ਦੋ ਬਰਤਾਨਵੀ ਨਾਗਰਿਕਾਂ ਨੂੰ ‘ਭਾਰਤ ਛੱਡੋ’ ਨੋਟਿਸ
ਜੈਪੁਰ: ਰਾਜਸਥਾਨ ਪੁਲੀਸ ਦੇ ਅਪਰਾਧ ਜਾਂਚ ਵਿਭਾਗ (ਸੀ ਆਈ ਡੀ) ਨੇ ਪੁਸ਼ਕਰ ਕਸਬੇ ਵਿੱਚ ਜਨਤਕ ਥਾਵਾਂ ’ਤੇ ਰਾਜਨੀਤਿਕ ਪੋਸਟਰ ਲਗਾਉਣ ਦੇ ਦੋਸ਼ ਹੇਠ ਦੋ ਬਰਤਾਨਵੀ ਨਾਗਰਿਕਾਂ ਨੂੰ ‘ਭਾਰਤ ਛੱਡੋ’ ਨੋਟਿਸ ਜਾਰੀ ਕੀਤਾ ਹੈ। ਪੁਸ਼ਕਰ ਦੀਆਂ ਕਈ ਥਾਵਾਂ ’ਤੇ 21 ਜਨਵਰੀ...
ਜੈਪੁਰ: ਰਾਜਸਥਾਨ ਪੁਲੀਸ ਦੇ ਅਪਰਾਧ ਜਾਂਚ ਵਿਭਾਗ (ਸੀ ਆਈ ਡੀ) ਨੇ ਪੁਸ਼ਕਰ ਕਸਬੇ ਵਿੱਚ ਜਨਤਕ ਥਾਵਾਂ ’ਤੇ ਰਾਜਨੀਤਿਕ ਪੋਸਟਰ ਲਗਾਉਣ ਦੇ ਦੋਸ਼ ਹੇਠ ਦੋ ਬਰਤਾਨਵੀ ਨਾਗਰਿਕਾਂ ਨੂੰ ‘ਭਾਰਤ ਛੱਡੋ’ ਨੋਟਿਸ ਜਾਰੀ ਕੀਤਾ ਹੈ। ਪੁਸ਼ਕਰ ਦੀਆਂ ਕਈ ਥਾਵਾਂ ’ਤੇ 21 ਜਨਵਰੀ ਨੂੰ ਇਜ਼ਰਾਈਲ-ਫਲਸਤੀਨ ਟਕਰਾਅ ਨਾਲ ਸਬੰਧਤ ਪੋਸਟਰ ਦਿਖਾਈ ਦੇਣ ਦੀਆਂ ਰਿਪੋਰਟਾਂ ਮਿਲਣ ਮਗਰੋਂ ਇਨ੍ਹਾਂ ਦੋਵਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਪੋਸਟਰਾਂ ’ਤੇ ‘ਫਲਸਤੀਨ ਨੂੰ ਆਜ਼ਾਦ ਕਰੋ, ਇਜ਼ਰਾਈਲ ਦਾ ਬਾਈਕਾਟ ਕਰੋ’ ਵਰਗੇ ਸੁਨੇਹੇ ਲਿਖੇ ਹੋਏ ਸਨ। - ਪੀਟੀਆਈ
ਉਤਰਾਖੰਡ ਬੱਸ ਹਾਦਸੇ ’ਚ 3 ਹਲਾਕ
ਦੇਹਰਾਦੂਨ: ਉਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਦੇ ਕਲਸੀ ਖੇਤਰ ਵਿੱਚ ਬੱਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਦੋ ਔਰਤਾਂ ਸਮੇਤ ਤਿੰਨ ਯਾਤਰੀਆਂ ਦੀ ਮੌਤ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਹਾਦਸਾ ਮੀਨਾਕ ਰੋਡ ’ਤੇ ਕੁਆਨੂ ਨੇੜੇ ਵਾਪਰਿਆ। ਹਿਮਾਚਲ ਰੋਡਵੇਜ਼ ਦੀ ਇਸ ਬੱਸ ਵਿੱਚ 30 ਤੋਂ ਵੱਧ ਯਾਤਰੀ ਸਵਾਰ ਸਨ। ਘਟਨਾ ਦੀ ਸੂਚਨਾ ਮਿਲਣ ਮਗਰੋਂ ਡਾਕਪੱਥਰ, ਚਕਰਾਤਾ, ਮੋਰੀ ਅਤੇ ਤਿਊਨੀ ਵਿੱਚ ਤਾਇਨਾਤ ਐੱਸ ਡੀ ਆਰ ਐੱਫ ਟੀਮਾਂ ਨੂੰ ਬਚਾਅ ਅਤੇ ਰਾਹਤ ਕਾਰਜਾਂ ਲਈ ਹਾਦਸੇ ਵਾਲੀ ਥਾਂ ਵੱਲ ਰਵਾਨਾ ਕੀਤਾ ਗਿਆ। -ਪੀਟੀਆਈ
ਈ-ਸਾਈਕਲ ਵੰਡਣ ਦਾ ਰਿਕਾਰਡ ਬਣਾਇਆ
ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ 24 ਘੰਟਿਆਂ ਦੌਰਾਨ ਲਗਪਗ 4,000 ਸੁਪਰ ਸਾਈਕਲ (ਈ-ਸਾਈਕਲ) ਵੰਡ ਕੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਮੁੱਖ ਮੰਤਰੀ ਨੇ ਆਪਣੇ ਹਲਕੇ ਕੁੱਪਮ ਦੇ ਹਾਲੀਆ ਦੌਰੇ ਦੌਰਾਨ ਕੁੱਲ 5,555 ਈ-ਸਾਈਕਲਾਂ ਵਿੱਚੋਂ 3,742 ਸਾਈਕਲਾਂ ਸਿਰਫ਼ 24 ਘੰਟਿਆਂ ਅੰਦਰ ਵੰਡ ਦਿੱਤੀਆਂ। ਇਹ ਰਿਕਾਰਡ 5,555 ਸੁਪਰ ਸਾਈਕਲਾਂ ਦੀ ਵੰਡ ਮੁਹਿੰਮ ਦੌਰਾਨ ਬਣਿਆ ਜਿਸ ਵਿੱਚੋਂ 3,742 ਸਾਈਕਲਾਂ ਇੱਕ ਹੀ ਦਿਨ ਵਿੱਚ ਵੰਡੀਆਂ ਗਈਆਂ। -ਪੀਟੀਆਈ
ਭਾਰਤ ਤੇ ਭੂਟਾਨ ਬਿਜਲੀ ਖੇਤਰ ’ਚ ਸਹਿਯੋਗ ਵਧਾਉਣਗੇ
ਨਵੀਂ ਦਿੱਲੀ: ਭਾਰਤ ਅਤੇ ਭੂਟਾਲ ਬਿਜਲੀ ਖੇਤਰ ਵਿੱਚ ਸਹਿਯੋਗ ਵਧਾਉਣਗੇ। ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਆਂਢੀ ਮੁਲਕ ਦੇ ਵਫ਼ਦ ਨੇ ਕੌਮੀ ਰਾਜਧਾਨੀ ਵਿੱਚ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਹੈ। ਬਿਜਲੀ ਮੰਤਰਾਲੇ ਨੇ ਕਿਹਾ ਕਿ ਭੂਟਾਨ ਦੇ ਊਰਜਾ ਅਤੇ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਲਿਓਨਪੋ ਜੈੱਮ ਸ਼ੇਰਿੰਗ ਨੇ ਬਿਜਲੀ ਖੇਤਰ ਵਿੱਚ ਸਹਿਯੋਗ ਲਈ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ। ਮੰਤਰਾਲੇ ਨੇ ਕਿਹਾ, ‘‘ਗੱਲਬਾਤ ਦੌਰਾਨ, ਦੋਵਾਂ ਧਿਰਾਂ ਨੇ ਪੁਨਾਤਸਾਂਗਛੂ-2 ਹਾਈਡਰੋਇਲੈਕਟ੍ਰਿਕ ਪ੍ਰਾਜੈਕਟ (1020 ਮੈਗਾਵਾਟ) ਤੋਂ ਬਿਜਲੀ ਉਤਪਾਦਨ ਦੇ ਵਪਾਰ ਬਾਰੇ ਚਰਚਾ ਕੀਤੀ।’’ -ਪੀਟੀਆਈ
ਈ ਡੀ ਦੀ ਪਟੀਸ਼ਨ ’ਤੇ ਸੁਣਵਾਈ 10 ਤੱਕ ਮੁਲਤਵੀ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਿਆਸੀ ਸਲਾਹਕਾਰ ਫਰਮ ‘ਆਈ-ਪੈਕ’ ਦੇ ਦਫ਼ਤਰ ਤੇ ਇਸ ਦੇ ਡਾਇਰੈਕਟਰ ਪ੍ਰਤੀਕ ਜੈਨ ਦੇ ਟਿਕਾਣਿਆਂ ’ਤੇ ਕਥਿਤ ਕੋਲਾ ਚੋਰੀ ਘੁਟਾਲੇ ਦੇ ਸਬੰਧ ਵਿਚ ਛਾਪੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਸਣੇ ਪੱਛਮੀ ਬੰਗਾਲ ਸਰਕਾਰ ਵੱਲੋਂ ਕਥਿਤ ਅੜਿੱਕੇ ਡਾਹੁਣ ਦਾ ਦਾਅਵਾ ਕਰਦੀ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਪਟੀਸ਼ਨ ’ਤੇ ਸੁਣਵਾਈ 10 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਈ ਡੀ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ ਹਲਫ਼ਨਾਮਾ ਦਾਖ਼ਲ ਕੀਤਾ ਹੈ ਤੇ ਹੋਰ ਸਮਾਂ ਮੰਗਿਆ ਹੈ। ਇਸ ਮਗਰੋਂ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਜਸਟਿਸ ਐੱਨ ਵੀ ਅੰਜਾਰੀਆ ਦੇ ਬੈਂਚ ਨੇ ਸੁਣਵਾਈ ਮੁਲਤਵੀ ਕਰ ਦਿੱਤੀ। -ਪੀਟੀਆਈ
ਮਹਾਤਮਾ ਗਾਂਧੀ ਦਾ ਬੁੱਤ ਚੋਰੀ ਕਰਨ ਦੀ ਨਿਖੇਧੀ
ਨਵੀਂ ਦਿੱਲੀ: ਭਾਰਤ ਨੇ ਮੈਲਬਰਨ ਵਿੱਚ ਆਸਟਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ ਵਿੱਚੋਂ ਮਹਾਤਮਾ ਗਾਂਧੀ ਦਾ ਬੁੱਤ ਚੋਰੀ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਬਰਾਮਦ ਕਰਵਾਉਣ ਲਈ ਫੌਰੀ ਕਾਰਵਾਈ ਦੀ ਮੰਗ ਕੀਤੀ। ਆਸਟਰੇਲੀਅਨ ਮੀਡੀਆ ਅਨੁਸਾਰ, ਮੈਲਬਰਨ ਦੇ ਰੋਵਿਲ ਚ ਕਮਿਊਨਿਟੀ ਸੈਂਟਰ ਵਿੱਚੋਂ 12 ਜਨਵਰੀ ਨੂੰ ਸਵੇਰੇ ਕਾਂਸੀ ਦਾ ਬੁੱਤ ਕਥਿਤ ਤੌਰ ’ਤੇ ਹਟਾ ਦਿੱਤਾ ਗਿਆ ਸੀ। ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ ਅਤੇ ਹਟਾਉਣ ਦੀ ਨਿਖੇਧੀ ਕਰਦੀ ਹੈ। -ਪੀਟੀਆਈ

