ਨਵੀਂ ਦਿੱਲੀ: ਮਾਣਿਕ ਸਾਹਾ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਹ ਬਿਪਲਬ ਕੁਮਾਰ ਦੇਬ ਦੀ ਥਾਂ ਲੈਣਗੇ ਜਿਨ੍ਹਾਂ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮਾਣਿਕ ਸਾਹਾ ਭਲਕੇ ਸਵੇਰੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਸਾਹਾ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ਵਿਚ ਅੱਜ ਆਗੂ ਚੁਣ ਲਿਆ ਗਿਆ। ਇਸ ਤੋਂ ਪਹਿਲਾਂ ਬਿਪਲਬ ਕੁਮਾਰ ਦੇਬ ਨੇ ਅੱਜ ਰਾਜ ਭਵਨ ਵਿਚ ਰਾਜਪਾਲ ਐੱਸ.ਐੱਨ. ਆਰੀਆ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਦੱਸਣਯੋਗ ਹੈ ਕਿ ਦੇਬ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਲਈ ਦਿੱਲੀ ਗਏ ਸਨ। ਭਾਜਪਾ ਨੇ ਉੱਤਰ-ਪੂਰਬੀ ਸੂਬਿਆਂ ਵਿਚ ਪਾਰਟੀ ਦੇ ਮਾਮਲਿਆਂ ਬਾਰੇ ਦਿੱਲੀ ਵਿਚ ਮੀਟਿੰਗ ਰੱਖੀ ਸੀ। ਤ੍ਰਿਪੁਰਾ ’ਚ ਭਾਜਪਾ ਦੀ ਸੂਬਾਈ ਇਕਾਈ ਵਿਚ ਅੰਦਰੂਨੀ ਖਿੱਚੋਤਾਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ। ਸੂਬੇ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹਨ। ਅੱਜ ਹੋਈ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਵਿਚ ਸੀਨੀਅਰ ਭਾਜਪਾ ਆਗੂ ਭੁਪੇਂਦਰ ਯਾਦਵ ਤੇ ਵਿਨੋਦ ਤਾਵੜੇ ਕੇਂਦਰੀ ਆਬਜ਼ਰਵਰ ਵਜੋਂ ਪੁੱਜੇ। ਇਸ ਮੌਕੇ ਸਾਹਾ ਨੂੰ ਸਰਬਸੰਮਤੀ ਨਾਲ ਨੇਤਾ ਚੁਣ ਲਿਆ ਗਿਆ। ਦੇਬ ਨੇ ਟਵੀਟ ਕਰਕੇ ਮਾਣਿਕ ਸਾਹਾ ਨੂੰ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਦਾ ਨਾਂ ਤੈਅ ਕਰਨ ਵਾਲੀ ਮੀਟਿੰਗ ਵਿੱਚ ਹੰਗਾਮਾ: ਤ੍ਰਿਪੁਰਾ ਦਾ ਨਵਾਂ ਮੁੱਖ ਮੰਤਰੀ ਤੈਅ ਕਰਨ ਲਈ ਅੱਜ ਹੋਈ ਮੀਟਿੰਗ ਵਿਚ ਖਾਸਾ ਹੰਗਾਮਾ ਹੋਇਆ। ਵਿਧਾਇਕ ਦਲ ਦੀ ਮੀਟਿੰਗ ਵਿਚ ਮੁੱਖ ਮੰਤਰੀ ਮਾਣਿਕ ਸਾਹਾ ਨੂੰ ਬਣਾਉਣ ’ਤੇ ਸਹਿਮਤੀ ਬਣੀ ਪਰ ਉਨ੍ਹਾਂ ਦਾ ਨਾਂ ਤੈਅ ਕਰਨ ਦੌਰਾਨ ਮੰਤਰੀ ਰਾਮ ਪ੍ਰਸਾਦ ਪੌਲ ਨੇ ਇਤਰਾਜ਼ ਜਤਾਇਆ। ਇਸ ਮੌਕੇ ਹੋਰ ਵਿਧਾਇਕਾਂ ਦੀ ਬਹਿਸ ਵੀ ਹੋਈ। ਮੰਤਰੀ ਪੌਲ ਨੇ ਇਸ ਦੌਰਾਨ ਕੁਰਸੀਆਂ ਵੀ ਤੋੜੀਆਂ। ਇਸ ਘਟਨਾ ਦਾ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਉਹ ਕਹਿੰਦੇ ਸੁਣ ਰਹੇ ਹਨ ਕਿ ਇਸ ਫੈਸਲੇ ਨਾਲ ਉਹ ਮਰ ਜਾਣਗੇ। -ਪੀਟੀਆਈ