ਡੀ ਐੱਮ ਕੇ ਕਾਰਨ ਟੀ ਵੀ ਕੇ ਸੱਤਾ ’ਚ ਆਈ: M K Stalin
ਤਾਮਿਲ ਨਾਡੂ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣ ਤੋਂ ਰੋਕਣ ਲਈ ਦਾਅ ਖੇਡਿਆ ਸੀ
ਡੀ ਐੱਮ ਕੇ ਨੇ ਗੱਠਜੋੜ ਦੇ ਭਾਈਵਾਲਾਂ ਨੂੰ ਸੂਬੇ ਨੂੰ ਰਾਸ਼ਟਰਪਤੀ ਰਾਜ ਤੋਂ ਬਚਾਉਣ ਲਈ ਟੀ ਵੀ ਕੇ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੀ ਇਜਾਜ਼ਤ ਦਿੱਤੀ ਸੀ। ਇਹ ਦਾਅਵਾ ਡੀ ਐੱਮ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਅੱਜ ਕੀਤਾ।
ਚੇਨੱਈ ਵਿੱਚ ਸਮਾਗਮ ਦੌਰਾਨ ਅੰਨਾ ਡੀ ਐੱਮ ਕੇ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਭਾਈਵਾਲਾਂ ਨੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ, ‘‘ਤੁਸੀਂ ਜਾ ਸਕਦੇ ਹੋ, ਇਹ ਤੁਹਾਡੀ ਮਰਜ਼ੀ ਅਤੇ ਜਮਹੂਰੀ ਹੱਕ ਹੈ। ਮੈਂ ਤੁਹਾਨੂੰ ਨਹੀਂ ਰੋਕਾਂਗਾ।” ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਰਾਜ ਵਿੱਚ ਰਾਸ਼ਟਰਪਤੀ ਰਾਜ ਲੱਗਣ ਤੋਂ ਰੋਕਣਾ ਸੀ, ਜਿਸ ਦੇ ਲੱਗਣ ਬਾਅਦ ਸੂਬੇ ਵਿੱਚ ਭਾਜਪਾ ਲਈ ਰਾਹ ਖੁੱਲ੍ਹ ਸਕਦਾ ਸੀ।
ਸਟਾਲਿਨ ਨੇ ਕਿਹਾ ਕਿ ਮੌਜੂਦਾ ਸਰਕਾਰ ਉਨ੍ਹਾਂ ਪਾਰਟੀਆਂ ਦੇ ਸਮਰਥਨ ਨਾਲ ਚੱਲ ਰਹੀ ਹੈ ਜੋ ਪਹਿਲਾਂ ਡੀ ਐੱਮ ਕੇ ਗਠਜੋੜ ਦਾ ਹਿੱਸਾ ਸਨ ਅਤੇ ਜਿਨ੍ਹਾਂ ਨੇ ਡੀ ਐੱਮ ਕੇ ਨੂੰ ਸੱਤਾ ਵਿੱਚ ਲਿਆਉਣ ’ਚ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਨੇ ਖੁਦ ਕਈ ਮੌਕਿਆਂ ’ਤੇ ਮੰਨਿਆ ਹੈ ਕਿ ਉਨ੍ਹਾਂ ਨੇ ਟੀ ਵੀ ਕੇ ਨੂੰ ਸਮਰਥਨ ਦੇਣ ਤੋਂ ਪਹਿਲਾਂ ਡੀ ਐੱਮ ਕੇ ਪ੍ਰਧਾਨ ਨੂੰ ਜਾਣਕਾਰੀ ਦਿੱਤੀ ਸੀ। ਸਟਾਲਿਨ ਨੇ ਕਿਹਾ, ‘‘ਆਓ ਹੁਣ ਅਸੀਂ ਇਸ ਸਰਕਾਰ ਨੂੰ ਹਟਾਉਣ ਦਾ ਸੰਕਲਪ ਲਈਏ ਜਿਹੜੀ ਸਾਡੇ ਗੱਠਜੋੜ ਦੀ ਹਮਾਇਤ ਨਾਲ ਚੱਲ ਰਹੀ ਹੈ।’’ ਸਟਾਲਿਨ ਨੇ ਕਿਹਾ ਕਿ ਟੀ ਵੀ ਕੇ ਤਾਮਿਲ ਨਾਡੂ ’ਚ ਸੱਤਾ ਵਿੱਚ ਉਨ੍ਹਾਂ ਦੀ ਪਾਰਟੀ ਅਤੇ ਭਾਈਵਾਲਾਂ ਕਾਰਨ ਕਾਬਜ਼ ਹੋਈ ਹੈ। ਇਸ ਮੌਕੇ 1000 ਤੋਂ ਵਧ ਏ ਆਈ ਡੀ ਐੱਮ ਕੇ ਵਰਕਰਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਉਨ੍ਹਾਂ ਪਾਰਟੀ ਦੇ ਇਤਿਹਾਸ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪਾਰਟੀ ਦਾ ਗਠਨ 1949 ਵਿੱਚ ਹੋਇਆ ਸੀ ਤੇ ਇਸ ਨੇ 1975 ਵਿੱਚ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ ਸੀ। 1976 ਵਿੱਚ, ਡੀ ਐੱਮ ਕੇ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ 1989 ਤੱਕ ਪਾਰਟੀ ਚੋਣਾਂ ਨਹੀਂ ਜਿੱਤ ਸਕੀ ਅਤੇ ਸਰਕਾਰ ਨਹੀਂ ਬਣਾ ਸਕੀ। ਉਨ੍ਹਾਂ ਇਸ ਦੌਰਾਨ 2021 ਵਿੱਚ ਦੁਬਾਰਾ ਸਰਕਾਰ ਬਣਾਉਣ ਤੱਕ ਪਾਰਟੀ ਦੁਆਰਾ ਦੇਖੇ ਗਏ ਉਤਰਾਅ-ਚੜ੍ਹਾਅ ਨੂੰ ਯਾਦ ਕੀਤਾ। ਸੂਬੇ ਵਿੱਚ 23 ਅਪਰੈਲ ਨੂੰ ਚੋਣਾਂ ਹੋਈਆਂ ਸਨ, ਜਿਨ੍ਹਾਂ ਵਿੱਚ ਅਦਾਕਾਰ ਤੋਂ ਸਿਆਸਤਦਾਨ ਬਣੇ ਸੀ ਜੋਸਫ ਵਿਜੈ ਦੀ ਅਗਵਾਈ ਵਾਲੀ ਟੀ ਵੀ ਕੇ ਨੇ 108 ਸੀਟਾਂ ਜਿੱਤੀਆਂ ਸਨ, ਜੋ ਬਹੁਮਤ ਤੋਂ 10 ਸੀਟਾਂ ਘੱਟ ਸਨ। ਭਾਰਤੀ ਕਮਿਊਨਿਸਟ ਪਾਰਟੀ, ਸੀ ਪੀ ਐੱਮ, ਵੀ ਸੀ ਕੇ, ਆਈ ਯੂ ਐੱਮ ਐੱਲ ਅਤੇ ਕਾਂਗਰਸ ਨੇ ਟੀ ਵੀ ਕੇ ਨੂੰ ਹਮਾਇਤ ਦੇ ਕੇ ਸਰਕਾਰ ਬਣਾਉਣ ਵਿੱਚ ਮਦਦ ਕੀਤੀ ਸੀ।
ਅੰਨਾ ਡੀ ਐੱਮ ਕੇ ਦੇ ਚਾਰ ਸਾਬਕਾ ਮੰਤਰੀ ਟੀ ਵੀ ਕੇ ਵਿੱਚ ਸ਼ਾਮਲ
ਚੇਨਈ: ਅੰਦਰੂਨੀ ਸੰਕਟ ਦਾ ਸਾਹਮਣਾ ਕਰ ਰਹੀ ਅੰਨਾ ਡੀ ਐੱਮ ਕੇ ਨੂੰ ਉਦੋਂ ਹੋਰ ਝਟਕਾ ਲੱਗਿਆ ਜਦੋਂ ਉਸ ਦੇ ਚਾਰ ਸਾਬਕਾ ਮੰਤਰੀ ਟੀ ਵੀ ਕੇ ਵਿੱਚ ਸ਼ਾਮਲ ਹੋ ਗਏ। ਟੀ ਵੀ ਕੇ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਯੂ ਕੇ ਰਾਧਾਕਿਸ਼ਨਨ, ਐੱਮ ਸੀ ਸੰਪਤ, ਕੇ ਸੀ ਰਾਜੂ ਅਤੇ ਐੱਨ ਆਰ ਸ਼ਿਵਪਤੀ ਸ਼ਾਮਲ ਹਨ। ਇਹ ਸਾਰੇ ਆਗੂ ਟੀ ਵੀ ਕੇ ਜਨਰਲ ਸਕੱਤਰ ਆਨੰਦ ਅਤੇ ਆਧਵ ਅਰਜੁਨ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ।

