Trump Praises Modi: ਮੋਦੀ ਮਹਾਨ ਤੇ ਸਿਆਣੇ ਆਗੂ: ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਜੰਗ ਤੋਂ ਦੂਰ ਰਹਿਣ ਵਾਲਾ ਆਗੂ ਦੱਸਿਆ; ਭਾਰਤ ਨਾਲ ਹੁਣ ‘ਨਿਰਪੱਖ ਵਪਾਰ’ ਹੋ ਰਿਹੈ; G7 ਸੰਮੇਲਨ ਦੌਰਾਨ ਹੋਈ ਮੁਲਾਕਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਕੀਤੀ ਸ਼ਲਾਘਾ
ਅਮਰੀਕੀ ਰਾਸ਼ਟਰਪਤੀ Donald Trump ਨੇ ਭਾਰਤ ਦੇ ਪ੍ਰਧਾਨ ਮੰਤਰੀ Narendra Modi ਦੀ ਖੁੱਲ੍ਹ ਕੇ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ਮਹਾਨ ਆਗੂ ਕਰਾਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਮੋਦੀ ਜੰਗਾਂ ਤੋਂ ਦੂਰ ਰਹਿੰਦੇ ਹਨ ਅਤੇ ਇਹ ਇੱਕ ਸਮਝਦਾਰ ਆਗੂ ਦੀ ਨਿਸ਼ਾਨੀ ਹੈ।
ਅਮਰੀਕੀ ਮੀਡੀਆ ਸੰਸਥਾ Axios ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ, “ਮੋਦੀ ਬਹੁਤ ਵਧੀਆ ਹਨ। ਉਹ ਜੰਗਾਂ ਤੋਂ ਦੂਰ ਰਹਿੰਦੇ ਹਨ, ਜੋ ਕਿ ਇੱਕ ਸਿਆਣੀ ਗੱਲ ਹੈ। ਭਾਰਤ ਦੀ ਆਬਾਦੀ ਕਰੀਬ 1.5 ਅਰਬ ਹੈ ਅਤੇ ਅਸਲ ਵਿੱਚ ਇਹ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਮੋਦੀ ਇੱਕ ਮਹਾਨ ਆਗੂ ਹਨ ਅਤੇ ਅਸੀਂ ਭਾਰਤ ਨਾਲ ਕਾਫ਼ੀ ਵਪਾਰ ਕਰਦੇ ਹਾਂ ਪਰ ਹੁਣ ਇਹ ਵਪਾਰ ਨਿਰਪੱਖ ਤਰੀਕੇ ਨਾਲ ਹੋ ਰਿਹਾ ਹੈ।”
ਟਰੰਪ ਨੇ ਅੱਗੇ ਕਿਹਾ ਕਿ ਪਹਿਲਾਂ ਭਾਰਤ ਵਪਾਰਕ ਸਮਝੌਤਿਆਂ ਵਿੱਚ ਅਮਰੀਕਾ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦਾ ਸੀ। ਉਨ੍ਹਾਂ ਕਿਹਾ, “ਮੈਂ ਇਸ ਲਈ ਭਾਰਤ ਨੂੰ ਦੋਸ਼ ਨਹੀਂ ਦਿੰਦਾ। ਇਸ ਲਈ ਸਾਡੇ ਸਿਆਸਤਦਾਨ ਜ਼ਿੰਮੇਵਾਰ ਸਨ, ਜਿਨ੍ਹਾਂ ਨੇ ਅਜਿਹਾ ਹੋਣ ਦਿੱਤਾ।”
ਉਨ੍ਹਾਂ ਕਿਹਾ ਕਿ ਹੁਣ ਵੀ ਦੋਵੇਂ ਦੇਸ਼ਾਂ ਵਿਚਾਲੇ ਵੱਡੇ ਪੱਧਰ ’ਤੇ ਵਪਾਰ ਹੋ ਰਿਹਾ ਹੈ, ਹਾਲਾਂਕਿ ਭਾਰਤ ਸ਼ਾਇਦ ਮੌਜੂਦਾ ਹਾਲਾਤ ਤੋਂ ਇੰਨਾ ਖੁਸ਼ ਨਹੀਂ ਹੈ, ਕਿਉਂਕਿ ਪਹਿਲਾਂ ਉਸ ਨੂੰ ਵੱਧ ਫਾਇਦਾ ਹੁੰਦਾ ਸੀ। ਇਸ ਦੇ ਬਾਵਜੂਦ ਟਰੰਪ ਨੇ ਦੁਹਰਾਇਆ ਕਿ “ਮੋਦੀ ਬਹੁਤ ਵਧੀਆ ਨੇਤਾ ਹਨ।”
ਜ਼ਿਕਰਯੋਗ ਹੈ ਕਿ ਟਰੰਪ ਅਤੇ ਮੋਦੀ ਨੇ ਹਾਲ ਹੀ ਵਿੱਚ ਫਰਾਂਸ ਵਿੱਚ ਹੋਏ G7 ਸੰਮੇਲਨ ਦੌਰਾਨ ਮੁਲਾਕਾਤ ਕੀਤੀ ਸੀ। ਦੋਵੇਂ ਨੇਤਾਵਾਂ ਦੀ ਇਹ ਮੁਲਾਕਾਤ ਪਿਛਲੇ ਇੱਕ ਸਾਲ ਤੋਂ ਕੁਝ ਮੁੱਦਿਆਂ ’ਤੇ ਤਣਾਅਪੂਰਨ ਰਹੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖੀ ਜਾ ਰਹੀ ਹੈ।

