ਕ੍ਰਿਸ਼ਨੂੰ ਸ਼ਾਰਦਾ ਦੇ ਸੰਪਰਕ ’ਚ ਸਨ ਦੋ ਦਰਜਨ ਅਫ਼ਸਰ
ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰ ਤੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਕਰੀਬੀ ਕ੍ਰਿਸ਼ਨੂੰ ਸ਼ਾਰਦਾ ਦੇ ਭੇਤਾਂ ਦਾ ਪਰਦਾਫਾਸ਼ ਹੋਣਾ ਸ਼ੁਰੂ ਹੋ ਗਿਆ ਹੈ। ਸੀ ਬੀ ਆਈ ਦੀ ਲਗਾਤਾਰ ਪੁੱਛ-ਪੜਤਾਲ ਅਤੇ ਉਸ ਦੇ ਡਿਜੀਟਲ ਟਰੇਲ ਦੀ ਫੋਰੈਂਸਿਕ ਜਾਂਚ ਤੋਂ ਪੰਜਾਬ ਦੇ ਸੱਤਾਧਾਰੀ ਹਲਕਿਆਂ ’ਚ ਵਧ-ਫੁਲ ਰਹੇ ‘ਸੁਰੱਖਿਆ ਲਈ ਭੁਗਤਾਨ’ ਨੈੱਟਵਰਕ ਦਾ ਖ਼ੁਲਾਸਾ ਹੋਇਆ ਹੈ। ਜਾਂਚ ਨਾਲ ਜੁੜੇ ਸੂਤਰਾਂ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਸ਼ਾਰਦਾ ਦੇ ਫੋਨਾਂ, ਚੈਟ ਰਿਕਾਰਡਾਂ ਅਤੇ ਨਿੱਜੀ ਡਾਇਰੀ ਤੋਂ ਭੇਤ ਖੁੱਲ੍ਹਿਆ ਹੈ ਕਿ ਦੋ ਦਰਜਨ ਸੀਨੀਅਰ ਆਈ ਏ ਐੱਸ ਅਤੇ ਆਈ ਪੀ ਐੱਸ ਅਧਿਕਾਰੀ ਰੋਜ਼ਾਨਾ ਉਸ ਦੇ ਸੰਪਰਕ ’ਚ ਸਨ। ਇਸ ਤੋਂ ਇਲਾਵਾ ਸੂਬੇ ਦੇ ਸਿਵਲ ਅਤੇ ਪੁਲੀਸ ਅਧਿਕਾਰੀਆਂ ਦੀ ਲੰਬੀ ਸੂਚੀ ਵੀ ਸਾਹਮਣੇ ਆਈ ਹੈ। ਸੀਨੀਅਰ ਅਫ਼ਸਰਾਂ ਅਤੇ ਆਗੂਆਂ ਨਾਲ ਜੁੜੇ ਕਈ ਸਰਕਾਰੀ ਅਤੇ ਨਿੱਜੀ ਮੁਲਾਜ਼ਮਾਂ ਦੀ ਵੀ ਸ਼ਾਰਦਾ ਦੇ ‘ਸਰੋਤ’ ਵਜੋਂ ਪਛਾਣ ਹੋਈ ਹੈ ਜੋ ਸਰਕਾਰੀ ਹੁਕਮਾਂ ਅਤੇ ਨੋਟੀਫਿਕੇਸ਼ਨਾਂ ਬਾਰੇ ਜਾਣਕਾਰੀ ਅਗਾਊਂ ਹੀ ਲੀਕ ਕਰ ਦਿੰਦੇ ਸਨ। ਕ੍ਰਿਸ਼ਨੂੰ ਇਸ ਜਾਣਕਾਰੀ ਨੂੰ ਕਥਿਤ ਤੌਰ ’ਤੇ ਬਲੈਕਮੇਲ, ਉਗਰਾਹੀ ਅਤੇ ਫਿਰੌਤੀ ਵਸੂਲਣ ਲਈ ਕਰਦਾ ਸੀ। ਉਹ ਗੁਪਤ ਚੈਨਲਾਂ ਰਾਹੀਂ ਇਸ ਬਾਰੇ ਆਪਣੇ ‘ਆਕਾਵਾਂ’ ਨਾਲ ਜਾਣਕਾਰੀ ਸਾਂਝੀ ਕਰਦਾ ਸੀ। ਅਧਿਕਾਰੀ ਨੇ ਕਿਹਾ, ‘‘ਉਸ ਨੇ ਆਪਣੇ ਆਪ ਨੂੰ ਅਜਿਹੇ ਵਿਅਕਤੀ ਵਜੋਂ ਪੇਸ਼ ਕੀਤਾ ਜੋ ਕਰੀਅਰ ਬਣਾ ਜਾਂ ਵਿਗਾੜ ਸਕਦਾ ਹੈ ਅਤੇ ਪੁਲੀਸ ਕਾਰਵਾਈ, ਤਬਾਦਲੇ, ਪੋਸਟਿੰਗ ਤੇ ਇੱਥੋਂ ਤੱਕ ਕਿ ਕਾਨੂੰਨੀ ਮਾਮਲਿਆਂ ਨੂੰ ਵੀ ਕੰਟਰੋਲ ਕਰ ਸਕਦਾ ਹੈ।’’ ਉਸ ਦਾ ਪ੍ਰਭਾਵ ਮੁਹਾਲੀ, ਰੋਪੜ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਆਪਣੇ ਗ੍ਰਹਿ ਨਗਰ ਨਾਭਾ ’ਚ ਵੀ ਸੀ। ਸੀ ਬੀ ਆਈ ਜਾਂਚ ’ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸ਼ਾਰਦਾ ਦੋ ਜਾਂ ਤਿੰਨ ਹੋਰ ਦਲਾਲਾਂ ਦੇ ਸੰਪਰਕ ’ਚ ਵੀ ਸੀ। ਬਿਨਾਂ ਕਿਸੇ ਅਧਿਕਾਰਤ ਮਨਜ਼ੂਰੀ ਜਾਂ ਅਹੁਦੇ ਦੇ ਚੰਡੀਗੜ੍ਹ ਸਥਿਤ ਪੰਜਾਬ ’ਚ ਸੱਤਾ ਦੇ ਗਲਿਆਰਿਆਂ ’ਚ ਉਸ ਦਾ ਆਉਣਾ-ਜਾਣਾ ਆਮ ਜਿਹੀ ਗੱਲ ਸੀ। ਹੁਣ ਇਸ ਮਾਮਲੇ ਨੂੰ ਸੁਰੱਖਿਆ ਅਤੇ ਖ਼ੁਫ਼ੀਆ ਭੇਤ ਲੀਕ ਹੋਣ ਦੀ ਗੰਭੀਰ ਉਲੰਘਣਾ ਵਜੋਂ ਵੀ ਦੇਖਿਆ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਸ਼ਾਰਦਾ ਹਾਕੀ ਖਿਡਾਰੀ ਵਜੋਂ ਉਭਰਿਆ ਸੀ ਅਤੇ ਉਹ ਪੰਜਾਬ ਪੁਲੀਸ ’ਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਖਾਹਿਸ਼ ਪੂਰੀ ਨਾ ਹੋਣ ’ਤੇ ਉਸ ਨੇ ਸਾਲ 2000 ਦੇ ਸ਼ੁਰੂ ’ਚ ਸਾਬਕਾ ਕ੍ਰਿਕਟਰ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਟੀਮ ਦਾ ਹਿੱਸਾ ਬਣ ਕੇ ਸਿਆਸੀ ਹਲਕਿਆਂ ਅੰਦਰ ਘੁਸਪੈਠ ਕੀਤੀ। ਬਾਅਦ ’ਚ ਉਸ ਨੇ ਕਈ ਪਾਰਟੀਆਂ ਅਤੇ ਅਫ਼ਸਰਾਂ ਨਾਲ ਸੰਪਰਕ ਬਣਾ ਲਏ ਸਨ। ਸੂਤਰ ਨੇ ਕਿਹਾ ਕਿ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਸਨ ਤਾਂ ਸਾਰੇ ਕ੍ਰਿਸ਼ਨੂੰ ਸ਼ਾਰਦਾ ਕੋਲ ਪਹੁੰਚ ਕਰਦੇ ਸਨ ਅਤੇ ਹੁਣ ਉਹ ਸਾਰੇ ਇਸ ਗੱਲੋਂ ਡਰ ਰਹੇ ਹਨ ਕਿ ਕ੍ਰਿਸ਼ਨੂੰ ਸ਼ਾਰਦਾ ਉਨ੍ਹਾਂ ਬਾਰੇ ਸਭ ਕੁਝ ਜਾਣਦਾ ਹੈ। ਸ਼ਾਰਦਾ ਦੀ ਗ੍ਰਿਫ਼ਤਾਰੀ ਨੇ ਅਫ਼ਸਰਾਂ, ਸਿਆਸੀ ਆਗੂਆਂ, ਕਾਰੋਬਾਰੀਆਂ ਅਤੇ ਇਥੋਂ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਉਹ 29 ਅਕਤੂਬਰ ਤੋਂ ਸੀ ਬੀ ਆਈ ਦੀ 9 ਦਿਨਾਂ ਹਿਰਾਸਤ ’ਚ ਹੈ ਪਰ ਉਹ ਜਾਂਚ ਅਧਿਕਾਰੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਅਹਿਮ ਸਵਾਲਾਂ ਤੋਂ ਬਚ ਰਿਹਾ ਹੈ।
ਹਰਚਰਨ ਭੁੱਲਰ ਦਾ ਪੰਜ ਰੋਜ਼ਾ ਸੀ ਬੀ ਆਈ ਰਿਮਾਂਡ
ਚੰਡੀਗੜ੍ਹ (ਆਤਿਸ਼ ਗੁਪਤਾ): ਸੀ ਬੀ ਆਈ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲੀਸ ਦੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਜਾਂਚ ਏਜੰਸੀ ਨੇ ਚੰਡੀਗੜ੍ਹ ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਹਰਚਰਨ ਭੁੱਲਰ ਦੇ ਰਿਮਾਂਡ ਦੀ ਮੰਗ ਲਈ ਅਰਜ਼ੀ ਦਾਇਰ ਕੀਤੀ ਸੀ। ਭੁੱਲਰ ਵੱਲੋਂ ਅਦਾਲਤ ’ਚ ਪੇਸ਼ ਹੋਏ ਵਕੀਲਾਂ ਐੱਚ ਐੱਸ ਧਨੋਆ ਅਤੇ ਆਰ ਪੀ ਐੱਸ ਬਾਰਾ ਨੇ ਰਿਮਾਂਡ ਦੀ ਮੰਗ ਦਾ ਵਿਰੋਧ ਕੀਤਾ। ਸੀ ਬੀ ਆਈ ਦੇ ਵਕੀਲ ਨੇ ਕਿਹਾ ਕਿ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਕ੍ਰਿਸ਼ਨੂੰ ਸ਼ਾਰਦਾ ਦੇ ਮੋਬਾਈਲ ਫੋਨ ਵਿੱਚ ਭੁੱਲਰ ਨਾਲ ਸਬੰਧਤ ਚੈਟ ਬਰਾਮਦ ਕੀਤੀ ਗਈ ਹੈ, ਜਿਸ ਦੀ ਜਾਂਚ ਕਰਨ ਦੀ ਲੋੜ ਹੈ। ਅੱਜ ਅਦਾਲਤ ਵਿੱਚ ਹਰਚਰਨ ਸਿੰਘ ਭੁੱਲਰ ਦੀ ਪੇਸ਼ੀ ਦੌਰਾਨ ਉਸ ਦੀ ਧੀ ਵੀ ਮੌਜੂਦ ਸੀ ਜਿਸ ਨੇ ਪਿਤਾ ਨਾਲ ਮੁਲਾਕਾਤ ਕੀਤੀ।
ਵਿਜੀਲੈਂਸ ਨੂੰ ਨਾ ਮਿਲਿਆ ਪ੍ਰੋਡਕਸ਼ਨ ਵਾਰੰਟ
ਐੱਸ ਏ ਐੱਸ ਨਗਰ (ਕਰਮਜੀਤ ਸਿੰਘ ਚਿੱਲਾ): ਮੁਹਾਲੀ ਦੀ ਸੀ ਜੀ ਐੱਮ ਅਦਾਲਤ ਵਿਚ ਸੀ ਬੀ ਆਈ ਨੇ ਅੱਜ ਬੁੜੈਲ ਜੇਲ੍ਹ ਵਿਚ ਬੰਦ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਸਬੰਧੀ ਦੋ ਪਟੀਸ਼ਨਾਂ ਦਾਇਰ ਕੀਤੀਆਂ। ਵਿਜੀਲੈਂਸ ਨੇ ਭੁੱਲਰ ਨੂੰ ਆਪਣੀ ਹਿਰਾਸਤ ਵਿਚ ਲੈਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਤਿੰਨ ਨਵੰਬਰ ਨੂੰ ਹੋਵੇਗੀ। ਸੀ ਬੀ ਆਈ ਅਤੇ ਵਿਜੀਲੈਂਸ ਦੇ ਵਕੀਲਾਂ ਦਰਮਿਆਨ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਬਹਿਸ ਵੀ ਹੋਈ। ਸੀ ਬੀ ਆਈ ਨੇ ਆਪਣੇ ਵਕੀਲਾਂ ਰਾਹੀਂ ਅਦਾਲਤ ਤੋਂ ਇਹ ਵੀ ਮੰਗ ਕੀਤੀ ਕਿ ਪੰਜਾਬ ਵਿਜੀਲੈਂਸ ਵੱਲੋਂ ਦਾਇਰ ਕੀਤੀ ਗਈ ਜਾਂ ਕੀਤੀ ਜਾਣ ਵਾਲੀ ਕਿਸੇ ਵੀ ਪਟੀਸ਼ਨ ਸਬੰਧੀ ਕੋਈ ਵੀ ਇਕਪਾਸੜ ਫ਼ੈਸਲਾ ਨਾ ਲਿਆ ਜਾਵੇ ਅਤੇ ਸੀ ਬੀ ਆਈ ਨੂੰ ਅਗਾਊਂ ਨੋਟਿਸ ਦੇ ਕੇ ਉਸ ਦਾ ਪੱਖ ਜ਼ਰੂਰ ਸੁਣਿਆ ਜਾਵੇ।
