ਪੰਜਾਬ ਵਿੱਚ ਟਰਾਂਸਪੋਰਟ ਕਾਮਿਆਂ ਦੀ ਹੜਤਾਲ ਖ਼ਤਮ
ਪੰਜਾਬ ਰੋਡਵੇਜ਼, ਪੀ ਆਰ ਟੀ ਸੀ ਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਸੂਬਾ ਪੱਧਰੀ ਹੜਤਾਲ ਅੱਜ ਪੰਜਵੇਂ ਦਿਨ ਖ਼ਤਮ ਕਰ ਦਿੱਤੀ ਗਈ। 30 ਨਵੰਬਰ ਨੂੰ ਬਣੀ ਸਹਿਮਤੀ ਕਸੂਤਾ ਪੇਚ ਫਸਣ ਕਰ ਕੇ ਟੁੱਟ ਗਈ ਸੀ ਪਰ ਅੱਜ ਵਿਚਕਾਰਲਾ ਰਾਹ ਹੜਤਾਲ ਵਾਪਸੀ ਤੱਕ ਅੱਪੜਿਆ। ਬਣੀ ਸਹਿਮਤੀ ਤਹਿਤ ਜਿੱਥੇ ਸਰਕਾਰ ਵੱਲੋਂ ਬਹਾਲੀ ਦਾ ਪੱਤਰ ਦਿਨ ’ਚ ਹੀ ਜਾਰੀ ਕੀਤਾ ਗਿਆ, ਉਥੇ ਜੇਲ੍ਹਾਂ ਵਿਚ ਬੰਦ ਵਰਕਰਾਂ ਨੂੰ ਰਾਤੀਂ ਰਿਹਾਅ ਕਰ ਦਿੱਤਾ ਗਿਆ। ਦੋਵਾਂ ਮੱਦਾਂ ਦੇ ਵਿਚਕਾਰ ਹੜਤਾਲ ਵੀ ਵਾਪਸ ਲੈਣੀ ਪਈ। ਉਂਜ ਇੰਸਪੈਕਟਰ ਗੁਰਪ੍ਰੀਤ ਸਮਰਾਓ ਅਤੇ ਹੋਰਾਂ ’ਤੇ ਕਥਿਤ ਹਮਲੇ ਵਾਲੇ ਆਗੂਆਂ ਦੀ ਰਿਹਾਈ ਅਜੇ ਨਹੀਂ ਹੋਈ, ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਦੇ ਕੇਸ ਦਰਜ ਹਨ। ਬੱਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਜਿੱਥੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਵੀ ਝੱਲਣਾ ਪਿਆ। ਇਸੇ ਦਰਮਿਆਨ ਸਰਕਾਰ ਵਿਵਾਦਤ ਕਿਲੋਮੀਟਰ ਸਕੀਮ ਦੇ ਟੈਂਡਰ ਖੋਲ੍ਹਣ ’ਚ ਕਾਮਯਾਬ ਰਹੀ। ਪੀ ਆਰ ਟੀ ਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਯੂਨੀਅਨ ਪ੍ਰਧਾਨ ਰੇਸ਼ਮ ਗਿੱਲ ਤੇ ਸਾਥੀ ਕੰਟਰੈਕਟ ਆਧਾਰਿਤ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਸਰਕਾਰ ਨੂੰ ਜਲਦੀ ਕਾਰਵਾਈ ਸ਼ੁਰੂ ਕਰਵਾਉਣ ਲਈ ਮਨਾਉਣ ’ਚ ਵੀ ਕਾਮਯਾਬ ਰਹੇ ਹਨ। ਉਨ੍ਹਾਂ ਕਿਹਾ ਕਿ ਸੇਵਾਵਾਂ ਰੈਗੂਲਰ ਨਾ ਕਰਨ ’ਤੇ ਉਹ ਮੁੜ ਸੰਘਰਸ਼ ਲਈ ਮਜਬੂਰ ਹੋਣਗੇ।
ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਧਾਲੀਵਾਲ ਅਨੁਸਾਰ ਰਾਤ ਤੱਕ 50 ਵਰਕਰ ਰਿਹਾਅ ਕਰ ਦਿੱਤੇ ਗਏ; 10 ਹਾਲੇ ਵੀ ਜੇਲ੍ਹ ’ਚ ਬੰਦ ਹਨ। ਉੱਧਰ, ਹਮਲੇ ਦੌਰਾਨ ਜ਼ਖ਼ਮੀ ਹੋਏ ਥਾਣਾ ਅਰਬਨ ਅਸਟੇਟ ਪਟਿਆਲਾ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਮਰਾਓ ਨੇ ਕਿਹਾ ਕਿ ਪੁਲੀਸ ਉੱਪਰ ਬੱਸ ਚੜ੍ਹਾਉਣ ਸਬੰਧੀ ਦਸ ਜਣਿਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਹੈ।
ਹੜਤਾਲਾਂ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ
ਨਾਭਾ (ਮੋਹਿਤ ਸਿੰਗਲਾ): ਪੈਪਸੂ ਰੋਡ ਟਰਾਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ), ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਇਹ ਸਾਲ ਦੀ 15ਵੀਂ ਹੜਤਾਲ ਸੀ, ਜਿਹੜੀ 28 ਨਵੰਬਰ ਨੂੰ ਸ਼ੁਰੂ ਹੋ ਕੇ ਅੱਜ ਖ਼ਤਮ ਹੋਈ ਹੈ। ਇਨ੍ਹਾਂ ਹੜਤਾਲਾਂ ਕਾਰਨ ਪੀ ਆਰ ਟੀ ਸੀ ਨੂੰ 14 ਕਰੋੜ ਅਤੇ ਪਨਬੱਸ ਤੇ ਪੰਜਾਬ ਰੋਡਵੇਜ਼ ਨੂੰ 9.6 ਕਰੋੜ ਦੇ ਮਾਲੀਏ ਦਾ ਨੁਕਸਾਨ ਝੱਲਣਾ ਪਿਆ ਹੈ। ਪੀ ਆਰ ਟੀ ਸੀ ਦੇ ਐੱਮ ਡੀ ਬੀ ਐੱਸ ਸ਼ੇਰਗਿੱਲ ਮੁਤਾਬਕ 100 ਬੱਸਾਂ ਆਪ ਖਰੀਦਣ ’ਤੇ ਪੀ ਆਰ ਟੀ ਸੀ ਨੂੰ 40 ਕਰੋੜ ਦੇ ਕਰੀਬ ਖਰਚਣੇ ਪੈਣਗੇ; ਕਿਲੋਮੀਟਰ ਸਕੀਮ ਤਹਿਤ ਬੱਸਾਂ ਪੀ ਆਰ ਟੀ ਸੀ ਨੂੰ ਰਕਮ ਲਗਾਏ ਬਿਨਾਂ ਵੱਧ ਮੁਨਾਫ਼ਾ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜ ਦਿਨਾਂ ਦੀ ਹੜਤਾਲ ਦੌਰਾਨ ਪੀ ਆਰ ਟੀ ਸੀ ਨੂੰ 3 ਕਰੋੜ ਦਾ ਨੁਕਸਾਨ ਹੋਇਆ। ਦੂਜੇ ਪਾਸੇ, ਕੱਚੇ ਮੁਲਾਜ਼ਮਾਂ ਦੀ ਯੂਨੀਅਨ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਨਾ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੇ ਹਨ ਤੇ ਨਾ ਹੀ ਅਦਾਰਿਆਂ ਦਾ ਨੁਕਸਾਨ ਕਰਨਾ ਚਾਹੁੰਦੇ ਹਾਂ ਪਰ ਉਨ੍ਹਾਂ ਨੂੰ ਹੜਤਾਲ ’ਤੇ ਜਾਣ ਨੂੰ ਮਜਬੂਰ ਕੀਤਾ ਜਾਂਦਾ ਹੈ।
