ਜੰਮੂ, 27 ਨਵੰਬਰ
ਪਾਕਿਸਤਾਨ ਫੌਜ ਵਲੋਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਵਿੱਚ ਕੰਟਰੋਲ ਰੇਖਾ ਨੇੜੇ ਕੀਤੀ ਭਾਰੀ ਗੋਲਾਬਾਰੀ ’ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਰੱਖਿਆ ਤਰਜਮਾਨ ਨੇ ਕਿਹਾ, ‘‘ਪਾਕਿਸਤਾਨੀ ਫੌਜ ਨੇ ਅੱਜ ਜ਼ਿਲ੍ਹਾ ਰਾਜੌਰੀ ਦੇ ਸੁੰਦਰਬਨੀ ਸੈਕਟਰ ਵਿੱਚ ਕੰਟਰੋਲ ਰੇਖਾ ’ਤੇ ਬਿਨਾਂ ਭੜਕਾਏ ਗੋਲੀਬੰਦੀ ਦੀ ਉਲੰਘਣਾ ਕੀਤੀ।’’ ਉਨ੍ਹਾਂ ਦੱਸਿਆ ਕਿ ਇਸ ਗੋਲਾਬਾਰੀ ਵਿੱਚ ਨਾਇਕ ਪ੍ਰੇਮ ਬਹਾਦਰ ਖੱਤਰੀ ਅਤੇ ਰਾਈਫਲਮੈਨ ਸੁਖਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਦਮ ਤੋੜ ਗਏ। ਵੀਰਵਾਰ ਨੂੰ ਪੁਣਛ ਜ਼ਿਲ੍ਹੇ ਵਿੱਚ ਪਾਕਿਸਤਾਨ ਵਲੋਂ ਕੀਤੀ ਗੋਲਾਬਾਰੀ ਵਿੱਚ ਸੂਬੇਦਾਰ ਸਵਤੰਤਰ ਸਿੰਘ ਸ਼ਹੀਦ ਹੋ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਸਿਪਾਹੀ ਸੁਖਬੀਰ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਐਕਸਗ੍ਰੇਸ਼ੀਆ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ