰਹਿ ਮੰਤਰਾਲੇ ਵੱਲੋਂ ਹੱਤਿਆ ਪਿੱਛੇ ਦਹਿਸ਼ਤੀ ਸੰਗਠਨ ਤੇ ਅੰਤਰਰਾਸ਼ਟਰੀ ਸ਼ਮੂਲੀਅਤ ਦਾ ਪਤਾ ਲਗਾਉਣ ਦੇ ਨਿਰਦੇਸ਼

ਉਦੈਪੁਰ ਹੱਤਿਆ ਕਾਂਡ: ਕੇਂਦਰ ਨੇ ਜਾਂਚ ਐੱਨਆਈਏ ਨੂੰ ਸੌਂਪੀ

ਉਦੈਪੁਰ ’ਚ ਕੱਨ੍ਹਈਆ ਲਾਲ ਦੀਆਂ ਅੰਤਿਮ ਰਸਮਾਂ ਦੌਰਾਨ ਜੁੜੇ ਲੋਕ। -ਫੋਟੋ: ਪੀਟੀਆਈ

ਨਵੀਂ ਦਿੱਲੀ/ਜੈਪੁਰ, 29 ਜੂਨ

ਮੁੱਖ ਅੰਸ਼

  • ਮੁਲਜ਼ਮਾਂ ਖਿਲਾਫ਼ ਯੂਏਪੀਏ ਤਹਿਤ ਕੇਸ ਦਰਜ
  • ਇਕ ਮੁਲਜ਼ਮ ਦਾ ਪਾਕਿ ਆਧਾਰਿਤ ਦਵਾਤ-ਏ-ਇਸਲਾਮੀ ਨਾਲ ਸਬੰਧ ਹੋਣ ਦਾ ਦਾਅਵਾ

ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਸਥਾਨ ਦੇ ਉਦੈਪੁਰ ਵਿੱਚ ਦਰਜ਼ੀ ਦਾ ਬੇਰਹਿਮੀ ਨਾਲ ਸਿਰ ਕਲਮ ਕਰਨ ਨਾਲ ਜੁੜੇ ਕੇਸ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪ ਦਿੱਤੀ ਹੈ। ਮੰਤਰਾਲੇ ਨੇ ਜੰਸੀ ਨੂੰ ਇਸ ਮਾਮਲੇ ਵਿੱਚ ਕਿਸੇ ਦਹਿਸ਼ਤੀ ਸੰਗਠਨ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੋਂ ਫੌਰੀ ਮਗਰੋਂ ਐੱਨਆਈਏ ਨੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂੲੇਪੀਏ) ਤਹਿਤ ਕੇਸ ਦਰਜ ਕਰਕੇ ਰਸਮੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਡੀਆਈਜੀ ਰੈਂਕ ਦੇ ਅਧਿਕਾਰੀ ਦੀ ਅਗਵਾਈ ’ਚ ਟੀਮ ਅੱਜ ਸ਼ਾਮੀਂ ਉਦੈਪੁਰ ਪੁੱਜ ਗਈ ਹੈ। ਉਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਦੈਪੁਰ ਵਿੱਚ ਦਿਨ-ਦਿਹਾੜੇ ਕੀਤਾ ਗਿਆ ਇਹ ਕਤਲ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਐੱਨਆਈਏ ਨੂੰ ਕੇਸ ਦੀ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਕਨ੍ਹੱਈਆ ਲਾਲ ਦੇ ਪਰਿਵਾਰਕ ਮੈਂਬਰ ਵਿਰਲਾਪ ਕਰਦੇ ਹੋਏ। -ਫੋਟੋ: ਪੀਟੀਆਈ

ਐੱਨਆਈਏ ਨੇ ਕਿਹਾ ਕਿ ਕਾਤਲਾਂ ਦਾ ਇਸ ਪੂਰੀ ਘਟਨਾ ਦੀ ਵੀਡੀਓ ਵਾਇਰਲ ਕਰਨ ਪਿਛਲਾ ਅਸਲ ਮੰਤਵ ‘ਦੇਸ਼ ਦੇ ਲੋਕਾਂ ਵਿੱਚ ਡਰ ਪੈਦਾ ਕਰਨਾ ਸੀ।’ ਏਜੰਸੀ ਦੇ ਤਰਜਮਾਨ ਨੇ ਕਿਹਾ ਕਿ ਐੱਨਆਈਏ ਟੀਮਾਂ ਉਦੈਪੁਰ ਪਹੁੰਚ ਗਈਆਂ ਹਨ ਤੇ ਕੇਸ ਦੀ ਜਾਂਚ ਲਈ ਲੋੜੀਂਦੀ ਕਾਰਵਾਈ ਵਿੱਢ ਦਿੱਤੀ ਹੈ। ਐੱਨਆਈੲੇ ਨੇ ਕੇਸ ਵਿੱਚ ਆਈਪੀਸੀ ਤੇ ਯੂੲੇਪੀਏ ਦੀਆਂ ਕਈ ਧਾਰਾਵਾਂ ਜੋੜੀਆਂ ਹਨ। ਉਦੈਪੁਰ ਵਿੱਚ ਹਾਲਾਤ ਦੀ ਸਮੀਖਿਆ ਲਈ ਸੱਦੀ ਉੱਚ ਪੱਧਰੀ ਮੀਟਿੰਗ ਮਗਰੋਂ ਮੁੱਖ ਮੰਤਰੀ ਗਹਿਲੋਤ ਨੇ ਦੱਸਿਆ ਕਿ ਉਦੈਪੁਰ ਹੱਤਿਆ ਕਾਂਡ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਕਾਬੂ ਕਰਨ ਵਾਲੇ ਪੰਜ ਪੁਲੀਸ ਮੁਲਾਜ਼ਮਾਂ- ਤੇਜਪਾਲ, ਨਰਿੰਦਰ, ਸ਼ੌਕਤ, ਵਿਕਾਸ ਤੇ ਗੌਤਮ ਨੂੰ ਸਮੇਂ ਤੋਂ ਪਹਿਲਾਂ ਤਰੱਕੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਧਰ ਡੀਜੀਪੀ ਐੱਮ.ਐੱਲ.ਲਾਠੇਰ ਨੇ ਦਾਅਵਾ ਕੀਤਾ ਕਿ ਇਕ ਮੁਲਜ਼ਮ ਦਾ ਪਾਕਿਸਤਾਨ ਆਧਾਰਿਤ ਦਵਾਤ-ਏ-ਇਸਲਾਮੀ ਜਥੇਬੰਦੀ ਨਾਲ ਸਬੰਧ ਹੈ ਤੇ ਉਹ 2014 ਵਿੱਚ ਕਰਾਚੀ ਗਿਆ ਸੀ। ਪੁਲੀਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕਾਬਿਲੇਗੌਰ ਹੈ ਕਿ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਬਿਆਨ ਦੇਣ ਵਾਲੀ ਭਾਜਪਾ ਤਰਜਮਾਨ ਨੂਪੁਰ ਸ਼ਰਮਾ ਦੀ ਹਮਾਇਤ ਕਰਨ ਵਾਲੇ ਉਦੈਪੁਰ ਦੇ ਇਕ ਦਰਜ਼ੀ ਕਨ੍ਹੱਈਆ ਲਾਲ ਦੀ ਦੋ ਵਿਅਕਤੀਆਂ ਨੇ ਮੰਗਲਵਾਰ ਨੂੰ ਧਾਨ ਮੰਡੀ ਇਲਾਕੇ ਵਿਚਲੀ ਉਸ ਦੀ ਦੁਕਾਨ ਵਿੱਚ ਗ਼ਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਕਾਤਲਾਂ ਨੇ ਮਗਰੋਂ ਇਸ ਪੂਰੀ ਘਟਨਾ ਦੀ ਵੀਡੀਓ ਆਨਲਾਈਨ ਪੋਸਟ ਕਰਕੇ ਦਾਅਵਾ ਕੀਤਾ ਕਿ ਉਨ੍ਹਾਂ ਇਸਲਾਮ ਦੀ ਬੇਇੱਜ਼ਤੀ ਦਾ ਬਦਲਾ ਲਿਆ ਹੈ। ਮੁਲਜ਼ਮਾਂ ਰਿਆਜ਼ ਅਖ਼ਤਾਰੀ ਤੇ ਗਾਊਸ ਮੁਹੰਮਦ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ

ਮੁਸਲਿਮ ਜਥੇਬੰਦੀਆਂ ਵੱਲੋਂ ਨਿਖੇਧੀ

ਨਵੀਂ ਦਿੱਲੀ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਤੇ ਜਮਾਇਤ ਉਲੇਮਾ-ਏ-ਹਿੰਦ ਸਣੇ ਕਈ ਉੱਘੀਆਂ ਮੁਸਲਿਮ ਜਥੇਬੰਦੀਆਂ ਨੇ ਉਦੈਪੁਰ ਵਿੱਚ ਦਰਜੀ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਨਿਖੇਧੀ ਕਰਦਿਆਂ ਇਸ ਨੂੰ ‘ਗੈਰ-ਇਸਲਾਮਿਕ’ ਦੱਸਿਆ ਹੈ। ਜਥੇਬੰਦੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ’ਚ ਲੈਣ ਦਾ ਅਧਿਕਾਰ ਨਹੀਂ ਹੈ। ਉਧਰ ਦਿੱਲੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸੱਯਦ ਅਹਿਮਦ ਬੁਖਾਰੀ ਨੇ ਹੱਤਿਆ ਨੂੰ ‘ਬੁਜ਼ਦਿਲਾਨਾ ਕਾਰਵਾਈ’ ਤੇ ‘ਇਸਲਾਮ ਵਿਰੁੱਧ ਕਾਰਵਾਈ’ ਕਰਾਰ ਦਿੱਤਾ ਹੈ।

ਗਹਿਲੋਤ ਸਰਕਾਰ ਨੂੰ ਆਪਣੇ ‘ਰਾਜ ਧਰਮ’ ਬਾਰੇ ਪਤੈ: ਕਾਂਗਰਸ

ਨਵੀਂ ਦਿੱਲੀ: ਇਕ ਖਾਸ ਵਰਗ ਨੂੰ ਪਤਿਆਉਣ ਦੇ ਲਾਏ ਦੋਸ਼ਾਂ ਲਈ ਭਾਜਪਾ ’ਤੇ ਮੋੜਵਾਂ ਵਾਰ ਕਰਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਆਪਣੇ ‘ਰਾਜ ਧਰਮ’ ਨੂੰ ਲੈ ਕੇ ਜਾਗਰੂਕ ਹੈ ਅਤੇ ਦਰਜ਼ੀ ਦੇ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ਵਿੱਚ ਕਾਰਵਾਈ ਧਰਮ ਜਾਂ ਜਾਤ ਤੋਂ ਉਪਰ ਉੱਠ ਕੇ ਕਾਨੂੰਨ ਮੁਤਾਬਕ ਕੀਤੀ ਜਾਵੇਗੀ।

ਕਨ੍ਹੱਈਆ ਲਾਲ ਦੀ ਹੱਤਿਆ ‘ਦਹਿਸ਼ਤੀ ਹਮਲਾ’: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਨ੍ਹੱਈਆ ਲਾਲ ਦੀ ਹੱਤਿਆ ਨੂੰ ਮਹਿਜ਼ ਕਤਲ ਨਹੀਂ, ਬਲਕਿ ‘ਦਹਿਸ਼ਤੀ ਹਮਲਾ’ ਕਰਾਰ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ਇਸ ਭਿਆਨਕ ਅਪਰਾਧ ਲਈ ਰਾਜਸਥਾਨ ਦੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਗਹਿਲੋਤ ਸਰਕਾਰ ਦੀ ਇਕ ਖਾਸ ਫ਼ਿਰਕੇ ਨੂੰ ਪਤਿਆਉਣ ਦੀ ਨੀਤੀ ਕਰਕੇ ਸੂਬੇ ਵਿੱਚ ਦਹਿਸ਼ਤੀ ਜਥੇਬੰਦੀਆਂ ਵਧ-ਫੁਲ ਰਹੀਆਂ ਹਨ। -ਪੀਟੀਆਈ

ਨਫ਼ਰਤੀ ਅਪਰਾਧਾਂ ਲਈ ਜ਼ਿੰਮੇਵਾਰਾਂ ਨੂੰ ਬਖ਼ਸ਼ਿਆ ਨਾ ਜਾਵੇ: ਐਮਨੈਸਟੀ

ਨਵੀਂ ਦਿੱਲੀ: ਰਾਜਸਥਾਨ ਦੇ ਉਦੈਪੁਰ ਵਿਚ ਦਰਜੀ ਦੀ ਹੱਤਿਆ ਦੇ ਮਾਮਲੇ ਉਤੇ ਪ੍ਰਤੀਕਿਰਿਆ ਦਿੰਦਿਆਂ ਅੱਜ ‘ਐਮਨੈਸਟੀ ਇੰਟਰਨੈਸ਼ਨਲ’ ਨੇ ਕਿਹਾ ਕਿ ਭਾਰਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਫ਼ਰਤੀ ਅਪਰਾਧਾਂ ਲਈ ਜ਼ਿੰਮੇਵਾਰ ਕਿਸੇ ਨੂੰ ਵੀ ਬਖ਼ਸ਼ਿਆ ਨਾ ਜਾਵੇ। ਐਮਨੈਸਟੀ ਇੰਡੀਆ ਦੇ ਚੇਅਰ ਆਫ਼ ਬੋਰਡ ਆਕਾਰ ਪਟੇਲ ਨੇ ਕਿਹਾ ਕਿ ਅਜਿਹੇ ਕਿਸੇ ਵੀ ਹਮਲੇ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ। -ਪੀਟੀਆਈ

ਕਨ੍ਹੱਈਆ ਲਾਲ ਦਾ ਸਖ਼ਤ ਸੁਰੱਖਿਆ ਹੇਠ ਸਸਕਾਰ

ਉਦੈਪੁਰ: ਦਰਜੀ ਕਨ੍ਹੱਈਆ ਲਾਲ ਦਾ ਅੱਜ ਇਥੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਲੋਕ ਮੌਜੂਦ ਸਨ। ਹਾਲਾਂਕਿ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਕਰਫਿਊ ਜਾਰੀ ਰਿਹਾ। ਲਾਲ ਦੀ ਇਥੇ ਸੈਕਟਰ 14 ਸਥਿਤ ਰਿਹਾਇਸ਼ ਤੋਂ ਅਸ਼ੋਕ ਨਗਰ ਸਥਿਤ ਸ਼ਮਸ਼ਾਨਘਾਟ ਲਈ ਕੱਢੀ ਅੰਤਿਮ ਯਾਤਰਾ ਮੌਕੇ ਅਮਨ ਤੇ ਕਾਨੂੰਨ ਕਾਇਮ ਰੱਖਣ ਲਈ ਵੱਡੀ ਗਿਣਤੀ ਪੁਲੀਸ ਅਮਲਾ ਤਾਇਨਾਤ ਰਿਹਾ। ਲਾਲ ਦੀ ਚਿਤਾ ਨੂੰ ਅਗਨੀ ਦੇਣ ਮਗਰੋਂ ਉਥੇ ਮੌਜੂਦ ਲੋਕਾਂ ਨੇ ‘ਕਨ੍ਹੱਈਆ ਲਾਲ ਅਮਰ ਰਹੇ’ ਦੇ ਨਾਅਰੇ ਲਾਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All