ਸ੍ਰੀਨਗਰ, 13 ਜੁਲਾਈ
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ ਦੋ ਦਹਿਸ਼ਤਗਰਦ ਮਾਰੇ ਗਏ। ਪੁਲੀਸ ਸੂਤਰਾਂ ਨੇ ਕਿਹਾ ਕਿ ਮੁਕਾਬਲਾ ਅੱਜ ਸਵੇਰੇ ਸਿਰਹਾਮਾ ਨਜ਼ਦੀਕ ਹੋਇਆ। ਪੁਲੀਸ ਤੇ ਫੌਜ ਦੀ ਸਾਂਝੀ ਕਾਰਵਾਈ ਦੌਰਾਨ ਮਾਰੇ ਗਏ ਦਹਿਸ਼ਤਗਰਦਾਂ ’ਚੋਂ ਇਕ ਮੁਕਾਮੀ ਜਦੋਂਕਿ ਦੂਜਾ ਪਾਕਿਸਤਾਨ ਨਾਲ ਸਬੰਧਤ ਹੈ। ਪੁਲੀਸ ਨੇ ਮੌਕੇ ਤੋਂ ਹਥਿਆਰ ਤੇ ਹੋਰ ਗੋਲੀਸਿੱਕਾ ਵੀ ਬਰਾਮਦ ਕੀਤਾ ਹੈ। ਮਾਰੇ ਗਏ ਪਾਕਿਸਤਾਨੀ ਦਹਿਸ਼ਤਗਰਦ ਦੀ ਪਛਾਣ ਨਾਸਿਰ ਉਰਫ਼ ਸ਼ਾਹਬਾਜ਼ ਉਰਫ਼ ਬਾਜ਼ ਬਾਈ ਵਜੋਂ ਦੱਸੀ ਗਈ ਹੈ। ਪੁਲੀਸ ਤਰਜਮਾਨ ਨੇ ਕਿਹਾ ਕਿ ਉਹ ‘ਏ’ ਸ਼੍ਰੇਣੀ ਦਾ ਦਹਿਸ਼ਤਗਰਦ ਸੀ। ਮੁਕਾਬਲੇ ਦੌਰਾਨ ਇਕ ਮਹਿਲਾ ਵੀ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਤਬਦੀਲ ਕਰ ਦਿੱਤਾ ਗਿਆ ਹੈ।